ਰੇਗਿਸਤਾਨ ਤੋਂ ਵੱਧ ਤਪ ਰਿਹਾ ਪੰਜਾਬ, ਚਿੰਤਾਨਜਨਕ ਬਣੀ ਸਥਿਤੀ
Tuesday, May 26, 2026 - 04:39 PM (IST)
ਗੁਰਦਾਸਪੁਰ (ਹਰਮਨ) : ਉੱਤਰੀ ਭਾਰਤ ’ਚ ਇਸ ਵਾਰ ਪੈ ਰਹੀ ਗਰਮੀ ਨੇ ਨਵਾਂ ਰੁਝਾਨ ਸਾਹਮਣੇ ਲਿਆਂਦਾ ਹੈ। ਜਿੱਥੇ ਪਹਿਲਾਂ ਰਾਜਸਥਾਨ ਦੇ ਰੇਗਿਸਤਾਨੀ ਖੇਤਰ ਸਭ ਤੋਂ ਗਰਮ ਮੰਨੇ ਜਾਂਦੇ ਸਨ, ਹੁਣ ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕੇ ਤਾਪਮਾਨ ਦੇ ਮਾਮਲੇ ’ਚ ਉਨ੍ਹਾਂ ਤੋਂ ਵੀ ਅੱਗੇ ਨਿਕਲ ਰਹੇ ਹਨ। ਮੌਸਮ ਵਿਗਿਆਨੀਆਂ ਅਤੇ ਖੇਤੀਬਾੜੀ ਮਾਹਿਰਾਂ ਮੁਤਾਬਕ ਇਸ ਦੇ ਪਿੱਛੇ ਮੌਸਮੀ ਤਬਦੀਲੀ ਦੇ ਨਾਲ-ਨਾਲ ਮਨੁੱਖੀ ਗਤੀਵਿਧੀਆਂ ਅਤੇ ਬਦਲਦਾ ਭੂ-ਉਪਯੋਗ ਵੀ ਵੱਡੀ ਭੂਮੀਕਾ ਨਿਭਾ ਰਹੇ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਹਾਈ ਅਲਰਟ, ਬੁਲਾਈ ਗਈ ਐਮਰਜੈਂਸੀ ਮੀਟਿੰਗ, ਜਾਣੋ ਕਾਰਨ
ਤਾਜ਼ਾ ਅੰਕੜਿਆਂ ਅਨੁਸਾਰ ਪੰਜਾਬ ਦੇ ਬਠਿੰਡਾ ’ਚ 45.6 ਡਿਗਰੀ ਸੈਲਸੀਅਸ ਅਤੇ ਹਰਿਆਣਾ ਦੇ ਸਿਰਸਾ ’ਚ 45.8 ਡਿਗਰੀ ਤਾਪਮਾਨ ਦਰਜ ਕੀਤਾ ਗਿਆ, ਜਦਕਿ ਰਾਜਸਥਾਨ ਦੇ ਜੈਪੁਰ, ਜੋਧਪੁਰ ਅਤੇ ਜੈਸਲਮੇਰ ਵਰਗੇ ਸ਼ਹਿਰ ਇਸ ਤੋਂ ਘੱਟ ਤਾਪਮਾਨ ’ਤੇ ਰਹੇ। ਹੈਰਾਨੀ ਦੀ ਗੱਲ ਇਹ ਰਹੀ ਕਿ ਰਾਜਸਥਾਨ ਦਾ ਗਰਮ ਮੰਨਿਆ ਜਾਣ ਵਾਲਾ ਸ਼੍ਰੀਗੰਗਾਨਗਰ ਵੀ ਬਠਿੰਡਾ ਅਤੇ ਸਿਰਸਾ ਨਾਲੋਂ ਠੰਢਾ ਦਰਜ ਹੋਇਆ। ਮਾਹਿਰਾਂ ਦਾ ਕਹਿਣਾ ਹੈ ਕਿ ਪਹਿਲਾਂ ਹੀਟਵੇਵ ਜ਼ਿਆਦਾਤਰ ਰਾਜਸਥਾਨ ਤੱਕ ਸੀਮਿਤ ਰਹੀ ਸੀ, ਪਰ ਹੁਣ ਇਹ ਪੂਰੇ ਇੰਡੋ-ਗੈਂਗੇਟਿਕ ਮੈਦਾਨ ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ’ਚ ਤੇਜ਼ੀ ਨਾਲ ਫੈਲ ਰਹੀ ਹੈ।
