ਭਾਸ਼ਣ ਕਲਾ ਵਿਚ ਸਫਲ ਹੋਣ ਲਈ ਕੁਝ ਅਹਿਮ ਨੁਕਤੇ

04/14/2020 12:08:26 PM

ਡਾ: ਹਰਜਿੰਦਰ ਵਾਲੀਆ
ਭਾਸ਼ਣ ਨੂੰ ਹਮੇਸ਼ਾ ਦਿਲਚਸਪ ਬਣਾਓ। ਦਿਲਚਸਪ ਬਣਾਉਣ ਦੇ ਅਨੇਕਾਂ ਢੰਗ ਤਰੀਕੇ ਹਨ। ਦਿਲਚਸਪ ਉਦਾਹਰਣਾਂ, ਆਪਣੇ ਨੁਕਤਿਆਂ ਨੂੰ ਸਪਸ਼ਟ ਕਰਨ ਲਈ ਦਿਲਚਸਪ ਕਹਾਣੀਆਂ, ਟੋਟਕੇ, ਹਾਸਰਸ ਪੈਦਾ ਕਰਨ ਲਈ ਵਿਅੰਗ, ਚੁਟਕਲਾ ਅਤੇ ਸ਼ੇਅਰ ਆਦਿ ਭਾਸ਼ਣ ਨੂੰ ਦਿਲਚਸਪ, ਪ੍ਰਭਾਵਸ਼ਾਲੀ ਅਤੇ ਯਾਦਗਾਰੀ ਬਣਾ ਦਿੰਦੇ ਹਨ। ਫਰਜ਼ ਕਰੋ ਕਿ ਤੁਸੀਂ ਇਹ ਨੁਕਤਾ ਸਪਸ਼ਟ ਕਰਨਾ ਚਾਹੁੰਦੇ ਹੋ ਕਿ ਭਾਰਤੀ ਮੀਡੀਆ ਸਿਰਫ ਅਮੀਰ ਅਤੇ ਸ਼ਹਿਰੀ ਲੋਕਾਂ ਦੀ ਗੱਲ ਕਰਦਾ ਹੈ। ਆਪਣੀ ਗੱਲ ਨੂੰ ਸਪਸ਼ਟ ਕਰਨ ਲਈ ਹੇਠ ਲਿਖੀ ਸੱਚੀ ਘਟਨਾ ਸੁਣਾ ਸਕਦੇ ਹੋ: ''ਮੁੰਬਈ ਦੇ ਲਾਗੇ ਇਕ ਸ਼ਹਿਰ ਹੈ ਥਾਣਾ। ਥਾਣੇ ਵਿਚ ਇਥ ਅੰਨਾ ਡੇ ਨਾਮ ਦਾ ਮਜ਼ਦੂਰ ਸੀ। ਉਸਦੇ ਪੰਜ ਬੱਚੇ ਸਨ। ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਸੀ। ਪਿਛਲੇ ਮਹੀਨੇ ਉਸ ਲਈ ਬਹੁਤ ਦੁਖਾਂਤ ਸਿੱਧ ਹੋਇਆ। ਉਹ ਠੇਕੇਦਾਰ ਤੋਂ ਆਪਣੀ ਮਜ਼ਦੂਰੀ ਲੈਣ ਗਿਆ। ਠੇਕੇਦਾਰ ਨੇ ਅਗਲੇ ਦਿਨ ਆਉਣ ਲਈ ਕਿਹਾ। ਜਦੋਂ ਉਹ ਅਗਲੇ ਦਿਨ ਗਿਆ ਤਾਂ ਠੇਕੇਦਾਰ ਨੇ ਉਸ ਨੂੰ ਫਿਰ ਟਾਲ ਦਿੱਤਾ। ਇਉਂ ਵਾਰ ਵਾਰ ਉਹ ਆਪਣੀ ਮਜ਼ਦੂਰੀ ਮੰਗਣ ਜਾਂਦਾ ਪਰ ਠੇਕੇਦਾਰ ਕੋਈ ਪੱਲਾ ਨਹੀਂ ਸੀ ਫੜ ਰਿਹਾ। ''ਤੂੰ ਪੈਸੇ ਦੇਣੇ ਹਨ ਕਿ ਮੈਂ ਕਲੈਕਟਰ ਕੋਲ ਸ਼ਿਕਾਇਤ ਕਰਾਂ'' ਉਸਨੇ ਠੇਕੇਦਾਰ ਨੂੰ ਕਿਹਾ। ਠੇਕੇਦਾਰ ਹੱਸਿਆ ਤੇ ਕਹਿਣ ਲੱਗਾ, ਹੁਣ ਤੂੰ ਕਲੈਕਟਰ ਕੋਲ ਹੀ ਜਾ। ਅੰਨਾ ਡੇ ਕਲੈਕਟਰ ਨੂੰ ਮਿਲਣ ਗਿਆ ਪਰ ਉਸ ਗਰੀਬ ਨੂੰ ਕੌਣ ਮਿਲਣ ਦਿੰਦਾ ਸੀ। ਕਿਸੇ ਨੇ ਉਸਦੀ ਫਰਿਆਦ ਨਹੀਂ ਸੁਣੀ। ਉਸਦੀ ਬੀਵੀ ਅਤੇ ਬੱਚੇ ਭੁੱਖੇ ਸਨ, ਉਹਨਾਂ ਨੂੰ ਰੋਟੀ ਦੇਣ ਲਈ ਅਤੇ ਆਪਣੀ ਹੱਕ ਦੀ ਕਮਾਈ ਮੰਗਣ ਲਈ ਉਹ ਉਥੇ ਹੀ ਭੁੱਖ ਹੜਤਾਲ ਤੇ ਬੈਠ ਗਿਆ, ਮਰਨ ਵਰਤ 'ਤੇ। ਗਾਂਧੀ ਦੀ ਰੂਹ ਆ ਗਈ ਉਸ ਵਿਚ। ਪਰ ਫਿਰ ਵੀ ਕਿਸੇ ਨੇ ਉਸਦੀ ਇਕ ਨਾ ਸੁਣੀ। 

ਆਖਿਰ 22ਵੇਂ ਦਿਨ ਉਹ ਭੁੱਖ ਨਾ ਸਹਾਰਦਾ ਹੋਇਆ ਚੱਲ ਵੱਸਿਆ। ਅੰਨਾ ਡੇ ਦੀ ਮੌਤ ਤੋਂ ਬਾਅਦ ਸਾਰੇ ਵੱਡੇ ਚੈਨਲ ਉਸਦੀ ਮੌਤ ਨੂੰ ਕਵਰ ਕਰਨ ਪਹੁੰਚ ਗਏ। ਮੀਡੀਆ ਨੂੰ ਆਇਆ ਵੇਖ ਕੇ ਕਲੈਕਟਰ ਵੀ ਪਹੁੰਚ ਗਿਆ ਅਤੇ ਦੋ ਲੱਖ ਰੁਪਏ ਦੀ ਗਰਾਂਟ ਵੀ ਮਨਜ਼ੂਰ ਕਰ ਦਿੱਤੀ। ਠੇਕੇਦਾਰ ਦੇ ਖਿਲਾਫ ਕੇਸ ਦਰਜ ਹੋਇਆ। ਆਖਿਰ ਅੰਨਾ ਮਰ ਕੇ ਜਿੱਤ ਗਿਆ। ਇਸ ਦੇਸ਼ ਵਿਚ ਗਰੀਬ ਆਦਮੀ ਨੂੰ ਮੀਡੀਆ ਵਿਚ ਆਉਣ ਲਈ ਮਰਨਾ ਪੈਂਦਾ ਹੈ ਜਾਂ ਫਿਰ ਅੱਠ ਸਾਲ ਦੇ ਬੁਧੀਆ ਨੂੰ 10 ਕਿਲੋਮੀਟਰ ਦੌੜਨਾ ਪੈਂਦਾ ਹੈ। ਇਸ ਮੀਡੀਆ ਕੋਲ ਅਮਿਤਾਬ ਬੱਚਨ ਦੀ ਨੂੰਹ ਦੇ ਲਹਿੰਗੇ ਲਈ ਅੱਧੇ ਘੰਟੇ ਦਾ ਸਲਾਟ ਮਿਲ ਜਾਂਦਾ ਹੈ ਪਰ ਕਿਸੇ ਕਿਸਾਨ ਦੀ ਖੁਦਕੁਸ਼ੀ ਦੀ ਖ਼ਬਰ ਲਈ ਕੋਈ ਵਕਤ ਨਹੀਂ।

