ਰਾਸ਼ਟਰਪਤੀ ਐਵਾਰਡ ਲਈ ਚੁਣੇ ਗਏ ਪੰਜਾਬ ਦੇ ਤਿੰਨ ਅਧਿਆਪਕ
Saturday, Aug 27, 2022 - 02:46 PM (IST)

ਸੰਗਰੂਰ (ਸਿੰਗਲਾ,ਸਿੰਧਵਾਨੀ,ਰਵੀ) : ਹਰ ਸਾਲ 5 ਸਤੰਬਰ ਦਾ ਦਿਨ ਭਾਰਤ ’ਚ ਅਧਿਆਪਕ ਦਿਵਸ ਦੇ ਰੂਪ ’ਚ ਮਨਾਇਆ ਜਾਂਦਾ ਹੈ ਅਤੇ ਭਾਰਤ ਸਰਕਾਰ ਵੱਲੋਂ ਇਸ ਮੌਕੇ ਦੇਸ਼ ਭਰ ’ਚੋਂ ਚੁਣੇ ਹੋਏ ਵਿਲੱਖਣ ਕਾਰਗੁਜ਼ਾਰੀ ਵਾਲੇ ਅਧਿਆਪਕਾਂ ਦਾ ਸਨਮਾਨ ਕੀਤਾ ਜਾਂਦਾ ਹੈ। ਇਸ ਵਾਰ ਜ਼ਿਲ੍ਹਾ ਸੰਗਰੂਰ, ਬਰਨਾਲਾ ਤੇ ਲੁਧਿਆਣਾ ਜ਼ਿਲ੍ਹੇ ਦੇ ਇੱਕ-ਇੱਕ ਅਧਿਆਪਕ ਦੀ ਰਾਸ਼ਟਰਪਤੀ ਐਵਾਰਡ ਲਈ ਚੋਣ ਕੀਤੀ ਗਈ ਹੈ। ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਪਿੰਡ ਬੀਹਲਾ ਦੇ ਹੈੱਡ ਟੀਚਰ ਹਰਪ੍ਰੀਤ ਸਿੰਘ ਦੀਵਾਨਾ ਨੂੰ ਭਾਰਤ ਸਰਕਾਰ ਵੱਲੋਂ ਕੌਮੀ ਅਧਿਆਪਕ ਦਿਹਾੜੇ ਮੌਕੇ ਰਾਸ਼ਟਰਪਤੀ ਐਵਾਰਡ ਦੇਣ ਲਈ ਚੁਣਿਆ ਗਿਆ ਹੈ। ਹਰਪ੍ਰੀਤ ਸਿੰਘ ਨੂੰ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਨੇ ਕਿਹਾ ਕਿ ਇਨ੍ਹਾਂ ਵਰਗੇ ਅਧਿਆਪਕ ਸਿੱਖਿਆ ਜਗਤ ਲਈ ਚਾਨਣ ਮੁਨਾਰੇ ਹਨ।
ਇਹ ਵੀ ਪੜ੍ਹੋ : ਦਵਾਈਆਂ ਦੀ ਘਾਟ ਕਾਰਨ ਐੱਚ.ਆਈ.ਵੀ. ਪੀੜਤ ਮਰੀਜ਼ ਹੋ ਰਹੇ ਹਨ ਖੱਜਲ-ਖੁਆਰ
ਉਨ੍ਹਾਂ ਕਿਹਾ ਕਿ ਅਧਿਆਪਕ ਹਰਪ੍ਰੀਤ ਸਿੰਘ ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੀਹਲਾ ਦੀ ਆਲੀਸ਼ਾਨ ਇਮਾਰਤ ਦੇ ਨਾਲ-ਨਾਲ ਐਜੂਕੇਸ਼ਨਲ ਐਕਟੀਵਿਟੀ ਪਾਰਕ, ਡਿਜ਼ੀਟਲ ਕਲਾਸ ਰੂਮਜ਼, ਸਮਾਰਟ ਲੈਂਗੂਏਜ ਲੈਬ, ਕੰਪਿਊਟਰ ਲੈਬ, ਮਲਟੀਪਰਪਜ਼ ਹਾਲ/ਆਡੀਟੋਰੀਅਮ, ਸਮਾਰਟ ਕਿੰਡਰਗਾਰਟ, ਈ ਲਾਇਬ੍ਰੇਰੀ, ਈ-ਕੰਨਟੈਂਟ ਅਤੇ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਅਤੇ ਬੱਚਿਆਂ ਲਈ ਹਰੇਕ ਤਰ੍ਹਾਂ ਦੀ ਸਹੂਲਤ ਦਾ ਪ੍ਰਬੰਧ ਕਰਵਾਇਆ ਹੈ। ਹਰਪ੍ਰੀਤ ਸਿੰਘ ਦੀਵਾਨਾ ਨੇ ਸਕੂਲ ਦੀ ਸੋਸਾਇਟੀ ਦੀ ਮਦਦ ਨਾਲ ਸਕੂਲ ਨੂੰ ਇਕ ਸਮਾਰਟ ਸਕੂਲ ’ਚ ਤਬਦੀਲ ਕਰ ਕੇ ਸਕੂਲ ’ਚ ਸਾਰੀਆਂ ਆਧੁਨਿਕ ਸਹੂਲਤਾਂ ਦਿੱਤੀਆਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਨਾਲ ਜੋੜ ਕੇ ਸਕੂਲ ’ਚ ਬੱਚਿਆਂ ਦੀ ਹਾਜ਼ਰੀ ’ਚ ਵਾਧਾ ਕੀਤਾ। ਪੜ੍ਹਾਈ ਦੇ ਨਾਲ-ਨਾਲ ਬੱਚੇ ਸਹਿ ਵਿੱਦਿਅਕ ਗਤੀਵਿਧੀਆਂ ’ਚ ਵੀ ਜ਼ਿਲ੍ਹੇ ਅਤੇ ਸੂਬਾ ਪੱਧਰ ਤੱਕ ਪ੍ਰਾਪਤੀਆਂ ਕਰ ਰਹੇ ਹਨ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਤੇਵਾਸ ਜ਼ਿਲ੍ਹਾ ਮਾਨਸਾ ਦੇ ਪ੍ਰਿੰਸੀਪਲ ਅਰੁਣ ਕੁਮਾਰ ਗਰਗ ਨੂੰ ਵੀ ਚੰਗੇ ਕਾਰਜਾਂ ਕਰਕੇ ਰਾਸ਼ਟਰੀ ਪੁਰਸਕਾਰ ਲਈ ਚੁਣਿਆ ਗਿਆ ਹੈ। ਉਨ੍ਹਾਂ ਨੂੰ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਵਧਾਈ ਦਿੱਤੀ। ਇਸੇ ਤਰ੍ਹਾਂ ਹੀ ਬੀਸੀਐਮ ਸਕੂਲ, ਬਸੰਤ ਐਵੇਨਿਊ, ਦੁਗਰੀ, ਲੁਧਿਆਣਾ ਦੀ ਪ੍ਰਿੰਸੀਪਲ ਡਾ. ਵੰਦਨਾ ਸ਼ਾਹੀ ਨੂੰ ਵੀ ਰਾਸ਼ਟਰੀ ਐਵਾਰਡ ਲਈ ਚੁਣਿਆ ਗਿਆ ਹੈ।