31ਵੇਂ ਦਿਨ 512 ਸ਼ਰਧਾਲੂਆਂ ਨੇ ਕੀਤੇ ਗੁ. ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰ
Monday, Dec 09, 2019 - 08:49 PM (IST)

ਡੇਰਾ ਬਾਬਾ ਨਾਨਕ, (ਵਤਨ)— ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਦੇ 31ਵੇਂ ਦਿਨ ਅੱਜ 512 ਸ਼ਰਧਾਲੂ ਕਸਬੇ ਦੇ ਨਾਲ ਲਗਦੀ ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਬਣੇ ਲਾਂਘੇ ਰਾਹੀਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ। ਇਸ ਤੋਂ ਇਲਾਵਾ ਜਿਨ੍ਹਾਂ ਸੰਗਤਾਂ ਕੋਲ ਪਾਸਪੋਰਟ ਨਹੀਂ ਹਨ ਜਾਂ ਜਿਨ੍ਹਾਂ ਕੋਲ ਅਜੇ ਦਰਸ਼ਨਾਂ ਲਈ ਰਜਿਸਟ੍ਰੇਸ਼ਨ ਨਹੀਂ ਹੈ, ਉਨ੍ਹਾਂ ਸਰਹੱਦ 'ਤੇ ਸਥਿਤ ਧੁੱਸੀ ਬੰਨ੍ਹ 'ਤੇ ਬਣੇ ਆਰਜ਼ੀ ਦਰਸ਼ਨ ਸਥੱਲ ਰਾਹੀਂ ਦੂਰੋਂ ਹੀ ਦਰਸ਼ਨ-ਦੀਦਾਰ ਕੀਤੇ ਅਤੇ ਵਾਹਿਗੁਰੂ ਤੋਂ ਇਹ ਅਰਦਾਸ ਵੀ ਕੀਤੀ ਕਿ ਦੋਵਾਂ ਦੇਸ਼ਾਂ ਵਿਚਕਾਰ ਅਮਨ ਅਤੇ ਸ਼ਾਂਤੀ ਬਣੇ ਅਤੇ ਸਰਹੱਦੀ ਖੇਤਰਾਂ ਵਿਚ ਵਪਾਰ ਵਧੇ।
ਭਾਵੇਂ ਦਿਨੋ-ਦਿਨ ਠੰਡ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ ਪਰ ਫਿਰ ਵੀ ਸੰਗਤਾਂ ਦਾ ਗੁ. ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਚਾਅ ਘੱਟ ਨਹੀਂ ਹੋਇਆ ਅਤੇ ਸੰਗਤ ਜਿੱਥੇ ਲਾਂਘੇ ਰਾਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੀ ਹੈ, ਉੱਥੇ ਸੰਗਤ ਪਹਿਲਾਂ ਦੀ ਤਰ੍ਹਾਂ ਹੀ ਦੂਰੋਂ ਦਰਸ਼ਨ ਸਥੱਲ ਤੋਂ ਹੀ ਵਿਛੜੇ ਗੁਰਧਾਮ ਦੇ ਦਰਸ਼ਨ ਕਰ ਰਹੀ ਹੈ। ਇਸ ਦੇ ਨਾਲ-ਨਾਲ ਲਾਂਘੇ ਵਾਲਾ ਸਥਾਨ ਅਤੇ ਮਾਰਗ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣ ਰਿਹਾ ਹੈ ਅਤੇ ਸੰਗਤ ਇੱਥੇ ਇਕ ਟੂਰ ਦੇ ਰੂਪ ਵਿਚ ਵੀ ਪਹੁੰਚ ਰਹੀ ਹੈ, ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਸਕੂਲਾਂ ਦੇ ਬੱਚੇ ਵੀ ਸ਼ਾਮਲ ਹਨ। ਕਰਤਾਰਪੁਰ ਦਰਸ਼ਨ ਸਥੱਲ 'ਤੇ ਪਹੁੰਚ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਲਿਆਂ ਵਿਚ ਸਮੁੱਚੇ ਪਰਿਵਾਰ, ਬਜ਼ੁਰਗ ਮਾਤਾ-ਪਿਤਾ ਅਤੇ ਨਵੇਂ ਵਿਆਹੇ ਜੋੜੇ ਵੀ ਪਹੁੰਚ ਰਹੇ ਹਨ ਅਤੇ ਲਾਂਘੇ ਵਾਲੇ ਸਥਾਨ 'ਤੇ ਮੇਲੇ ਵਰਗਾ ਮਾਹੌਲ ਬਣਿਆ ਰਹਿੰਦਾ ਹੈ। ਇੱਥੇ ਰੇਹੜੀਆਂ ਦੀ ਵੱਡੀ ਗਿਣਤੀ ਵਿਚ ਆਮਦ ਹੋ ਚੁੱਕੀ ਹੈ ਅਤੇ ਇਕ ਤਰ੍ਹਾਂ ਨਾਲ ਸਰਹੱਦੀ ਲੋਕਾਂ ਨੂੰ ਰੋਜ਼ਗਾਰ ਦਾ ਇਕ ਨਵਾਂ ਸਾਧਨ ਮਿਲ ਗਿਆ ਹੈ ਅਤੇ ਲੋਕ ਇਸ ਸਥਾਨ 'ਤੇ ਪਹੁੰਚ ਕੇ ਖਾਣ ਪੀਣ ਵਾਲੇ ਪਦਾਰਥ ਵੀ ਖਰੀਦਦੇ ਹਨ ਅਤੇ ਰੇਹੜੀ ਵਾਲਿਆਂ ਦਾ ਕਹਿਣਾ ਹੈ ਕਿ ਗਰਮੀਆਂ ਵਿਚ ਉਨ੍ਹਾਂ ਦੇ ਕਾਰੋਬਾਰ ਵਿਚ ਭਾਰੀ ਉਛਾਲ ਆਉਣ ਦੀਆਂ ਸੰਭਾਵਨਾਵਾਂ ਹਨ।