ਔਰਤਾਂ ਦੀ ਪਸੰਦ ਬਣੀਆਂ ਗੋਲਡਨ ਵਰਕ ਵਾਲੀਆਂ ਡਰੈੱਸਾਂ

Saturday, Oct 31, 2026 - 09:48 AM (IST)

ਔਰਤਾਂ ਦੀ ਪਸੰਦ ਬਣੀਆਂ ਗੋਲਡਨ ਵਰਕ ਵਾਲੀਆਂ ਡਰੈੱਸਾਂ

ਵੈੱਬ ਡੈਸਕ- ਇੰਡੀਅਨ ਡਰੈੱਸਾਂ ਹਮੇਸ਼ਾ ਤੋਂ ਔਰਤਾਂ ਅਤੇ ਮੁਟਿਆਰਾਂ ਦੀ ਪਹਿਲੀ ਪਸੰਦ ਰਹੀਆਂ ਹਨ। ਇੰਡੀਅਨ ਡਰੈੱਸ ਵਿਚ ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੀ ਕਢਾਈ ਦੇ ਕੰਮ ਵਾਲੇ ਡਿਜ਼ਾਈਨਰ ਆਊਟਫ਼ਿਟਸ ਵਿਚ ਦੇਖਿਆ ਜਾ ਸਕਦਾ ਹੈ। ਇਨ੍ਹਾਂ ਡਰੈੱਸਾਂ ’ਤੇ ਤਰ੍ਹਾਂ-ਤਰ੍ਹਾਂ ਦੇ ਵਰਕ ਕੀਤੇ ਹੁੰਦੇ ਹਨ, ਜੋ ਇਨ੍ਹਾਂ ਨੂੰ ਹੋਰ ਵੀ ਆਕਰਸ਼ਕ ਬਣਾਉਂਦੇ ਹਨ। ਵਰਕ ਦੀ ਗੱਲ ਕਰੀਏ ਤਾਂ ਡਰੈੱਸਾਂ ’ਤੇ ਗੋਲਡਨ, ਸਿਲਵਰ ਅਤੇ ਮਲਟੀ-ਕਲਰ ਵਰਕ ਦੇਖਣ ਨੂੰ ਮਿਲਦੇ ਹਨ ਪਰ ਗੋਲਡਨ ਵਰਕ ਦਾ ਕ੍ਰੇਜ਼ ਹਮੇਸ਼ਾ ਤੋਂ ਸਭ ਤੋਂ ਜ਼ਿਆਦਾ ਰਿਹਾ ਹੈ।

ਗੋਲਡਨ ਵਰਕ ਵਾਲੀਆਂ ਡਰੈੱਸਾਂ ਹਮੇਸ਼ਾ ਤੋਂ ਮੁਟਿਆਰਾਂ ਅਤੇ ਔਰਤਾਂ ਦੀਆਂ ਫ਼ੇਵਰੇਟ ਰਹੀਆਂ ਹਨ ਅਤੇ ਇਹੋ ਵਜ੍ਹਾ ਹੈ ਕਿ ਇਨ੍ਹਾਂ ਦਾ ਕ੍ਰੇਜ਼ ਹਰ ਉਮਰ ਵਿਚ ਦੇਖਿਆ ਜਾ ਸਕਦਾ ਹੈ। ਮੁਟਿਆਰਾਂ ਅਤੇ ਔਰਤਾਂ ਨੂੰ ਇੰਡੀਅਨ ਡਰੈੱਸ ਵਿਚ ਗੋਲਡਨ ਵਰਕ ਵਾਲੇ ਲਹਿੰਗਾ-ਚੋਲੀ, ਸਾੜ੍ਹੀ, ਸੂਟ ਆਦਿ ਪਸੰਦ ਆ ਰਹੇ ਹਨ। ਖ਼ਾਸ ਕਰ ਕੇ ਖ਼ਾਸ ਮੌਕਿਆਂ ’ਤੇ ਗੋਲਡਨ ਵਰਕ ਵਾਲੀ ਇੰਡੀਅਨ ਡਰੈੱਸ ਮੁਟਿਆਰਾਂ ਨੂੰ ਰਾਇਲ ਅਤੇ ਟ੍ਰੈਡੀਸ਼ਨਲ ਲੁੱਕ ਦਿੰਦੀ ਹੈ ਅਤੇ ਉਨ੍ਹਾਂ ਨੂੰ ਦੂਜਿਆਂ ਤੋਂ ਵੱਖ ਅਤੇ ਖ਼ੂਬਸੂਰਤ ਬਣਾਉਂਦੀ ਹੈ।