ਇਹ ਵੀ ਪੜ੍ਹੋ- ਅਕਾਲੀ ਆਗੂ ਬਿਕਰਮ ਮਜੀਠੀਆ ਨੇ ਪਾਈ ਵੋਟ
ਖੇਤੀਬਾੜੀ ਦੇ ਤਰੀਕਿਆਂ ਦਾ ਅਸਰ
ਖੇਤੀਬਾੜੀ ਮਾਹਿਰਾਂ ਅਨੁਸਾਰ ਪੰਜਾਬ ਅਤੇ ਹਰਿਆਣਾ ’ਚ ਲੰਮੇ ਸਮੇਂ ਤੋਂ ਚੱਲ ਰਹੀ ਕਣਕ-ਝੋਨੇ ਦੀ ਇਕੋ ਫ਼ਸਲੀ ਪ੍ਰਣਾਲੀ ਨੇ ਕੁਦਰਤੀ ਸੰਤੁਲਨ ਨੂੰ ਪ੍ਰਭਾਵਿਤ ਕੀਤਾ ਹੈ। ਕਣਕ ਦੀ ਵਾਢੀ ਤੋਂ ਬਾਅਦ ਖਾਲੀ ਰਹਿ ਜਾਣ ਵਾਲੇ ਖੇਤ ਸੂਰਜ ਦੀ ਗਰਮੀ ਨੂੰ ਤੇਜ਼ੀ ਨਾਲ ਆਪਣੇ ’ਚ ਸਮੇਟ ਲੈਂਦੇ ਹਨ, ਜਿਸ ਨਾਲ ਮਈ ਅਤੇ ਜੂਨ ’ਚ ਜ਼ਮੀਨ ਦਾ ਤਾਪਮਾਨ ਵਧ ਜਾਂਦਾ ਹੈ। ਇਸ ਤੋਂ ਇਲਾਵਾ ਜ਼ਮੀਨੀ ਪਾਣੀ ਦੀ ਵੱਧ ਖਪਤ, ਘਟਦਾ ਦਰੱਖਤੀ ਕਵਰ ਅਤੇ ਪਰਾਲੀ ਸਾੜਨ ਵਰਗੀਆਂ ਗਤੀਵਿਧੀਆਂ ਵੀ ਗਰਮੀ ’ਚ ਵਾਧੇ ਦਾ ਕਾਰਨ ਬਣ ਰਹੀਆਂ ਹਨ। ਝੋਨੇ ਦੀ ਤਿਆਰੀ ਅਤੇ ਵੱਡੇ ਪੱਧਰ ’ਤੇ ਸਿੰਚਾਈ ਕਾਰਨ ਹਵਾ ’ਚ ਨਮੀ ਵਧ ਰਹੀ ਹੈ, ਜੋ ਗਰਮੀ ਨੂੰ ਹੋਰ ਭਾਰੀ ਅਤੇ ਅਸਹਿਣਯੋਗ ਬਣਾਉਂਦੀ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਵਿਭਾਗ ਵੱਲੋਂ 26 ਮਈ...
ਰਾਤਾਂ ਵੀ ਦੇ ਰਹੀਆਂ ਹਨ ਤਪਸ਼
ਮਾਹਿਰਾਂ ਲਈ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਹੁਣ ਰਾਤ ਦੇ ਸਮੇਂ ਵੀ ਤਾਪਮਾਨ ’ਚ ਵੱਡੀ ਘਟੋਤਰੀ ਨਹੀਂ ਆ ਰਹੀ। ਇਸ ਦਾ ਇਕ ਮੁੱਖ ਕਾਰਨ ‘ਅਰਬਨ ਹੀਟ ਆਇਲੈਂਡ ਪ੍ਰਭਾਵ’ ਹੈ। ਸ਼ਹਿਰਾਂ ’ਚ ਵਧ ਰਹੀਆਂ ਕੰਕਰੀਟ ਦੀਆਂ ਇਮਾਰਤਾਂ, ਸੜਕਾਂ ਅਤੇ ਵਾਹਨਾਂ ਦੀ ਗਿਣਤੀ ਦਿਨ ਦੌਰਾਨ ਗਰਮੀ ਨੂੰ ਸਟੋਰ ਕਰ ਲੈਂਦੀ ਹੈ ਅਤੇ ਰਾਤ ਸਮੇਂ ਹੌਲੀ-ਹੌਲੀ ਛੱਡਦੀ ਹੈ, ਜਿਸ ਕਾਰਨ ਠੰਢਕ ਮਹਿਸੂਸ ਨਹੀਂ ਹੁੰਦੀ। ਮਾਹਿਰਾਂ ਅਨੁਸਾਰ ਰਾਜਸਥਾਨ ’ਚ ਸੁੱਕੀ ਹਵਾ ਕਾਰਨ ਸੂਰਜ ਡੁੱਬਣ ਨਾਲ ਤਾਪਮਾਨ ਘੱਟਣਾ ਸ਼ੁਰੂ ਹੋ ਜਾਂਦਾ ਹੈ, ਜਦਕਿ ਪੰਜਾਬ ਅਤੇ ਹਰਿਆਣਾ ’ਚ ਨਮੀ ਅਤੇ ਕੰਕਰੀਟ ਕਾਰਨ ਗਰਮੀ ਲੰਮੇ ਸਮੇਂ ਤੱਕ ਕਾਇਮ ਰਹਿੰਦੀ ਹੈ। ਇਸੇ ਕਰ ਕੇ ਇਕੋ ਤਾਪਮਾਨ ਹੋਣ ਦੇ ਬਾਵਜੂਦ ਪੰਜਾਬ ਦੀ ਗਰਮੀ ਜ਼ਿਆਦਾ ਤਕਲੀਫ਼ਦਾਇਕ ਮਹਿਸੂਸ ਹੁੰਦੀ ਹੈ।
ਜੰਗਲਾਤ ਦੀ ਘਾਟ ਵੀ ਵੱਡਾ ਕਾਰਨ
ਅੰਕੜਿਆਂ ਮੁਤਾਬਕ ਪੰਜਾਬ ਦਾ ਜੰਗਲਾਤ ਕਵਰ ਲਗਭਗ 3.67 ਫ਼ੀਸਦੀ (ਫੀਸਦੀ) ਅਤੇ ਹਰਿਆਣਾ ਦਾ ਕਰੀਬ 3.7 ਫ਼ੀਸਦੀ (ਫੀਸਦੀ) ਹੈ, ਜੋ ਦੇਸ਼ ’ਚ ਸਭ ਤੋਂ ਘੱਟਾਂ ’ਚ ਗਿਣਿਆ ਜਾਂਦਾ ਹੈ। ਇਸ ਦੇ ਉਲਟ ਰਾਜਸਥਾਨ ਵਰਗੇ ਰੇਗਿਸਤਾਨੀ ਰਾਜ ਦਾ ਜੰਗਲਾਤ ਕਵਰ ਇਸ ਤੋਂ ਵੱਧ ਹੈ। ਦਰੱਖਤਾਂ ਦੀ ਘਾਟ ਕਾਰਨ ਕੁਦਰਤੀ ਠੰਢਕ ’ਚ ਕਮੀ ਆ ਰਹੀ ਹੈ। ਖੇਤੀਬਾੜੀ ਤੇ ਸਿਹਤ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਇਹ ਰੁਝਾਨ ਜਾਰੀ ਰਿਹਾ ਤਾਂ ਖੇਤੀਬਾੜੀ, ਪਾਣੀ ਦੇ ਸਰੋਤਾਂ ਅਤੇ ਲੋਕਾਂ ਦੀ ਸਿਹਤ ’ਤੇ ਗੰਭੀਰ ਅਸਰ ਪੈ ਸਕਦਾ ਹੈ। ਮਾਰਚ ਅਤੇ ਅਪ੍ਰੈਲ ’ਚ ਪਈ ਵੱਧ ਗਰਮੀ ਕਾਰਨ ਇਸ ਸਾਲ ਕਣਕ ਦੀ ਪੈਦਾਵਾਰ ਪਹਿਲਾਂ ਹੀ ਪ੍ਰਭਾਵਿਤ ਹੋ ਚੁੱਕੀ ਹੈ।
ਉਨ੍ਹਾਂ ਮੁਤਾਬਕ ਆਉਣ ਵਾਲੇ ਸਮੇਂ ’ਚ ਡੇਅਰੀ ਫ਼ਾਰਮਿੰਗ, ਸਬਜ਼ੀ ਉਤਪਾਦਨ, ਮਜ਼ਦੂਰਾਂ ਦੀ ਕਾਰਗੁਜ਼ਾਰੀ ਅਤੇ ਜ਼ਮੀਨੀ ਪਾਣੀ ਦੀ ਸਥਿਤੀ ’ਤੇ (‘ਤੇ) ਵੀ ਇਸ ਦਾ ਨਕਾਰਾਤਮਕ ਅਸਰ ਵੇਖਣ ਨੂੰ ਮਿਲ ਸਕਦਾ ਹੈ। ਮਾਹਿਰਾਂ ਨੇ ਅਪੀਲ ਕੀਤੀ ਹੈ ਕਿ ਦਰੱਖਤ ਲਗਾਉਣ, ਪਾਣੀ ਦੀ ਸੰਭਾਲ ਅਤੇ ਸੁਚੱਜੀ ਸ਼ਹਿਰੀ ਯੋਜਨਾਬੰਦੀ ਵੱਲ ਤੁਰੰਤ ਕਦਮ ਚੁੱਕਣ ਦੀ ਲੋੜ ਹੈ, ਨਹੀਂ ਤਾਂ ਭਵਿੱਖ ’ਚ ਇਹ ਖੇਤਰ ਹੋਰ ਭਿਆਨਕ ਹੀਟਵੇਵ ਦਾ ਸਾਹਮਣਾ ਕਰ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
