ਕਾਂਗਰਸ ਸਰਕਾਰ ਡੰਡੇ ਦੇ ਜ਼ੋਰ ਨਾਲ ਦਬਾਉਣਾ ਚਾਹੁੰਦੀ ਹੈ ਲੋਕਾਂ ਦੀ ਆਵਾਜ਼ : ਮਜੀਠੀਆ

Sunday, Nov 18, 2018 - 12:17 AM (IST)

ਕਾਂਗਰਸ ਸਰਕਾਰ ਡੰਡੇ ਦੇ ਜ਼ੋਰ ਨਾਲ ਦਬਾਉਣਾ ਚਾਹੁੰਦੀ ਹੈ ਲੋਕਾਂ ਦੀ ਆਵਾਜ਼ : ਮਜੀਠੀਆ

ਅੰਮ੍ਰਿਤਸਰ,(ਛੀਨਾ)— ਕਾਂਗਰਸ ਸਰਕਾਰ ਦੇ ਸਤਾਏ ਹੋਏ ਲੋਕ ਸੜਕਾਂ 'ਤੇ ਆ ਕੇ ਪਿੱਟ ਸਿਆਪੇ ਕਰ ਰਹੇ ਹਨ ਤੇ ਸਰਕਾਰ ਉਨ੍ਹਾਂ ਦੀਆਂ ਦੁੱਖ ਤਕਲੀਫਾਂ ਹੱਲ ਕਰਨ ਦੀ ਬਜਾਏ ਡੰਡੇ ਦੇ ਜ਼ੋਰ ਨਾਲ ਉਨ੍ਹਾਂ ਦੀ ਆਵਾਜ਼ ਦਬਾਉਣਾ ਚਾਹੁੰਦੀ ਹੈ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਨਰਲ ਸਕੱਤਰ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਇਥੇ ਗੱਲਬਾਤ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸੀ ਲੀਡਰਾਂ ਨੇ ਲੋਕਾਂ ਦੀਆਂ ਵੋਟਾਂ ਵਟੋਰਨ ਲਈ ਹਰ ਘਰ ਸਰਕਾਰੀ ਨੌਕਰੀ, ਕਿਸਾਨਾਂ ਦਾ 
ਮੁਕੰਮਲ ਕਰਜ਼ਾ ਮੁਆਫ ਅਤੇ ਸਹੂਲਤਾਂ ਪ੍ਰਦਾਨ ਕਰਨ 'ਚ ਬਾਦਲ ਸਰਕਾਰ ਨੂੰ ਵੀ ਪਿੱਛੇ ਛੱਡਣ ਸਮੇਤ ਅਣਗਿਣਤ ਵਾਅਦੇ ਕੀਤੇ ਸਨ ਪਰ ਸਰਕਾਰ ਬਣਨ ਤੋਂ ਬਾਅਦ ਹੁਣ ਤੱਕ ਉਹ ਇਕ ਵੀ ਵਾਅਦਾ ਪੂਰਾ ਕਰਨ 'ਚ ਸਫਲ ਨਹੀਂ ਹੋ ਸਕੇ। ਮਜੀਠੀਆ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਬਾਦਲ ਸਰਕਾਰ ਨਾਲੋਂ ਵਧੇਰੇ ਤਾਂ ਕੀ ਸਹੂਲਤਾਂ ਪ੍ਰਦਾਨ ਕਰਨੀਆਂ ਸੀ ਸਗੋਂ ਬਾਦਲ ਸਰਕਾਰ ਵਲੋਂ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ ਵੀ ਖੋਹ ਲਈਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਸੂਬੇ ਦੇ ਲੋਕਾਂ ਨਾਲ ਚੱਟਾਨ ਦੀ ਤਰ੍ਹਾਂ ਖੜ੍ਹਾ ਹੈ ਤੇ ਸਰਕਾਰ ਨੂੰ ਲੋਕਾਂ ਨਾਲ ਵਧੀਕੀਆਂ ਨਹੀਂ ਕਰਨ ਦਿਆਂਗੇ। ਇਸ ਮੌਕੇ 'ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਿੰਗ ਕਮੇਟੀ ਮੈਂਬਰ ਜਥੇ.ਦਿਲਬਾਗ ਸਿੰਘ ਵਡਾਲੀ ਨੇ ਕਿਹਾ ਕਿ ਹਰੇਕ ਵਫਾਦਾਰ ਆਗੂ ਤੇ ਵਰਕਰ ਅਕਾਲੀ ਦਲ ਨਾਲ ਚੱਟਾਨ ਦੀ ਤਰ੍ਹਾਂ ਖੜ੍ਹਾ ਹੈ ਜਿਸ ਨੂੰ ਵਿਰੋਧੀਆਂ ਦੀਆਂ ਲੱਖ ਚਾਲਾਂ ਵੀ ਭਰਮਾ ਨਹੀਂ ਸਕਣਗੀਆਂ। ਇਸ ਸਮੇਂ ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ, ਯੂਥ ਅਕਾਲੀ ਦਲ ਬਾਦਲ ਮਾਝਾ ਜੋਨ ਦੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਵਡਾਲੀ, ਗੁਰਸ਼ਰਨ ਸਿੰਘ ਛੀਨਾ ਤੇ ਹੋਰ ਵੀ ਸ਼ਖਸੀਅਤਾਂ ਹਾਜ਼ਰ ਸਨ।


Related News