ਗੋਲਡਨ ਵਰਕ ਦੀ ਖ਼ਾਸੀਅਤ ਹੈ ਕਿ ਇਹ ਸਾਧਾਰਨ ਸੂਟ ਨੂੰ ਵੀ ਚਾਰ ਚੰਦ ਲਗਾ ਦਿੰਦਾ ਹੈ। ਇਹੋ ਵਜ੍ਹਾ ਹੈ ਕਿ ਐਨੀਵਰਸਰੀ, ਕਰਵਾਚੌਥ, ਵਿਆਹ, ਮਹਿੰਦੀ, ਸੰਗੀਤ ਵਰਗੇ ਮੌਕਿਆਂ ’ਤੇ ਮੁਟਿਆਰਾਂ ਨੂੰ ਹੈਵੀ ਗੋਲਡਨ ਵਰਕ ਵਾਲੇ ਸੂਟ, ਸ਼ਰਾਰਾ ਸੂਟ, ਗਰਾਰਾ ਸੂਟ, ਪਲਾਜ਼ੋ ਸੂਟ ਅਤੇ ਅਨਾਰਕਲੀ ਸੂਟ ਵਿਚ ਦੇਖਿਆ ਜਾ ਸਕਦਾ ਹੈ। ਗੋਲਡਨ ਵਰਕ ਵਿਚ ਸੂਟ ਦੀ ਨੈੱਲਾਈਨ (ਗਲੇ), ਸਲੀਵਜ਼ (ਬਾਂਹਾਂ) ਅਤੇ ਬਾਰਡਰ ’ਤੇ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨ ਦੇਖਣ ਨੂੰ ਮਿਲਦੇ ਹਨ। ਕਿਸੇ ਸੂਟ ’ਤੇ ਲਾਈਟ ਗੋਲਡਨ ਵਰਕ ਦੇਖਿਆ ਜਾ ਸਕਦਾ ਹੈ ਤਾਂ ਕਿਸੇ ’ਤੇ ਹੈਵੀ ਵਰਕ, ਜੋ ਕੁਰਤੀ ਦੇ ਨਾਲ-ਨਾਲ ਬੋਟਮ (ਸਲਵਾਰ/ਪਜਾਮੀ) ਅਤੇ ਦੁਪੱਟੇ ’ਤੇ ਵੀ ਕੀਤਾ ਗਿਆ ਹੁੰਦਾ ਹੈ।

PunjabKesari

ਇਸ ਤਰ੍ਹਾਂ ਦੇ ਗੋਲਡਨ ਵਰਕ ਵਾਲੀ ਡਰੈੱਸ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ ਕਿ ਇਸ ਦੇ ਨਾਲ ਜਿਊਲਰੀ ਆਸਾਨੀ ਨਾਲ ਮੈਚ ਹੋ ਜਾਂਦੀ ਹੈ। ਗੋਲਡਨ ਵਰਕ ਦੇ ਨਾਲ ਗੋਲਡਨ ਜਿਊਲਰੀ ਤੋਂ ਲੈ ਕੇ ਡਰੈੱਸ ਦੇ ਰੰਗ ਦੀ ਜਿਊਲਰੀ ਵੀ ਆਸਾਨੀ ਨਾਲ ਕੈਰੀ ਕੀਤੀ ਜਾ ਸਕਦੀ ਹੈ। ਕਲਰ ਆਪਸ਼ਨਜ਼ ਦੀ ਗੱਲ ਕਰੀਏ ਤਾਂ ਗੋਲਡਨ ਵਰਕ ਹਰ ਰੰਗ ’ਤੇ ਜੱਚਦਾ ਹੈ। ਬਾਜ਼ਾਰ ਵਿਚ ਤਰ੍ਹਾਂ-ਤਰ੍ਹਾਂ ਦੇ ਰੰਗਾਂ ਵਿਚ ਗੋਲਡਨ ਵਰਕ ਵਾਲੇ ਸੂਟ, ਲਹਿੰਗਾ-ਚੋਲੀ ਅਤੇ ਸਾੜ੍ਹੀਆਂ ਉਪਲਬਧ ਹਨ।

