ਸਰਹੱਦੀ ਖੇਤਰਾਂ ’ਚ ਪੁਲਸ ਨਾਲੋਂ ਜ਼ਿਆਦਾ ਸਰਗਰਮ ਚੋਰ, ਮੂਕ ਦਰਸ਼ਕ ਬਣੀ ਪੁਲਸ
Thursday, May 26, 2022 - 01:35 PM (IST)
ਬਹਿਰਾਮਪੁਰ (ਗੋਰਾਇਆ)- ਪੁਲਸ ਸਟੇਸ਼ਨ ਬਹਿਰਾਮਪੁਰ ਅਧੀਨ ਆਉਂਦੇ ਸਰਹੱਦੀ ਇਲਾਕਿਆਂ ’ਚ ਚੋਰਾਂ ਵੱਲੋਂ ਆਏ ਦਿਨ ਕਿਸਾਨਾਂ ਦੇ ਖੇਤਾਂ ’ਚੋਂ ਮੋਟਰਾਂ ਚੋਰੀ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਪਰ ਪੁਲਸ ਇਸ ਸਬੰਧੀ ਮੂਕ ਦਰਸ਼ਕ ਸਿੱਧ ਹੋ ਰਹੀ ਹੈ। ਇੰਝ ਮਹਿਸੂਸ ਹੁੰਦਾ ਹੈ ਕਿ ਪੁਲਸ ਨਾਲੋਂ ਚੋਰ ਸਰਹੱਦੀ ਇਲਾਕਿਆਂ ’ਚ ਜ਼ਿਆਦਾ ਸਰਗਰਮ ਹਨ। ਬੀਤੀ ਰਾਤ ਵੀ ਪਿੰਡ ਝਬਕਰਾ ਵਿਖੇ ਮਕੌੜਾ ਰੋਡ ਤੋਂ ਬੀਤੀ ਰਾਤ ਚੋਰਾਂ ਵੱਲੋਂ 2 ਮੋਟਰਾਂ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਦਕਿ ਕੁਝ ਦਿਨ ਪਹਿਲਾਂ ਵੀ ਤਿੰਨ-ਚਾਰ ਕਿਸਾਨਾਂ ਦੀਆਂ ਮੋਟਰਾਂ ਚੋਰੀ ਹੋਈਆਂ ਸਨ।
ਪੜ੍ਹੋ ਇਹ ਵੀ ਖ਼ਬਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਹੁਣ ਨਹੀਂ ਹੋਇਆ ਕਰੇਗਾ ਹਾਰਮੋਨੀਅਮ ਨਾਲ ਕੀਰਤਨ
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਬਲਵਿੰਦਰ ਸਿੰਘ ਪੁੱਤਰ ਰਾਜ ਸਿੰਘ ਅਤੇ ਮੁਖਤਿਆਰ ਸਿੰਘ ਪੁੱਤਰ ਸਰਦਾਰ ਸਿੰਘ ਵਾਸੀ ਝਬਕਰਾ ਨੇ ਦੱਸਿਆ ਕਿ ਸਾਡੇ ਟਿਉਵਬੈਲ ਦੇ ਕਮਰਿਆ ਦੇ ਤਾਲੇ ਤੋੜ ਕੇ ਚੋਰਾਂ ਵੱਲੋਂ ਮੋਟਰਾਂ ਚੋਰੀ ਕਰ ਲਈਆਂ ਗਈਆਂ ਹਨ। ਕਿਸਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ 3-4 ਮਹੀਨਿਆਂ ਵਿਚ ਮੇਰੀ ਦੂਜੀ ਵਾਰ ਮੋਟਰ ਚੋਰੀ ਹੋ ਗਈ ਹੈ। ਇਲਾਕਾ ਵਾਸੀਆ ਅਤੇ ਸਮਾਜ ਸੇਵਕਾਂ ਨੇ ਆਪਣਾ ਨਾਮ ਗੁਪਤ ਰੱਖਦਿਆ ਦੱਸਿਆ ਕਿ ਸਾਡੇ ਇਸ ਸਰਹੱਦੀ ਖੇਤਰ ਅੰਦਰ ਹਰੇਕ ਪ੍ਰਕਾਰ ਦੇ ਨਸ਼ੇ ਦਾ ਕਾਰੋਬਾਰ ਪੂਰੇ ਜੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ, ਜਿਸ ਕਾਰਨ ਨਸ਼ੇੜੀਆਂ ਵੱਲੋਂ ਨਸ਼ੇ ਦੀ ਪੂਰਤੀ ਲਈ ਨਿੱਤ ਦਿਨ ਚੋਰੀਆ ਦੀ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ: ਦਰੱਖ਼ਤ ਨਾਲ ਟਕਰਾਈ ਕਾਰ ਦੇ ਉੱਡੇ ਪਰਖੱਚੇ, 23 ਸਾਲਾ ਨੌਜਵਾਨ ਦੀ ਮੌਤ, 29 ਮਈ ਨੂੰ ਜਾਣਾ ਸੀ ਵਿਦੇਸ਼
ਉਨ੍ਹਾਂ ਕਿਹਾ ਕਿ ਬਹਿਰਾਮਪੁਰ ਪੁਲਸ ਪ੍ਰਸ਼ਾਸਨ ਨਸ਼ੇ ਅਤੇ ਚੋਰੀ ਸਮੇਤ ਹੋਰ ਕਈ ਘਟਨਾਵਾਂ ਨੂੰ ਨੱਥ ਪਾਉਣ ਵਿਚ ਅੱਜ ਵੀ ਫੇਲ ਸਾਬਿਤ ਹੋ ਰਿਹਾ ਹੈ। ਇਲਾਕਾ ਵਾਸੀਆ ਨੇ ਪੁਲਸ ਪ੍ਰ੍ਸ਼ਾਸਨ ਦੇ ਉੱਚ ਅਧਿਕਾਰੀਆਂ ਕੋਲੋ ਮੰਗ ਕੀਤੀ ਹੈ ਕਿ ਇਲਾਕੇ ਅੰਦਰ ਹੋ ਰਹੀਆਂ ਉਕਤ ਘਟਨਾਵਾਂ ਵਿਰੁੱਧ ਸ਼ਿਕੰਜਾ ਕੱਸਿਆ ਜਾਵੇ, ਤਾਂਕਿ ਲੋਕਾਂ ਨੂੰ ਚੋਰੀ ਦੀਆਂ ਘਟਨਾਵਾਂ ਤੋਂ ਸੁੱਖ ਦਾ ਸਾਹ ਮਿਲ ਸਕੇ।