''ਆਪ'' ਤੇ ਕੇਜਰੀਵਾਲ ਤੋਂ ਸਾਵਧਾਨ, ਇਹ ਪੰਜਾਬ ਵਿਰੋਧੀ : ਹਰਸਿਮਰਤ ਕੌਰ ਬਾਦਲ

Thursday, Feb 17, 2022 - 10:04 PM (IST)

''ਆਪ'' ਤੇ ਕੇਜਰੀਵਾਲ ਤੋਂ ਸਾਵਧਾਨ, ਇਹ ਪੰਜਾਬ ਵਿਰੋਧੀ : ਹਰਸਿਮਰਤ ਕੌਰ ਬਾਦਲ

ਅੰਮ੍ਰਿਤਸਰ (ਬਿਊਰੋ)- ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਅਤੇ ਇਸਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੋਂ ਸਾਵਾਧਾਨ ਰਹਿਣ ਅਤੇ ਕਿਹਾ ਕਿ ਪਾਰਟੀ ਅਤੇ ਕੇਜਰੀਵਾਲ ਦੋਵੇਂ ਹੀ ਪੰਜਾਬ ਵਿਰੋਧੀ ਹਨ ਅਤੇ ਜੇਕਰ ਇਨ੍ਹਾਂ ਨੂੰ ਸੂਬੇ ’ਤੇ ਰਾਜ ਕਰਨ ਦਾ ਮੌਕਾ ਮਿਲ ਗਿਆ ਤਾਂ ਇਹ ਸੂਬੇ ਨੂੰ ਤਬਾਹ ਕਰ ਦੇਣਗੇ। ਇਥੇ ਬਾਬਾ ਬਕਾਲਾ ਤੋਂ ਬਲਜੀਤ ਸਿੰਘ ਜਲਾਲਉਸਮਾ, ਜੰਡਿਆਲਾ ਤੋਂ ਸਤਿੰਦਰ ਸਿੰਘ ਛੱਜਲਵੱਡੀ, ਅੰਮ੍ਰਿਤਸਰ ਦੱਖਣੀ ਤੋਂ ਤਲਬੀਰ ਸਿੰਘ ਗਿੱਲ ਅਤੇ ਅੰਮ੍ਰਿਤਸਰ ਪੂਰਬੀ ਤੋਂ ਬਿਕਰਮ ਸਿੰਘ ਮਜੀਠੀਆ ਦੇ ਹੱਕ 'ਚ ਵਿਸ਼ਾਲ ਇਕੱਠਾਂ ਨੂੰ ਸੰਬੋਧਨ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੇਜਰੀਵਾਲ ਨੇ ਪਹਿਲਾਂ ਹੀ ਅਹਿਮ ਮਾਮਲਿਆਂ ’ਤੇ ਸੁਪਰੀਮ ਕੋਰਟ ਵਿਚ ਪੰਜਾਬ ਵਿਰੋਧੀ ਸਟੈਂਡ ਲਿਆ ਹੈ। 

ਇਹ ਖ਼ਬਰ ਪੜ੍ਹੋ- NZW v INDW : ਨਿਊਜ਼ੀਲੈਂਡ ਵਿਰੁੱਧ ‘ਕਰੋ ਜਾਂ ਮਰੋ’ ਦੇ ਮੁਕਾਬਲੇ ’ਚ ਉਤਰੇਗੀ ਭਾਰਤੀ ਮਹਿਲਾ ਟੀਮ
ਇਸ ਵਿਚ ਸੂਬੇ ਦੇ ਦਰਿਆਈ ਪਾਣੀ ਹਰਿਆਣਾ ਤੇ ਦਿੱਲੀ ਲਈ ਮੰਗਣਾ, ਪੰਜਾਬ ਦੇ ਚਾਰ ਥਰਮਲ ਪਲਾਂਟ ਬੰਕ ਕਰਨ ਤਾਂ ਜੋ ਦਿੱਲੀ ਵਿਚ ਪ੍ਰਦੂਸ਼ਣ ਘੱਟ ਸਕੇ ਅਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਖਿਲਾਫ ਫੌਜਦਾਰੀ ਕੇਸ ਦਰਜ ਕਰਨਾ ਤੇ ਉਨ੍ਹਾਂ ਨੂੰ 1 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਉਣਾ। ਉਨ੍ਹਾਂ ਦੱਸਿਆ ਕਿ ਦਿੱਲੀ 'ਚ ਕਿਵੇਂ ਆਮ ਆਦਮੀ ਪਾਰਟੀ ਨੇ ਤਿੰਨ ਵਾਰ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਕਮੇਟੀ ਦੀਆਂ ਸਿਫਾਰਸ਼ਾਂ ਰੱਦ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਵਿਚ ਪੰਜਾਬੀ ਦਾ ਨਾ ਸਿਰਫ ਦੂਜੀ ਭਾਸ਼ਾ ਦਾ ਦਰਜਾ ਖੋਹਿਆ ਬਲਕਿ ਦਿੱਲੀ ਦੇ ਸਕੂਲਾਂ ਵਿਚ ਪੰਜਾਬੀ ਪੜ੍ਹਾਉਣੀ ਬੰਦ ਵੀ ਕਰ ਦਿੱਤੀ। 
ਹਰਸਿਮਰਤ ਕੌਰ ਬਾਦਲ ਨੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਭਗਵੰਤ ਮਾਨ ’ਤੇ ਵੀ ਹਮਲਾ ਬੋਲਿਆ ਤੇ ਕਿਹਾ ਕਿ ਭਗਵੰਤ ਮਾਨ ਹਿਕ ਡੰਮੀ ਹੈ ਜਿਸ ਕੋਲ ਕੇਜਰੀਵਾਲ ਅੱਗੇ ਬੋਲਣ ਦੀ ਜੁਰੱਅਤ ਨਹੀਂ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਨੂੰ ਜੇਕਰ ਕੇਜਰੀਵਾਲ ਨੇ ਮਾਨ ਨੂੰ ਪੰਜਾਬ ਦਾ ਪਾਣੀ ਹਰਿਆਣਾ ਤੇ ਦਿੱਲੀ ਦੇ ਲੋਕਾਂ ਨੂੰ ਦੇਣ ਵਾਸਤੇ ਹਸਤਾਖ਼ਰ ਕਰਲ ਵਾਸਤੇ ਕਿਹਾ ਤਾਂ ਉਹ ਤੁਰੰਤ ਆਪਣੀ ਕੁਰਸੀ ਬਚਾਉਣ ਲਈ ਹਸਤਾਖ਼ਰ ਕਰ ਦੇਣਗੇ ਜਿਵੇਂ ਦਰਬਾਰਾ ਸਿੰਘ ਨੇ ਇੰਦਰਾ ਗਾਂਧੀ ਦੀਆਂ ਹਦਾਇਤਾਂ ’ਤੇ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਦੇਣ ਲਈ ਹਸਤਾਖ਼ਰ ਕਰ ਦਿੱਤੇ ਸਨ। ਉਨ੍ਹਾਂ ਕਿਹਾ ਕਿ ਮਾਨ ਤਾਂ ਮੁੱਖ ਮੰਤਰੀ ਦੇ ਅਹੁਦੇ ਦਾ ਮਾਣ ਰੱਖਣ ਦੇ ਸਮਰਥ ਵੀ ਨਹੀਂ। ਉਹਨਾਂ ਕਿਹਾ ਕਿ ਸੰਸਦ 'ਚ ਕਈ ਮੈਂਬਰਾਂ ਨੇ ਸਪੀਕਰ ਨੂੰ ਲਿਖਤੀ ਸ਼ਿਕਾਇਤ ਕੀਤੀ ਕਿ ਉਨ੍ਹਾਂ ਦੀਆਂ ਸੀਟਾਂ ਬਦਲ ਦਿੱਤੀਆਂ ਜਾਣ ਕਿਉਂਕਿ ਉਹ ਮਾਨ ਦੇ ਨਾਲ ਨਹੀਂ ਬੈਠ ਸਕਦੇ ਜਿਨ੍ਹਾਂ ਕੋਲੋਂ ਸ਼ਰਾਬ ਦੀ ਬਦਬੂ ਆਉਂਦੀ ਹੈ। 
ਬਠਿੰਡਾ ਦੇ ਐੱਮ. ਪੀ. ਨੇ ਲੋਕਾਂ ਨੁੰ ਇਹ ਵੀ ਅਪੀਲ ਕੀਤੀ ਕਿ ਉੁਹ ‘ਇਕ ਮੌਕਾ’ ਦੀਆਂ ਅਪੀਲਾਂ ਨੂੰ ਨਾ ਸੁਣਨ ਅਤੇ ਕਿਹਾ ਕਿ ਪੰਜਾਬੀਆਂ ਨੇ 2017 ਵਿਚ ਆਮ ਆਦਮੀ ਪਾਰਟੀ ਨੁੰ ਇਕ ਮੌਕਾ ਦਿੱਤਾ ਸੀ ਤੇ ਉਸ ਨੂੰ ਵਿਰੋਧੀ ਧਿਰ ਬਣਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਬਜਾਏ ਲੋਕਾਂ ਦੇ ਮੁੱਦੇ ਚੁੱਕਣ ’ਤੇ ਆਮ ਆਦਮੀ ਪਾਰਟੀ ਨੇ ਕਾਂਗਰਸ ਸਰਕਾਰ ਦੀ ਹਮਾਇਤ ਕਰਨੀ ਸ਼ੁਰੂ ਕਰ ਦਿੱਤੀ ਤੇ ਆਮ ਆਦਮੀ ਪਾਰਟੀ ਦੇ 20 ਵਿਚੋਂ 11 ਵਿਧਾਇਕ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਗਏ। ਤੁਸੀਂ ਅਜਿਹੀ ਪਾਰਟੀ ’ਤੇ ਮੁੜ ਵਿਸ਼ਵਾਸ ਨਹੀਂ ਕਰ ਸਕਦੇ।

