ਹਾਲ ਬਾਜ਼ਾਰ ਸਥਿਤ ਕਾਂਗਰਸ ਭਵਨ ਟਰੱਸਟ ਭੰਗ

Monday, Oct 15, 2018 - 04:21 AM (IST)

ਹਾਲ ਬਾਜ਼ਾਰ ਸਥਿਤ ਕਾਂਗਰਸ ਭਵਨ ਟਰੱਸਟ ਭੰਗ

ਅੰਮ੍ਰਿਤਸਰ,  (ਜ. ਬ.)-  ਐਤਵਾਰ ਨੂੰ ਹਾਲ ਬਾਜ਼ਾਰ ਸਥਿਤ ਕਾਂਗਰਸ ਭਵਨ ’ਚ ਜ਼ਿਲਾ ਕਾਂਗਰਸ  ਦੇ ਅਹੁਦੇਦਾਰਾਂ, ਕੌਂਸਲਰਾਂ ਤੇ ਵਰਕਰਾਂ ਦੀ ਹੋਈ ਬੈਠਕ ਵਿਚ ਕਾਂਗਰਸ ਭਵਨ ਟਰੱਸਟ ਨੂੰ  ਭੰਗ ਕਰ ਦਿੱਤਾ ਗਿਆ। ਉਥੇ ਹੀ ਉਸ ਦਾ ਪ੍ਰਬੰਧ ਜ਼ਿਲਾ ਕਾਂਗਰਸ ਕਮੇਟੀ ਸੰਭਾਲੇਗੀ। ਸੰਸਦ ਮੈਂਬਰ,  ਮੰਤਰੀਆਂ ਤੇ ਵਿਧਾਇਕਾਂ ਦੀ ਸਹਿਮਤੀ ਨਾਲ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਜੁਗਲ ਕਿਸ਼ੋਰ  ਸ਼ਰਮਾ ਦੀ ਪ੍ਰਧਾਨਗੀ ’ਚ ਹੋਈ ਬੈਠਕ ਵਿਚ ਸਾਬਕਾ ਕੌਂਸਲਰ ਧਰਮਵੀਰ ਸਰੀਨ ਨੇ ਉਕਤ  ਪ੍ਰਸਤਾਵ ਰੱਖਿਆ, ਜਿਸ ਦਾ ਸਮਰਥਨ ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ ਅਤੇ ਡਿਪਟੀ ਮੇਅਰ  ਯੂਨਿਸ ਕੁਮਾਰ  ਨੇ ਕੀਤਾ।
ਇਸ ਦੌਰਾਨ ਕੌਂਸਲਰ ਵਿਕਾਸ ਸੋਨੀ ਨੇ ਹਰ ਕਾਂਗਰਸੀ ਕੌਂਸਲਰ  ਦੇ ਇਕ ਮਹੀਨੇ ਦੀ ਤਨਖਾਹ ਜ਼ਿਲਾ ਕਾਂਗਰਸ ਕਮੇਟੀ ਸ਼ਹਿਰੀ ਨੂੰ ਦੇਣ ਦਾ ਪ੍ਰਸਤਾਵ ਰੱਖਿਆ,  ਜਿਸ ਨੂੰ ਉਥੇ ਮੌਜੂਦ ਕੌਂਸਲਰਾਂ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਸਰੀਨ ਨੇ ਮਨਜ਼ੂਰੀ  ਲਈ ਪੇਸ਼ ਕੀਤੇ ਪ੍ਰਸਤਾਵ ਵਿਚ ਕਿਹਾ ਕਿ ਜ਼ਿਲਾ ਕਾਂਗਰਸ ਕਮੇਟੀ ਦੇ ਧਿਆਨ ’ਚ ਆਇਆ ਹੈ ਕਿ  ਕਾਂਗਰਸ ਭਵਨ ਟਰੱਸਟ ਵੱਲੋਂ ਕੁਤਾਹੀਆਂ ਕੀਤੀਆਂ ਜਾ ਰਹੀਆਂ ਹਨ, ਇਸ ਲਈ ਸੰਸਦ ਮੈਂਬਰ,  ਮੰਤਰੀਆਂ ਤੇ ਵਿਧਾਇਕਾਂ ਦੀ ਸਹਿਮਤੀ ਨਾਲ ਕਾਂਗਰਸ ਦਾ ਜਨਰਲ ਹਾਊਸ ਬੁਲਾਇਆ ਗਿਆ ਹੈ, ਜਿਸ  ਵਿਚ ਕੌਂਸਲਰ, ਅਹੁਦੇਦਾਰ, ਬਲਾਕ ਪ੍ਰਧਾਨ ਵੀ ਸ਼ਾਮਿਲ ਹਨ।
ਪ੍ਰਸਤਾਵ ਅਨੁਸਾਰ ਗਾਂਧੀ  ਬਾਜ਼ਾਰ (ਹਾਲ ਬਾਜ਼ਾਰ) ਸਥਿਤ ਕਾਂਗਰਸ ਭਵਨ ਟਰੱਸਟ ਨੂੰ ਭੰਗ ਕੀਤਾ ਜਾਵੇ। ਟਰੱਸਟ ਨੂੰ  ਭਵਨ ਦੀ ਬਿਲਡਿੰਗ ਤੋਂ ਹੋਣ ਵਾਲੀ ਆਮਦਨ ਅਤੇ ਟਰੱਸਟ ਦੇ ਬੈਂਕ ਖਾਤਿਆਂ ਵਿਚ ਜਮ੍ਹਾ ਪੈਸੇ  ਤੁਰੰਤ ਕਾਂਗਰਸ ਨੂੰ ਦਿੱਤੇ ਜਾਣ। ਜੋ ਵੀ ਵਾਹਨ ਟਰੱਸਟ ਕੋਲ ਹੈ, ਉਸ ਨੂੰ ਕਾਂਗਰਸ  ਕਮੇਟੀ ਨੂੰ ਸੌਂਪਿਆ ਜਾਵੇ। ਟਰੱਸਟ ਦੇ ਚੇਅਰਮੈਨ ਅਤੇ ਮੈਂਬਰਾਂ ਨੂੰ ਮਿਲ ਰਹੀਆਂ  ਸਹੂਲਤਾਂ ਨੂੰ ਬੰਦ ਕੀਤਾ ਜਾਵੇ। ਕਾਂਗਰਸ ਭਵਨ ਟਰੱਸਟ ਦੇ ਜੋ ਕਿਰਾਏਦਾਰ ਹਨ ਉਹ ਕਾਂਗਰਸ  ਕਮੇਟੀ ਦੇ ਕਿਰਾਏਦਾਰ ਹੋਣਗੇ। ਉਨ੍ਹਾਂ ਦੇ ਨਾਲ ਨਵੇਂ ਕਿਰਾਏਨਾਮੇ ਲਿਖੇ ਜਾਣਗੇ ਅਤੇ ਜਿਸ  ਵੀ ਬੈਂਕ ਵਿਚ ਟਰੱਸਟ ਦੇ ਖਾਤੇ ਹਨ, ਉਨ੍ਹਾਂਂ ਵਿਚ ਤੁਰੰਤ ਲੈਣ-ਦੇਣ ਬੰਦ ਕੀਤਾ ਜਾਵੇ।  ਕਾਂਗਰਸ ਭਵਨ ਟਰੱਸਟ ਦੇ ਨਾਂ 'ਤੇ ਕਰੀਬ 20 ਲੱਖ ਰੁਪਏ ਦੀ ਐੱਫ. ਡੀ. ਹੈ, ਉਹ ਆਲ  ਇੰਡੀਆ ਕਾਂਗਰਸ ਕਮੇਟੀ ਨੂੰ ਭੇਜੀ ਜਾਵੇ।
