ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ 50ਵੇਂ ਸਥਾਪਨੇ ਵਰ੍ਹੇ ’ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਗਏ ਭੋਗ

Thursday, Sep 01, 2022 - 03:21 PM (IST)

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ 50ਵੇਂ ਸਥਾਪਨੇ ਵਰ੍ਹੇ ’ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਗਏ ਭੋਗ

ਅੰਮ੍ਰਿਤਸਰ (ਸਰਬਜੀਤ) - ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ 50ਵੇਂ ਸਥਾਪਨਾ ਵਰ੍ਹੇ (1972-2022) ਦੀ ਸੰਪੂਰਨਤਾ ਦੇ ਸਬੰਧ ਵਿੱਚ ਸ਼ੁਕਰਾਨਾ ਅਤੇ ਅਗਲੇਰੇ ਸਮੇਂ ਲਈ ਜਥੇਬੰਦੀ ਦੀ ਚੜ੍ਹਦੀ ਕਲਾ ਲਈ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਅਸਥਾਨ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਸਮੇਂ ਸਟੱਡੀ ਸਰਕਲ ਪੰਜਾਬ ਅਤੇ ਬਾਹਰਲੇ ਸੂਬਿਆਂ ਤੋਂ ਪ੍ਰਮੁੱਖ ਅਹੁਦੇਦਾਰ ਅਤੇ ਸਮੂਹ ਸੇਵਾਦਾਰ ਸ਼ਾਮਲ ਹੋਏ। ਇਸ ਸਮਾਗਮ ਵਿਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਗਿ. ਮਲਕੀਤ ਸਿੰਘ ਐਡੀ. ਹੈਡ ਗ੍ਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ, ਐਡਵੋਕੇਟ ਹਰਜਿੰਦਰ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ ਆਦਿ ਸ਼ਾਮਲ ਸਨ। 

ਇਸ ਦੌਰਾਨ ਭਾਈ ਬਲਜੀਤ ਸਿੰਘ ਅਰਦਾਸੀਏ ਸਿੰਘ ਸ੍ਰੀ ਦਰਬਾਰ ਸਾਹਿਬ ਵੱਲੋਂ ਸ਼ੁਕਰਾਨੇ ਅਤੇ ਜਥੇਬੰਦੀ ਦੇ ਕਾਰਜਾਂ ਵਿਚ ਹੋਰ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ। ਸਟੇਜ ਦੀ ਸੇਵਾ ਸੰਭਾਲਦਿਆਂ ਸ. ਗੁਰਮੀਤ ਸਿੰਘ ਨੇ ਜਥੇਬੰਦੀਆਂ ਦੀ 50 ਸਾਲ ਦੀਆਂ ਅਕਾਦਮਿਕ, ਧਾਰਮਿਕ, ਸਮਾਜਿਕ ਖੇਤਰ ’ਚ ਕੀਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਕਿਹਾ ਕਿ ਇਹ ਜਥੇਬੰਦੀ ਪੰਜਾਬ ਦੀਆਂ ਲਗਭਗ ਸਾਰੀਆਂ ਯੂਨੀਵਰਸਿਟੀਆਂ, ਕਾਲਜਾਂ, ਸਕੂਲਾਂ ਵਿਚ ਨੈਤਿਕ ਕਦਰਾਂ ਕੀਮਤਾਂ ਦੀ ਬਹਾਲੀ ਲਈ ਕੰਮ ਕਰਨ ਲਈ ਅਧਕਾਰਿਕ ਹੈ। ਸਿੰਘ ਸਾਹਿਬ ਗਿ. ਜਗਤਾਰ ਸਿੰਘ ਅਤੇ ਸਿੰਘ ਸਾਹਿਬ ਗਿ. ਗੁਰਮਿੰਦਰ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਵੱਲੋਂ ਸਟੱਡੀ ਸਰਕਲ ਦੇ ਸੇਵਾਦਾਰਾਂ ਨੂੰ ਅਸੀਸਾਂ ਦਿੰਦੇ ਹੋਏ ਉਨ੍ਹਾਂ ਦੇ ਪਿਛਲੇ 50 ਸਾਲਾ 'ਚ ਕੀਤੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਕਾਰਜਾਂ ਨੂੰ ਚਾਲੂ ਰੱਖਣ ਲਈ ਕਾਮਨਾ ਕੀਤੀ।

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਸੰਬੋਧਨ ਵਿਚ ਵਧਾਈ ਦਿੰਦਿਆਂ ਇਸ ਚੀਜ਼ ਦੀ ਖੁਸ਼ੀ ਪ੍ਰਗਟਾਈ ਕਿ ਇਹ ਜਥੇਬੰਦੀ ਸਮੁੱਚੇ ਪੰਜਾਬ, ਭਾਰਤ ਦੇ ਹੋਰ ਰਾਜਾਂ ਅਤੇ ਵਿਦੇਸ਼ਾਂ ਵਿਚ ਸਿੱਖੀ ਪ੍ਰਚਾਰ ਹਿੱਤ ਕਾਰਜਸ਼ੀਲ ਹੈ। ਇਸ ਦੇ ਪ੍ਰਮੁੱਖ ਅਹੁਦੇਦਾਰ ਪਿਛਲੇ ਪੰਜਾਹ ਸਾਲਾਂ ਤੋਂ ਲਗਾਤਾਰ ਨਿਸ਼ਕਾਮ ਸੇਵਾ ਕਰ ਰਹੇ ਹਨ ਅਤੇ ਆਪਣੀ ਕਿਰਤ ਦੇ ਨਾਲ-ਨਾਲ ਆਪਣੇ ਦਸਵੰਧ ਵੀ ਪ੍ਰਚਾਰ ਕਾਰਜਾਂ ਵਿਚ ਪਾ ਰਹੇ ਹਨ। ਉਨ੍ਹਾਂ ਨੇ ਸਟੱਡੀ ਸਰਕਲ ਨੂੰ ਹੋਰ ਵੱਧ ਚੜ੍ਹ ਕੇ ਵਿਦਿਅਕ ਅਦਾਰਿਆਂ ਦੇ ਨਾਲ-ਨਾਲ ਪੇਂਡੂ ਖੇਤਰ ਵਿਚ ਪ੍ਰਚਾਰ ਨੂੰ ਹੋਰ ਤਿੱਖਾ ਕਰਨ ਦੀ ਅਪੀਲ ਕੀਤੀ। ਉਪਰੋਕਤ ਸਮੂਹ ਸਿੰਘ ਸਾਹਿਬਾਨ ਅਤੇ ਪ੍ਰਧਾਨ ਐੱਸ.ਜੀ.ਪੀ.ਸੀ ਨੇ ਸਟੱਡੀ ਸਰਕਲ ਦੇ ਪਰਮੁੱਖ ਅਹੁਦੇਦਾਰ, ਚੇਅਰਮੈਨ ਸ. ਜਤਿੰਦਰਪਾਲ ਸਿੰਘ, ਸ. ਪਿਰਥੀ ਸਿੰਘ ਖਾਲਸਾ ਸਕੱਤਰ ਜਨਰਲ, ਸ. ਗੁਰਮੀਤ ਸਿੰਘ ਫਾਊਂਡਰ ਪ੍ਰਧਾਨ ਆਦਿ ਨੂੰ ਸਨਮਾਨਿਤ ਕੀਤਾ।
 


author

rajwinder kaur

Content Editor

Related News