ਸੰਦੀਪ ਬਹਿਲ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਲੁਧਿਆਣਾ ਦੇ ਮੁੱਖ ਵਾਤਾਵਰਣ ਇੰਜੀਨੀਅਰ ਵਜੋਂ ਅਹੁਦਾ ਸੰਭਾਲਿਆ

Tuesday, Mar 28, 2023 - 08:14 PM (IST)

ਸੰਦੀਪ ਬਹਿਲ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਲੁਧਿਆਣਾ ਦੇ ਮੁੱਖ ਵਾਤਾਵਰਣ ਇੰਜੀਨੀਅਰ ਵਜੋਂ ਅਹੁਦਾ ਸੰਭਾਲਿਆ

ਲੁਧਿਆਣਾ : ਈ. ਆਰ. ਸੰਦੀਪ ਬਹਿਲ ਨੇ ਅੱਜ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਲੁਧਿਆਣਾ ਦੇ ਮੁੱਖ ਵਾਤਾਵਰਣ ਇੰਜੀਨੀਅਰ ਵਜੋਂ ਅਹੁਦਾ ਸੰਭਾਲ ਲਿਆ ਹੈ। ਸੰਦੀਪ ਬਹਿਲ ਪੰਜਾਬ ਵਿਚ ਵੱਖ-ਵੱਖ ਅਹੁਦਿਆਂ ’ਤੇ ਕੰਮ ਕਰ ਚੁੱਕੇ ਹਨ ਅਤੇ ਉਨ੍ਹਾਂ ਨੂੰ ਵਾਤਾਵਰਣ ਅਤੇ ਪ੍ਰਦੂਸ਼ਣ ਕੰਟਰੋਲ ਦੇ ਖੇਤਰ ਵਿਚ 35 ਸਾਲਾਂ ਤੋਂ ਵੱਧ ਦਾ ਵੱਡਾ ਤਜਰਬਾ ਹੈ। ਇਸ ਤੋਂ ਪਹਿਲਾਂ ਉਹ ਲੁਧਿਆਣਾ ਦੇ ਰੰਗਾਈ ਕਲੱਸਟਰਾਂ ਲਈ ਯੋਜਨਾਬੰਦੀ ਤੋਂ ਲੈ ਕੇ 3 ਕਾਮਨ ਐਫਲੂਐਂਟ ਟਰੀਟਮੈਂਟ ਪਲਾਂਟਾਂ (CETPs) ਦੀ ਸਥਾਪਨਾ ਵਿਚ ਨਿਗਰਾਨੀ ਅਤੇ ਮੁੱਖ ਭੂਮਿਕਾ ਨਿਭਾ ਚੁੱਕੇ ਹਨ। ਉਨ੍ਹਾਂ ਨੇ 650 ਕਰੋੜ ਰੁਪਏ ਦੇ ਮਹੱਤਵਪੂਰਣ ਬੁੱਢਾ ਨਾਲਾ ਕਾਇਆ ਕਲਪ ਪ੍ਰੋਜੈਕਟ ਵਿਚ ਵੀ ਅਹਿਮ ਭੂਮਿਕਾ ਨਿਭਾਈ ਹੈ।

ਇਸ ਤੋਂ ਇਲਾਵਾ ਸੰਦੀਪ ਬਹਿਲ ਵਾਤਾਵਰਣ ਨਾਲ ਜੁੜੇ ਵੱਖ-ਵੱਖ ਖੇਤਰਾਂ ਵਿਚ ਕੰਮ ਕਰ ਚੁੱਕੇ ਹਨ। ਜਿਵੇਂ ਕੌਮੀ ਸਵਛ ਹਵਾ ਪ੍ਰੋਗਰਾਮ ਦੇ ਤਹਿਤ ਸ਼ਹਿਰ ਦੀ ਹਵਾ ਗੁਣਵਤਾ ਵਿਚ ਸੁਧਾਰ, ਵਿਸ਼ਵ ਬੈਂਕ ਦੇ ਪ੍ਰੋਜੈਕਟਾਂ, ਉਦਯੋਗਾਂ ਲਈ ਵੇਸਟ ਵਾਟਰ ਮਿਨੀਮਾਈਜ਼ੇਸ਼ਨ ਪ੍ਰੋਗਰਾਮ, ਟਰੀਟਮੈਂਟ ਕੀਤੇ ਗੰਦੇ ਪਾਣੀ ਦੀ ਸਿੰਚਾਈ ਯੋਜਨਾਵਾਂ, ਲੁਧਿਆਣਾ ਸ਼ਹਿਰ ਦੇ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦੀ ਕਾਰਜ ਕੁਸ਼ਲਤਾ ਵਿਚ ਸੁਧਾਰ ਆਦਿ ਖੇਤਰਾਂ ਵਿਚ ਅਹਿਮ ਭੂਮਿਕਾ ਨਿਭਾਅ ਚੁੱਕੇ ਹਨ। 