ਇਹ ਖ਼ਬਰ ਪੜ੍ਹੋ- NZ v RSA : ਮੈਟ ਹੈਨਰੀ ਦੀਆਂ 7 ਵਿਕਟਾਂ, ਦੱਖਣੀ ਅਫਰੀਕਾ 95 ਦੌੜਾਂ ’ਤੇ ਢੇਰ
ਹਰਸਿਮਰਤ ਕੌਰ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਦੇ ਵੰਡ ਪਾਊ ਏਜੰਡੇ ਤੋਂ ਚੌਕਸ ਰਹਿਣ ਅਤੇ ਕਿਹਾ ਕਿ ਪਾਰਟੀ ਸੂਬੇ ’ਤੇ ਕਬਜ਼ਾ ਕਰਨ ਵਾਸਤੇ ਪੰਜਾਬੀਆਂ ਨੂੰ ਵੰਡਦਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ 2015 ਵਿਚ ਜੋ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸਨ ਉਹ 2014 ਵਿਚ ਆਮ ਆਦਮੀ ਪਾਰਟੀ ਦੇ ਪੰਜਾਬ ਵਿਚ ਆਉਣ ਤੋਂ ਬਾਅਦ ਵਾਪਰੀਆਂ ਸਨ।  ਹਰਸਿਮਰਤ ਕੌਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਸਿਰਫ ਅਕਾਲੀ ਦਲ ਹੀ ਪੰਜਾਬੀਆਂ ਦੀ ਇੱਛਾਵਾਂ ਦੀ ਪ੍ਰਤੀਨਿਧਤਾ ਕਰਦਾ ਹੈ ਜੋ ਹਮੇਸ਼ਾ ਉਨ੍ਹਾਂ ਦੇ ਹੱਕਾਂ ਵਾਸਤੇ ਲੜਦਾ ਰਿਹਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਦੇ ਵਿਰਸੇ ‘ਤੇ ਚੱਲੇਗੀ ਅਤੇ ਸ਼ਾਂਤੀ ਤੇ ਫਿਰਕੂ ਸਦਭਾਵਨਾ ਬਣਾਉਣ ਲਈ ਤਰੱਕੀ ਦੇ ਰਾਹ ਵਿਚ ਹਰੇਕ ਨੁੰ ਨਾਲ ਲੈਕੇ ਚੱਲੇਗੀ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬੁਢਾਪਾ ਪੈਨਸ਼ਨ 1500 ਰੁਪਏ ਤੋਂ ਵਧਾ ਕੇ 3100 ਰੁਪਏ ਕਰੇਗੀ। ਇਸੇ ਤਰੀਕੇ ਸ਼ਗਨ ਸਕੀਮ ਦੀ ਰਾਸ਼ੀ ਵਧਾ ਕੇ 75000 ਰੁਪਏ ਕਰੇਗੀ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਗਠਜੋੜ ਸਰਕਾਰ ਗਰੀਬ ਪਰਿਵਾਰਾਂ ਦੀ ਅਗਵਾਈ ਕਰਨ ਵਾਲੀਆਂ ਮਹਿਲਾਵਾਂ ਨੂੰ ਹਰ ਮਹੀਨੇ 2 ਹਜ਼ਾਰ ਰੁਪਏ ਦੀ ਸਹਾਇਤਾ ਦੇਵੇਗੀ, ਵਿਦਿਆਰਥੀਆਂ ਨੁੰ ਉਚੇਰੀ ਸਿੱਖਿਆ ਵਾਸਤੇ 10 ਲੱਖ ਰੁਪਏ ਦੀ ਸਹਾਇਤਾ ਸਟੂਡੈਂਟ ਕਾਰਡ ਤਹਿਤ ਦਿੱਤੀ ਜਾਵੇਗੀ, ਹਰੇਕ ਦਾ 10 ਲੱਖ ਰੁਪਏ ਦਾ ਮੈਡੀਕਲ ਬੀਮਾ ਕਰਵਾਇਆ ਜਾਵੇਗਾ। ਗਰੀਬਾਂ ਨੂੰ ਪੰਜ ਲੱਖ ਘਰ ਬਣਾ ਕੇ ਦਿੱਤੇ ਜਾਣਗੇ ਅਤੇ ਹਰ ਹਲਕੇ ਵਿਚ ਪੰਜ ਹਜ਼ਾਰ ਲੋਕਾਂ ਨੂੰ 5-5 ਮਰਲੇ ਦੇ ਪਲਾਟ ਦਿੱਤੇ ਜਾਣਗੇ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਤੇ ਬਸਪਾ ਸਰਕਾਰ ਖੇਤੀਬਾੜੀ ਲਈ ਡੀਜ਼ਲ ਦੀਆਂ ਕੀਮਤਾਂ ਵਿਚ 10 ਰੁਪਏ ਪ੍ਰਤੀ ਲੀਟਰ ਕਟੌਤੀ ਕਰੇਗੀ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News