ਐਵਰੈਸਟ ਫ਼ਤਿਹ ਕਰਨ ਵਾਲੇ ਪਹਿਲੇ ਕੈਨੇਡੀਅਨ ਸਿੱਖ ਅਜੈਪਾਲ ਸਿੰਘ ਦਾ ਬਾਬਾ ਬਲਬੀਰ ਸਿੰਘ ਵੱਲੋਂ ਸਨਮਾਨ
Wednesday, Jun 03, 2026 - 08:21 PM (IST)
ਅੰਮ੍ਰਿਤਸਰ, (ਸਰਬਜੀਤ)- ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14ਵੇਂ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਐਵਰੈਸਟ ਫ਼ਤਿਹ ਕਰਨ ਵਾਲੇ ਪਹਿਲੇ ਕੈਨੇਡੀਅਨ ਸਿੱਖ ਸਰੀ ਨਿਵਾਸੀ ਪੰਜਾਬੀ ਵਕੀਲ, ਜੰਮਪਲ ਫ਼ਰੀਦਕੋਟ ਦੇ ਪਿੰਡ ਕਾਸਮ ਭੱਟੀ ਦੇ ਅਜੈਪਾਲ ਸਿੰਘ ਧਾਲੀਵਾਲ ਨੂੰ ਸਿਰੋਪਾਓ, ਦੋਸ਼ਾਲਾ, ਸ੍ਰੀ ਸਾਹਿਬ ਭੇਟ ਕਰਕੇ ਸਨਮਾਨਿਤ ਕੀਤਾ। ਉਨ੍ਹਾਂ ਇਸ ਸਮੇਂ ਕਿਹਾ ਕਿ ਅਜੈਪਾਲ ਸਿੰਘ ਨੇ ਐਵਰੈਸਟ ਚੜ੍ਹ ਕੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ, ਇਨ੍ਹਾਂ ਦੀ ਕਾਮਯਾਬੀ ਅਸਾਧਾਰਨ ਹਾਲਾਤ ਵਿੱਚ ਅਟੁੱਟ ਵਿਸ਼ਵਾਸ ਅਤੇ ਜ਼ਿੰਦਾਦਿਲੀ ਦੀ ਮਿਸਾਲ ਹੈ। ਮੂਲ ਰੂਪ ਵਿੱਚ ਅਜੈਪਾਲ ਸਿੰਘ ਜਦੋਂ ਐਵਰੈਸਟ ਦੀ ਚੋਟੀ ’ਤੇ ਪਹੁੰਚੇ ਤਾਂ ਉਨ੍ਹਾਂ ਗੁਰੂ ਨਾਨਕ ਦੇਵ ਜੀ ਦੇ ਸੁਨੇਹੇ ‘ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ’ ਲਿਖੀ ਤਖ਼ਤੀ ਲਹਿਰਾਈ। ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਅਜੈਪਾਲ ਸਿੰਘ ਨੂੰ ਭਵਿੱਖ ਲਈ ਵੀ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿਤੀਆਂ ਤਾਂ ਜੋ ਤੁਸੀਂ ਕਾਮਯਾਬੀ ਦੇ ਹੋਰ ਲੰਮੇ ਪੈਂਡੇ ਤੈਅ ਕਰ ਸਕੇ। ਇਸ ਮੌਕੇ ਕਰਨਰਾਜਬੀਰ ਸਿੰਘ ਐਡਵੋਕੇਟ, ਬਾਬਾ ਗੁਰਮੁਖ ਸਿੰਘ, ਬਾਬਾ ਸੁਖਦੇਵ ਸਿੰਘ ਵੀ ਹਾਜ਼ਰ ਸਨ।