ਸੰਦੀਪ ਬਹਿਲ ਵਾਤਾਵਰਣ ਦੇ ਵੱਖ-ਵੱਖ ਪ੍ਰੋਜੈਕਟਾਂ ਅਤੇ ਅਸਾਈਨਮੈਂਟਾਂ ਤਹਿਤ ਅਮਰੀਕਾ, ਜਰਮਨੀ, ਫਰਾਂਸ, ਆਸਟਰੀਆ, ਨੀਦਰਲੈਂਡ ਦਾ ਦੌਰਾ ਕਰ ਚੁੱਕੇ ਹਨ। ਉਹ ਆਪਣੇ ਲੀਕ ਤੋਂ ਹਟ ਕੇ ਵਿਚਾਰਾਂ ਕਰਕੇ ਵੀ ਜਾਣੇ ਜਾਂਦੇ ਹਨ ਅਤੇ ਸ਼ਹਿਰ ਦੇ ਨੌਕਰਸ਼ਾਹੀ, ਉਦਯੋਗਿਕ ਅਤੇ ਸਮਾਜਿਕ ਖੇਤਰਾਂ ਵਿਚ ਉਨ੍ਹਾਂ ਦੀ ਚੰਗੀ ਪੈਠ ਹੈ। ਈ. ਆਰ. ਸੰਦੀਪ ਬਹਿਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਲੁਧਿਆਣਾ ਦੀਆਂ ਵਾਤਾਵਰਨ ਸਬੰਧੀ ਸਮੱਸਿਆਵਾਂ ਨਾਲ ਨਜਿੱਠਣ ਦੀ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਲੁਧਿਆਣਾ ਆਪਣੇ ਪ੍ਰਦੂਸ਼ਣ ਸੰਬੰਧੀ ਮੁੱਦਿਆਂ ਲਈ ਜਾਣਿਆ ਜਾਂਦਾ ਹੈ ਅਤੇ ਸੂਬੇ ਦੀਆਂ ਸਾਰੀਆਂ ਵਾਤਾਵਰਣ ਸੰਬੰਧੀ ਗਤੀਵਿਧੀਆਂ ਦਾ ਕੇਂਦਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਸ਼ਹਿਰ ਲਈ ਇੱਕ ਵਿਜ਼ਨ ਡਾਕੂਮੈਂਟ ਬਣਾਉਣ ਲਈ ਕੰਮ ਕਰਨਗੇ ਜਿਸ ਵਿੱਚ ਵਾਤਾਵਰਣ ਨਾਲ ਸਬੰਧਤ ਸਾਰੇ ਮੁੱਦਿਆਂ ਭਾਵੇਂ ਜਲ ਪ੍ਰਦੂਸ਼ਣ, ਹਵਾ ਪ੍ਰਦੂਸ਼ਣ, ਖਤਰਨਾਕ ਰਹਿੰਦ-ਖੂੰਹਦ ਪ੍ਰਬੰਧਨ, ਈ-ਕੂੜਾ ਪ੍ਰਬੰਧਨ ਜਾਂ ਪਲਾਸਟਿਕ ਅਤੇ ਬੈਟਰੀ ਵੇਸਟ ਪ੍ਰਬੰਧਨ ਸ਼ਾਮਲ ਹੋਣਗੇ।


author

Gurminder Singh

Content Editor

Related News