BSF ਤੇ ANTF ਦਾ ਸਾਂਝਾ ਆਪ੍ਰੇਸ਼ਨ: ਗੈਂਗਸਟਰ ਹੈਪੀ ਜੱਟ ਨਿਕਲਿਆ 26 ਕਿਲੋ ਹੈਰੋਇਨ ਦਾ ਮਾਸਟਰਮਾਈਂਡ
Friday, Sep 19, 2025 - 03:00 PM (IST)

ਅੰਮ੍ਰਿਤਸਰ (ਨੀਰਜ)- ਬੀ. ਐੱਸ. ਐੱਫ. ਅਤੇ ਏ. ਐੱਨ. ਟੀ. ਐੱਫ. ਵੱਲੋਂ ਦੇਰ ਰਾਤ ਚਲਾਏ ਗਏ ਸਾਂਝੇ ਆਪ੍ਰੇਸ਼ਨ ਦੌਰਾਨ ਬਰਾਮਦ ਕੀਤੀ ਗਈ 26 ਕਿਲੋ ਹੈਰੋਇਨ ਦੇ ਮਾਮਲੇ ’ਚ ਵੱਡਾ ਖੁਲਾਸਾ ਹੋਇਆ ਹੈ। ਇਸ ਸਮੱਗਲਿੰਗ ਰੈਕੇਟ ਦਾ ਮਾਸਟਰਮਾਈਂਡ ਜੰਡਿਆਲਾ ਗੁਰੂ ਦਾ ਖਤਰਨਾਕ ਗੈਂਗਸਟਰ ਹੈਪੀ ਜੱਟ ਨਿਕਲਿਆ ਹੈ। ਪੁਲਸ ਕਮਿਸ਼ਨਰ ਦਫ਼ਤਰ ਵੱਲੋਂ ਫੜੀ ਗਈ 9 ਕਿਲੋ ਹੈਰੋਇਨ ਦੇ ਮਾਮਲੇ ’ਚ ਵੀ ਹੈਪੀ ਜੱਟ ਦਾ ਨਾਂ ਸਾਹਮਣੇ ਆਇਆ ਹੈ ਜੋ ਅਮਰੀਕਾ ’ਚ ਬੈਠ ਕੇ ਪਾਕਿਸਤਾਨੀ ਸਮੱਗਲਰਾਂ ਨਾਲ ਮਿਲੀਭੁਗਤ ਕਰ ਕੇ ਆਪਣੇ ਗੁਰਗਿਆਂ ਰਾਹੀਂ ਹੈਰੋਇਨ ਅਤੇ ਹਥਿਆਰਾਂ ਦਾ ਨੈੱਟਵਰਕ ਚਲਾ ਰਿਹਾ ਹੈ।ਬੀਤੀ ਦੇਰ ਰਾਤ ਇਕ ਜੁਆਇੰਟ ਟੀਮ ਵੱਲੋਂ 26 ਕਿਲੋਗ੍ਰਾਮ ਦੀ ਖੇਪ ਸਮੇਤ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਸਮੱਗਲਰ ਸਾਜਨ ਸਿੰਘ ਉਰਫ਼ ਬਿੱਲਾ ਹੈ, ਜੋ ਕਿ ਬਹਿੜਵਾਲ ਪਿੰਡ ਦਾ ਰਹਿਣ ਵਾਲਾ ਹੈ, ਜੋ ਕਿ ਥਾਣਾ ਲੋਪੋਕੇ ਦੇ ਅਧਿਕਾਰ ਖੇਤਰ ’ਚ ਆਉਂਦਾ ਹੈ। ਸਾਜਨ ਰਣਜੀਤ ਐਵੇਨਿਊ ’ਤੇ ਇਕ ਸੈਲੂਨ ’ਚ ਹੇਅਰ ਡਰੈੱਸਰ ਵਜੋਂ ਕੰਮ ਕਰ ਰਿਹਾ ਸੀ ਅਤੇ ਸੋਸ਼ਲ ਮੀਡੀਆ ਨੈੱਟਵਰਕ ਰਾਹੀਂ ਹੈਪੀ ਜੱਟ ਦੇ ਸੰਪਰਕ ’ਚ ਸੀ। ਈਜ਼ੀ ਮਨੀ ਅਤੇ ਜਲਦੀ ਅਮੀਰੀ ਦੀ ਇੱਛਾ ਕਾਰਨ ਸਾਜਨ ਸਮੱਗਲਰਾਂ ਦੇ ਜਾਲ ’ਚ ਫਸ ਗਿਆ।
ਇਹ ਵੀ ਪੜ੍ਹੋ-ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਲਈ ਕਾਂਗਰਸ ਨੇ ਸੁਖਬਿੰਦਰ ਸਿੰਘ ਸਰਕਾਰੀਆ ਨੂੰ ਬਣਾਇਆ ਇੰਚਾਰਜ
