ਰੇਲਗੱਡੀ ਦੀ ਲਪੇਟ ’ਚ ਆਉਣ ਕਾਰਨ ਅਣਪਛਾਤੇ ਨੌਜਵਾਨ ਦੀ ਮੌਤ
Friday, Aug 02, 2024 - 06:43 PM (IST)

ਗੁਰਦਾਸਪੁਰ (ਵਿਨੋਦ)-ਬੀਤੀ ਦੇਰ ਰਾਤ ਅੰਮ੍ਰਿਤਸਰ ਤੋਂ ਪਠਾਨਕੋਟ ਜਾ ਰਹੀ ਡੀ. ਐੱਮ. ਯੂ. ਰੇਲਗੱਡੀ ਦੇ ਹੇਠਾਂ ਆਉਣ ਕਾਰਨ ਇਕ ਅਣਪਛਾਤੇ ਨੌਜਵਾਨ ਦੀ ਮੌਤ ਹੋ ਗਈ। ਰੇਲਵੇ ਪੁਲਸ ਚੌਕੀ ਗੁਰਦਾਸਪੁਰ ਦੇ ਪੁਲਸ ਕਰਮਚਾਰੀਆਂ ਨੇ ਲਾਸ਼ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਰੇਲਵੇ ਪੁਲਸ ਚੌਕੀ ਇੰਚਾਰਜ ਭੁਪਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਇਕ ਅਣਪਛਾਤੇ ਨੌਜਵਾਨ ਦੀ ਮੌਤ ਡੀ. ਐੱਮ. ਯੂ. ਅੰਮ੍ਰਿਤਸਰ ਤੋਂ ਪਠਾਨਕੋਟ ਨੂੰ ਜਾਣ ਵਾਲੀ ਰੇਲਗੱਡੀ ਹੇਠਾਂ ਆਉਣ ਕਾਰਨ ਹੋ ਗਈ। ਇਹ ਘਟਨਾ ਗੁਰਦਾਸਪੁਰ-ਧਾਰੀਵਾਲ ਦਰਮਿਆਨ ਰੇਲਵੇ ਲਾਈਨ ’ਤੇ ਵਾਪਰੀ। ਉਨ੍ਹਾਂ ਕਿਹਾ ਕਿ ਨੌਜਵਾਨ ਦੀ ਸ਼ਨਾਖ਼ਤ ਲਈ ਲਾਸ਼ ਸਿਵਲ ਹਸਪਤਾਲ ਗੁਰਦਾਸਪੁਰ ਦੀ ਮੋਰਚਰੀ ’ਚ 72 ਘੰਟਿਆਂ ਦੇ ਲਈ ਰੱਖਵਾ ਦਿੱਤੀ ਗਈ ਹੈ।