ਨਵੀਂਆਂ ਵਿਆਹੀਆਂ ਨੂੰ ਰੈੱਡ, ਮੈਰੂਨ, ਔਰੇਂਜ ਅਤੇ ਰਾਣੀ ਪਿੰਕ ’ਤੇ ਗੋਲਡਨ ਵਰਕ ਵਾਲੇ ਆਊਟਫ਼ਿਟਸ ਪਸੰਦ ਆ ਰਹੇ ਹਨ, ਉੱਥੇ ਹੀ ਔਰਤਾਂ ਨੂੰ ਯੈਲੋ, ਗ੍ਰੀਨ, ਪਰਪਲ, ਬ੍ਰਾਊਨ ਅਤੇ ਚਾਕਲੇਟ ਕਲਰ ਦੇ ਗੋਲਡਨ ਵਰਕ ਵਾਲੇ ਆਊਟਫ਼ਿਟਸ ਵਿਚ ਦੇਖਿਆ ਜਾ ਰਿਹਾ ਹੈ। ਮੁਟਿਆਰਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਬਲੈਕ, ਰਾਇਲ ਬਲੂ, ਪੀਚ ਅਤੇ ਲਾਈਟ ਪਿੰਕ ਕਲਰ ਦੇ ਗੋਲਡਨ ਵਰਕ ਵਾਲੇ ਸੂਟ ਵਿਚ ਦੇਖਿਆ ਜਾ ਸਕਦਾ ਹੈ। ਬਲੈਕ ’ਤੇ ਗੋਲਡਨ ਵਰਕ ਰਾਇਲ ਲੁੱਕ ਦਿੰਦਾ ਹੈ, ਵ੍ਹਾਈਟ ’ਤੇ ਗੋਲਡਨ ਵਰਕ ਸਿੰਪਲ ਸੋਬਰ ਲੁੱਕ ਦਿੰਦਾ ਹੈ ਤਾਂ ਪਿੰਕ ਅਤੇ ਯੈਲੋ ’ਤੇ ਗੋਲਡਨ ਵਰਕ ਕਿਊਟ ਲੁੱਕ ਦਿੰਦਾ ਹੈ। ਇਸ ਲੁੱਕ ਨੂੰ ਕੰਪਲੀਟ ਕਰਨ ਲਈ ਮੁਟਿਆਰਾਂ ਨੂੰ ਹੇਅਰ ਸਟਾਈਲ ਵਿਚ ਪਰਾਂਦਾ, ਲੰਮੀ ਗੁੱਤ, ਓਪਨ ਹੇਅਰ ਅਤੇ ਜੂੜਾ-ਬਨ ਵਿਚ ਦੇਖਿਆ ਜਾ ਸਕਦਾ ਹੈ। ਅਸੈਸਰੀਜ਼ ਵਿਚ ਪੋਟਲੀ ਬੈਗ ਅਤੇ ਕਲੱਚ ਅਤੇ ਫੁੱਟਵੇਅਰ ਵਿਚ ਗੋਲਡਨ ਜੁੱਤੀ, ਮੋਜਰੀ ਅਤੇ ਹਾਈ ਹੀਲਜ਼ ਉਨ੍ਹਾਂ ਦੇ ਲੁੱਕ ਨੂੰ ਪੂਰਾ ਕਰ ਰਹੀਆਂ ਹਨ।


author

DIsha

Content Editor

Related News