ਪਿੰਡ ਡੱਲੇਕੇ ’ਚ ਉਤਾਰੀ ਜਾਂਦੀ ਸੀ ਖੇਪ, 2 ਮਹੀਨਿਆਂ ਤੋਂ ਕਰ ਰਿਹਾ ਸੀ ਰਿਸੀਵ
26 ਕਿਲੋਗ੍ਰਾਮ ਹੈਰੋਇਨ ਦੀ ਖੇਪ ਡਰੋਨ ਰਾਹੀਂ ਸਰਹੱਦੀ ਪਿੰਡ ਡੱਲੇਕੇ (ਜੋ ਕਿ ਥਾਣਾ ਲੋਪੋਕੇ ਦੇ ਅਧਿਕਾਰ ਖੇਤਰ ’ਚ ਆਉਂਦਾ ਹੈ) ਵਿਚ ਸੁੱਟੀ ਗਈ ਸੀ। ਹਾਲਾਂਕਿ ਇਹ ਪਿੰਡ ਭਾਰਤ-ਪਾਕਿਸਤਾਨ ਸਰਹੱਦ ਤੋਂ ਪੰਜ ਤੋਂ ਛੇ ਕਿਲੋਮੀਟਰ ਦੂਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਾਜਨ ਉਰਫ਼ ਬਿੱਲਾ ਪਿਛਲੇ ਦੋ ਮਹੀਨਿਆਂ ਤੋਂ ਹੈਰੋਇਨ ਦੀਆਂ ਖੇਪਾਂ ਪ੍ਰਾਪਤ ਕਰ ਰਿਹਾ ਸੀ। ਉਸ ਨੇ ਕਿੰਨੀਆਂ ਖੇਪਾਂ ਪਹੁੰਚਾਈਆਂ ਹਨ ਅਤੇ ਕਿਸ ਨੂੰ ਪਹੁੰਚਾਈਆਂ ਹਨ, ਇਸ ਦੀ ਅਜੇ ਵੀ ਜਾਂਚ ਚੱਲ ਰਹੀ ਹੈ। ਬਿੱਲਾ ਇੰਨਾ ਬੇਖੌਫ ਹੋ ਗਿਆ ਸੀ ਕਿ ਉਹ ਰਾਤ ਨੂੰ ਆਪਣੇ ਮੋਟਰਸਾਈਕਲ ’ਤੇ ਇੰਨੀ ਵੱਡੀ ਖੇਪ ਇਕੱਲਾ ਪਹੁੰਚਾਉਣ ਜਾ ਰਿਹਾ ਸੀ ਪਰ ਉਹ ਬੀ. ਐੱਸ. ਐੱਫ. ਅਤੇ ਏ. ਐੱਨ. ਟੀ. ਐੱਫ. ਦੇ ਟ੍ਰੈਪ ’ਚ ਫਸ ਗਿਆ।
ਇਹ ਵੀ ਪੜ੍ਹੋ-ਹੜ੍ਹਾਂ ਦਰਮਿਆਨ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵੈੱਬਸਾਈਟ ਤਿਆਰ, ਸਿੰਘ ਸਾਹਿਬ ਨੇ ਦਿੱਤੀ ਜਾਣਕਾਰੀ
ਸਰਹੱਦ ’ਤੇ ਉਡਾਏ ਜਾ ਰਹੇ ਹਨ ਵੱਡੇ ਡਰੋਨ
ਸਮੱਗਲਰ ਆਮ ਤੌਰ ’ਤੇ ਅੱਧਾ ਕਿਲੋਗ੍ਰਾਮ ਭਾਰ ਚੁੱਕਣ ਦੇ ਸਮਰੱਥ ਛੋਟੇ ਡਰੋਨ ਉਡਾਉਂਦੇ ਹਨ। ਹਾਲਾਂਕਿ ਇਸ ਖੇਪ ਦੀ ਬਰਾਮਦਗੀ ਨੇ ਸਾਬਤ ਕਰ ਦਿੱਤਾ ਹੈ ਕਿ ਸਮੱਗਲਰ ਹੁਣ ਘੱਟੋ-ਘੱਟ 5 ਤੋਂ 7 ਕਿਲੋ ਭਾਰ ਚੁੱਕਣ ਦੇ ਸਮਰੱਥ ਵੱਡੇ ਡਰੋਨ ਉਡਾ ਰਹੇ ਹਨ। ਹਾਲ ਹੀ ਵਿਚ ਬੀ. ਐੱਸ. ਐੱਫ. ਵੱਲੋਂ ਸਰਹੱਦੀ ਪਿੰਡ ਬੱਲੜਵਾਲ ’ਚ ਇਕ ਹੈਗਜਕਾਪਟਰ ਡਰੋਨ ਵੀ ਬਰਾਮਦ ਕੀਤਾ ਗਿਆ ਸੀ। ਇਹ ਡਰੋਨ 7 ਤੋਂ 8 ਕਿਲੋਮੀਟਰ ਅੰਦਰ ਤੱਕ ਆ ਜਾਂਦੇ ਹਨ ਅਤੇ ਆਸਾਨੀ ਨਾਲ ਖੇਪ ਨੂੰ ਿਡਲੀਵਰ ਕਰ ਕੇ ਵਾਪਸ ਪਰਤ ਜਾਂਦੇ ਹਨ।