ਜ਼ਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਜੁਗਲ  ਕਿਸ਼ੋਰ ਸ਼ਰਮਾ ਨੇ ਕਿਹਾ ਕਿ ਭਵਨ ਦੀ ਜ਼ਮੀਨ ਨਗਰ ਸੁਧਾਰ ਟਰੱਸਟ ਵੱਲੋਂ ਜ਼ਿਲਾ ਕਾਂਗਰਸ ਕਮੇਟੀ  ਦੇ ਨਾਂ ਅਲਾਟ ਕੀਤੀ ਗਈ ਸੀ। ਤੱਤਕਾਲੀਨ ਜ਼ਿਲਾ ਕਾਂਗਰਸ ਦੇ ਪ੍ਰਧਾਨ ਪ੍ਰਿਥਵੀਪਾਲ ਸਿੰਘ  ਨੇ ਟਰੱਸਟ ਨੂੰ ਪੱਤਰ ਲਿਖ ਕੇ ਉਕਤ ਜ਼ਮੀਨ ਨੂੰ ਕਾਂਗਰਸ ਭਵਨ ਟਰੱਸਟ  ਦੇ ਨਾਂ ਕਰਨ ਨੂੰ  ਕਿਹਾ ਸੀ। ਹਾਲਾਂਕਿ ਉਸ ਸਮੇਂ ਉਕਤ ਪੱਤਰ 'ਤੇ ਕਿਸੇ ਹੋਰ ਕਾਂਗਰਸੀ ਨੇਤਾ ਜਾਂ ਵਰਕਰ ਦੇ  ਹਸਤਾਖਰ ਨਹੀਂ ਸਨ। ਬਾਵਜੂਦ ਇਸ ਦੇ ਉਕਤ ਜ਼ਮੀਨ ਨੂੰ ਟਰੱਸਟ ਦੇ ਨਾਂ ਤਬਦੀਲ ਕਰ ਦਿੱਤਾ  ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਕਾਂਗਰਸ ਦੇ ਜਨਰਲ ਹਾਊਸ ਨੇ ਫਿਰ ਤੋਂ ਜ਼ਿਲਾ ਕਾਂਗਰਸ  ਕਮੇਟੀ ਨੂੰ ਹੀ ਪ੍ਰਬੰਧ ਚਲਾਉਣ ਦਾ ਪ੍ਰਸਤਾਵ ਪਾਸ ਕਰ ਦਿੱਤਾ ਹੈ, ਇਸ ਲਈ ਭਵਿੱਖ ਵਿਚ  ਸਾਰੀ ਕਮਾਨ ਜ਼ਿਲਾ ਕਾਂਗਰਸ ਦੀ ਰਹੇਗੀ।
ਸ਼ਰਮਾ ਅਨੁਸਾਰ ਟਰੱਸਟ ਦੇ ਚੇਅਰਮੈਨ ਵਾਲਾ  ਕਮਰਾ ਕੌਂਸਲਰਾਂ ਨੂੰ ਅਲਾਟ ਕੀਤਾ ਗਿਆ ਹੈ। ਕਾਂਗਰਸ ਭਵਨ ’ਚ ਆਉਣ ਵਾਲੇ ਕੌਂਸਲਰ ਉਥੇ  ਬੈਠ ਸਕਣਗੇ। ਇਸ ਮੌਕੇ ਅਸ਼ਵਨੀ ਪੱਪੂ, ਰਾਜੇਸ਼ ਮਦਾਨ, ਸੋਨੂੰ ਦੱਤਾ, ਸੰਦੀਪ ਰਿੰਕਾ,  ਰਾਜਵੀਰ ਸ਼ਰਮਾ, ਸੰਜੀਵ ਅਰੋੜਾ, ਨਵਦੀਪ ਹੁੰਡਲ, ਗਿਰੀਸ਼ ਸ਼ਰਮਾ, ਪਰਮਜੀਤ ਬੱਤਰਾ, ਹਰਿਦੇਵ  ਸ਼ਰਮਾ, ਜਗਵਿੰਦਰ ਜੱਜ, ਰਾਮਪਾਲ ਸਿੰਘ, ਪ੍ਰਮੋਦ ਬਬਲਾ, ਟਹਿਲ ਸਿੰਘ, ਅੰਮ੍ਰਿਤਪਾਲ,  ਲਖਨਪਾਲ ਆਦਿ ਹਾਜ਼ਰ ਸੀ।
 


Related News