ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਗ੍ਰੰਥੀ ਸਿੰਘ ਨਾਲ ਵਾਪਰੀ ਘਟਨਾ ਦੀ ਪ੍ਰਧਾਨ ਹਰਜਿੰਦਰ ਧਾਮੀ ਨੇ ਕੀਤੀ ਨਿੰਦਾ
Friday, Aug 19, 2022 - 07:15 PM (IST)

ਅੰਮ੍ਰਿਤਸਰ (ਬਿਊਰੋ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਗ੍ਰੰਥੀ ਸਿੰਘ ਦੀ ਸੇਵਾ ਨਿਭਾਅ ਰਹੇ ਗਿਆਨੀ ਦਇਆ ਸਿੰਘ ਨਾਲ ਵਾਪਰੀ ਲੁੱਟ-ਖੋਹ ਦੀ ਘਟਨਾ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਪਾਕਿਸਤਾਨ ਅੰਦਰ ਘੱਟਗਿਣਤੀ ਸਿੱਖਾਂ ਨਾਲ ਧੱਕੇਸ਼ਾਹੀ ਦੀਆਂ ਪਹਿਲਾਂ ਵੀ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਸ ਕਾਰਨ ਉਥੇ ਵਸ ਰਹੇ ਸਿੱਖ ਅਸੁਰੱਖਿਅਤ ਮਹਿਸੂਸ ਕਰਦੇ ਹਨ।
ਇਹ ਖ਼ਬਰ ਵੀ ਪੜ੍ਹੋ : ਵਿਜੀਲੈਂਸ ਵੱਲੋਂ RTA ਦਫ਼ਤਰ ਸੰਗਰੂਰ ’ਚ ਵੱਡੇ ਘਪਲੇ ਦਾ ਪਰਦਾਫ਼ਾਸ਼, ਦੋ ਕਲਰਕਾਂ ਸਣੇ ਤਿੰਨ ਗ੍ਰਿਫ਼ਤਾਰ
ਉਨ੍ਹਾਂ ਕਿਹਾ ਕਿ ਭਾਈ ਦਇਆ ਸਿੰਘ ਨੂੰ ਆਪਣੇ ਸਾਥੀ ਸਿੰਘ ਨਾਲ ਸ੍ਰੀ ਨਨਕਾਣਾ ਸਾਹਿਬ ਤੋਂ ਗੁਰਦੁਆਰਾ ਸੱਚਾ ਸੌਦਾ ਵੱਲ ਜਾਂਦਿਆਂ ਰਸਤੇ ’ਚ ਬੰਦੂਕ ਦੀ ਨੋਕ ’ਤੇ ਬੰਦੀ ਬਣਾ ਕੇ ਲੁੱਟ ਕਰਨੀ ਸਿੱਖਾਂ ਨੂੰ ਡਰਾਉਣ ਵਾਲੀ ਘਟੀਆ ਹਰਕਤ ਹੈ। ਐਡਵੋਕੇਟ ਧਾਮੀ ਨੇ ਮੰਗ ਕੀਤੀ ਕਿ ਇਸ ਘਟਨਾ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਸਿੱਖਾਂ ਅੰਦਰ ਬੇਗਾਨਗੀ ਦੀ ਭਾਵਨਾ ਨਾ ਪੈਦਾ ਹੋਵੇ।