ਇਹ ਵੀ ਪੜ੍ਹੋ-ਪਰਵਾਸੀਆਂ ਦਾ ਇਕ ਹੋਰ ਹਮਲਾ: ਅੰਮ੍ਰਿਤਸਰ ‘ਚ ਦੋ ਸਿੱਖ ਭਰਾਵਾਂ ਦੀ ਕੁੱਟਮਾਰ ਤੇ ਦਸਤਾਰਾਂ ਦੀ ਕੀਤੀ ਬੇਅਦਬੀ
ਬੀ. ਐੱਸ. ਐੱਫ., ਏ. ਐੱਨ. ਟੀ. ਐੱਫ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਰਿਕਵਰੀ
ਆਈ. ਸੀ. ਪੀ. ਅਟਾਰੀ ’ਤੇ ਪੰਜਾਬ ਦੀ ਸਭ ਤੋਂ ਵੱਡੀ ਖੇਪ 532 ਕਿਲੋਗ੍ਰਾਮ ਅਤੇ 52 ਕਿਲੋਗ੍ਰਾਮ ਮਿਕਸਡ ਨਾਰਕੋਟਿਕਸ ਦੀ ਫੜੀ ਗਈ ਹੈ ਅਤੇ ਆਈ. ਸੀ. ਪੀ ’ਤੇ 100 ਕਿਲੋਗ੍ਰਾਮ ਤੋਂ ਵੱਧ ਦੀ ਖੇਪ ਕਈ ਵਾਰ ਫੜੀ ਗਈ ਹੈ। ਇਹ ਪਹਿਲੀ ਵਾਰ ਹੈ ਜਦੋਂ ਬੀ. ਐੱਸ. ਐੱਫ. ਅਤੇ ਏ. ਐੱਨ. ਟੀ. ਐੱਫ. ਨੇ ਮੈਦਾਨੀ ਇਲਾਕਿਆਂ ’ਚ ਟ੍ਰੈਪ ਲਾ ਕੇ 26 ਕਿਲੋਗ੍ਰਾਮ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ। ਬੀ. ਐੱਸ. ਐੱਫ. ਵੱਲੋਂ ਏ. ਐੱਨ. ਟੀ. ਐੱਫ. ਨਾਲ ਕੀਤੇ ਗਏ ਪਿਛਲੇ ਆਪ੍ਰੇਸ਼ਨ ਕਾਫ਼ੀ ਸਫਲ ਰਹੇ ਹਨ।
ਸਾਜਨ ਦੇ ਦੋ ਹੋਰ ਸਾਥੀ ਰਾਡਾਰ ’ਤੇ
ਸਾਜਨ ਉਰਫ਼ ਹੈਪੀ, ਜਿਸ ਸਮੱਗਲਰ ਨੂੰ ਲਗਭਗ 26 ਕਿਲੋ ਹੈਰੋਇਨ ਨਾਲ ਰੰਗੇ ਹੱਥੀਂ ਫੜਿਆ ਗਿਆ ਸੀ, ਦੇ ਦੋ ਹੋਰ ਸਾਥੀਆਂ ਨੂੰ ਏ. ਐੱਨ. ਟੀ. ਐੱਫ. ਵੱਲੋਂ ਰਾਊਡਅਪ ਕੀਤਾ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਸਾਰੇ ਸਮੱਗਰਲਾਂ ਦੇ ਪਿਛਲੇ ਅਤੇ ਅਗਲੇ ਲਿੰਕਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ’ਚ ਇਸ ਮਾਮਲੇ ਵਿਚ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8