ਉਕਤ ਘਟਨਾ ਸੁਣਾ ਕੇ ਜਿੱਥੇ ਤੁਸੀਂ ਆਪਣਾ ਨੁਕਤਾ ਸਪਸ਼ਟ ਕਰ ਦਿੱਤਾ, ਉਥੇ ਸਰੋਤਿਆਂ ਦੇ ਮਨ ਵਿਚ ਆਮ ਆਦਮੀ ਪ੍ਰਤੀ ਹਮਦਰਦੀ ਪੈਦਾ ਕਰ ਲਈ। ਅਜਿਹਾ ਕਰਨਾ ਇਕ ਚੰਗੇ ਵਕਤੇ ਲਈ ਜ਼ਰੂਰੀ ਹੁੰਦਾ ਹੈ। ਨੁਕਤਾ ਜਾਂ ਦਲੀਲ ਤਾਂ ਵੈਸੇ ਵੀ ਰੱਖੀ ਜਾ ਸਕਦੀ ਸੀ ਪਰ ਉਹ ਨੀਰਸ ਅਤੇ ਗੰਭੀਰ ਹੁੰਦੀ। ਕਹਾਣੀ ਜਾਂ ਘਟਨਾ ਜਿੱਥੇ ਸਰੇਤਿਆਂ ਵਿਚ ਦਿਲਚਸਪੀ ਭਰਦੀ ਹੈ, ਉਥੇ ਤਰਕ ਅਤੇ ਨੁਕਤੇ ਨੂੰ ਪ੍ਰਭਾਵਸ਼ਾਲੀ ਵੀ ਬਣਾਉਂਦੀ ਹੈ। ਸੇ, ਭਾਸ਼ਣ ਤੇਂ ਪਹਿਲਾਂ ਆਪਣੇ ਭਾਸ਼ਣ ਦੇ ਲਈ ਮੁੱਖ ਨੁਕਤੇ, ਦਲੀਲਾਂ ਅਤੇ ਵਿਚਾਰ ਤਿਆਰ ਕਰ ਲਵੋ ਅਤੇ ਸੋਚ ਲਵੋ ਕਿ ਇਹਨਾਂ ਨੁਕਤਿਆਂ ਨੂੰ ਸਪਸ਼ਟ ਕਰਨ ਲਈ ਕਿਹੜੀ ਘਟਨਾ ਜਾਂ ਕਹਾਣੀ ਬਿਆਨ ਕਰਨੀ ਹੈ। ਸਰੋਤਿਆਂ ਨੂੰ ਬੋਰੀਅਤ ਤੋਂ ਬਚਾਉਣ ਲਈ ਹਮੇਸ਼ਾ ਹਾਸ ਰਸ ਅਤੇ ਵਿਅੰਗ ਦਾ ਸਹਾਰਾ ਲਵੋ। ਹਾਸ ਰਸ ਪੈਦਾ ਕਰਨ ਲਈ ਕੋਈ ਟੋਟਕਾ, ਚੁਟਕਲਾ, ਵਿਅੰਗਾਤਮਕ ਕਹਾਣੀ ਸੁਣਾਈ ਜਾ ਸਕਦੀ ਹੈ। ਜਿਵੇਂ ਸਿਆਸਤਦਾਨਾਂ, ਅਖੌਤੀ ਸਾਧਾਂ ਸੰਤਾਂ ਅਤੇ ਹੋਰ ਸਮਾਜਿਕ ਨੇਤਾਵਾਂ ਦੇ ਦੋਹਰੇ ਕਿਰਦਾਰ ਨੂੰ ਦਰਸਾਉਣ ਲਈ ਹੇਠ ਲਿਖੀ ਕਹਾਣੀ ਸੁਣਾਈ ਜਾ ਸਕਦੀ ਹੈ।

''ਦੁਨੀਆਂ ਦੀ ਸਭ ਤੋਂ ਸੁੰਦਰ ਇਸਤਰੀ ਮਰ ਕੇ ਉਪਰ ਪਹੁੰਚੀ। ਉਸਨੇ ਵੇਖਿਆ ਕਿ ਸਵਰਗ ਦੇ ਦਰਵਾਜ਼ੇ ਉਤੇ ਇਕ ਵੱਡਾ ਇਸਾਈ ਸੰਤ ਖੜ੍ਹਾ ਸੀ। ਸੰਤ ਨੇ ਉਸ ਸੁੰਦਰੀ ਨੂੰ ਕਿਹਾ ਕਿ ਹੁਣ ਤੂੰ ਜਿਸ ਰਸਤੇ ਸਵਰਗ ਵਿਚ ਜਾਣਾ ਹੈ, ਇਹ ਬਹੁਤ ਬਰੀਕ ਪੁਲ ਹੈ। ਯਾਦ ਰੱਖੀਂ ਇਸ ਪੁਲ ਨੂੰ ਪਾਰ ਕਰਦੇ ਸਮੇਂ ਤੇਰੇ ਮਨ ਵਿਚ ਜੇ ਕੇਈ ਵੀ ਗਲਤ ਜਾਂ ਨਕਾਰਾਤਮਕ ਵਿਚਾਰ ਆ ਗਿਆ ਤਾਂ ਤੂੰ ਥੱਲੇ ਡੂੰਘੇ ਨਰਕ ਵਿਚ ਡਿੱਗ ਪਵੇਂਗੀ। ਇੰਨਾ ਸਮਝਾ ਕੇ ਉਹ ਸੰਤ ਉਸਨੂੰ ਅੱਗੇ ਲੈ ਤੁਰਿਆ। ਅਜੇ ਉਹ ਅੱਧ ਵਿਚ ਹੀ ਪਹੁੰਚੇ ਸੀ ਕਿ ਸੰਤ ਧੜੱਮ ਕਰਕੇ ਨਰਕ ਵਿਚ ਜਾ ਡਿੱਗਿਆ।'' ਅਜਿਹੀ ਘਟਨਾ ਜਿੱਥੇ ਹਾਸਰਸ ਪੈਦਾ ਕਰੇਗੀ, ਉਥੇ ਦੋਗਲੀ ਕਿਸਮ ਦੇ ਲੋਸਕਾਂ ਤੇ ਤਿੱਖੀ ਚੋਟ ਵੀ ਕਰੇਗੀ। ਇਸ ਤਰ੍ਹਾਂ ਪੰਜਾਬ ਵਿਚ ਅਧਿਆਪਕਾਂ ਦੀ ਕਮੀ ਨੂੰ ਦਰਸਾਉਂਦਾ ਵਿਅੰਗ ਵੇਖਿਆ ਜਾ ਸਕਦਾ ਹੈ। ''ਇਕ ਵੱਡਾ ਅਫਸਰ ਪਿੰਡ ਦੇ ਸਕੂਲ ਦਾ ਮੁਆਇਨਾ ਕਰਨ ਗਿਆ। ਬੱਚਿਆਂ ਨੂੰ ਪੁੱਛਣ ਲੱਗਾ, ''ਅੰਗਰੇਜ਼ੀ ਕੌਣ ਪੜ੍ਹਾਉਂਦਾ ਹੈ। 'ਕੁਰਸੀ' ਬੱਚਿਆਂ ਨੇ ਜਵਾਬ ਦਿੱਤਾ। 'ਹਿਸਾਬ' ਉਸਨੇ ਫਿਰ ਪੁੱਛਿਆ 'ਕੁਰਸੀ' ਬੱਚਿਆਂ ਨੇ ਫਿਰ ਜਵਾਬ ਦਿੱਤਾ। 'ਪੰਜਾਬੀ ਕੌਣ ਪੜ੍ਹਾਉਂਦਾ ਹੈ' ਉਸਦਾ ਅਗਲਾ ਸਵਾਲ ਸੀ 'ਕੁਰਸੀ' ਬੱਚਿਆਂ ਦਾ ਜਵਾਬ ਸੀ। ਅੱਕ ਕੇ ਉਹ ਕਹਿਣ ਲੱਗਾ, ਇਹ ਕੀ, ਕੁਰਸੀ ਕੀ।

ਗੱਲ ਇਹ ਹੈ ਜੀ, ਜਮਾਤ ਵਿਚ ਕੋਈ ਅਧਿਆਪਕ ਤਾਂ ਆਉਂਦਾ ਹੀ ਨਹੀਂ, ਕੁਰਸੀ ਹੀ ਪਈ ਰਹਿੰਦੀ ਹੈ' ਇਸ ਲਈ ਬੱਚੇ ਇਹ ਜਵਾਬ ਦੇ ਰਹੇ ਹਨ। ਇਸ ਤਰ੍ਹਾਂ ਦਾ ਵਿਅੰਗ ਭਾਸ਼ਣ ਨੂੰ ਇੰਨਾ ਕੁ ਦਿਲਚਸਪ ਅਤੇ ਉਪਯੇਗੀ ਬਣਾ ਸਕਦਾ ਹੈ ਕਿ ਸਰੇਤੇ ਲੰਮੇ ਸਮੇਂ ਤੱਕ ਉਸਦੇ ਪ੍ਰਭਾਵ ਨੂੰ ਕਬੂਲਣ ਵਿਚ ਕਾਮਯਾਬ ਹੇਣਗੇ। ਜ਼ਿੰਦਗੀ ਦੀਆਂ ਸਚਾਈਆਂ ਨੂੰ ਉਜਾਗਰ ਕਰਕੇ ਹੀ ਵਕਤਾ ਸਫਲ ਵਕਤਿਆਂ ਦੀ ਸੂਚੀ ਵਿਚ ਆਪਣਾ ਨਾਮ ਲਿਖਵਾ ਸਕਦਾ ਹੈ। ਇਹ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਸਰੇਤੇ ਹਮੇਸ਼ਾ ਸੱਚੀਆਂ ਘਟਨਾਵਾਂ ਅਤੇ ਜ਼ਿੰਦਗੀ ਦੀਆਂ ਸਚਾਈਆਂ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ। ਜ਼ਿੰਦਗੀ ਦੇ ਕੌੜੇ ਸੱਚ ਬਿਆਨ ਕਰਦੇ ਸਮੇਂ 'ਤੁਸੀਂ' ਦਾ ਪ੍ਰਯੋਗ ਕਰਨ ਦੀ ਬਜਾਏ 'ਮੈਂ' ਜਾਂ 'ਅਸੀਂ' ਦਾ ਪ੍ਰਯੋਗ ਕਰਨਾ ਸਹੀ ਹੁੰਦਾ ਹੈ। ਮੈਂ ਆਪਣੇ ਪ੍ਰੇਰਨਾਮਈ ਭਾਸ਼ਣਾਂ ਵਿਚ ਲੋਕਾਂ ਨੂੰ ਸਮੇਂ ਦਾ ਸਹੀ ਪ੍ਰਯੋਗ ਅਤੇ ਸਫਲਤਾ ਲਈ ਸਮੇਂ ਦੀ ਠੀਕ ਵਿਉਂਤਬੰਦੀ 'ਤੇ ਜ਼ੋਰ ਦਿੰਦੇ ਹੋਏ ਅਕਸਰ ਕਹਿੰਦਾ ਹਾਂ ਕਿ ਅਸੀਂ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਗੈਰ-ਹਾਜ਼ਰ ਦੋਸਤਾਂ ਦੀਆਂ ਗੱਲਾਂ, ਚੁਗਲੀਆਂ ਅਤੇ ਨਿੰਦਾ ਕਰਨ ਤੇ ਲਾ ਦਿੰਦੇ ਹਾਂ। ਇੱਥੇ ਜੇ ਮੈਂ ਇਹ ਕਹਾਂ ਕਿ 'ਤੁਸੀਂ ਬਹੁਤਾ ਵਕਤ ਨਿੰਦਾ ਚੁਗਲੀ ਵਿਚ ਗੁਜ਼ਾਰ ਦਿੰਦੇ ਹੋ' ਤਾਂ ਮੈਂ ਸਾਹਮਣੇ ਬੈਠੇ ਸਰੋਤਿਆਂ ਨੂੰ ਨਰਾਜ਼ ਕਰ ਰਿਹਾ ਹੋਵਾਂਗਾ। ਜਦੋਂ ਮੈਂ ਇਹ ਕਹਿੰਦਾ ਹਾਂ ਕਿ ਆਪਾਂ ਕਾਫੀ ਵਕਤ ਨਿੰਦਾ ਚੁਗਲੀ ਵਿਚ ਗੁਜ਼ਾਰਦੇ ਹਾਂ ਤਾਂ ਉਹ ਨਰਾਜ਼ ਹੋਣ ਦੀ ਬਜਾਏ ਸਵੈ-ਪੜਚੋਲ ਕਰਨੀ ਸ਼ੁਰੂ ਕਰ ਦੇਣਗੇ। 

ਆਪਣੇ ਆਪ ਜਾਂ ਆਪਣੇ ਕਿਸੇ ਨੇੜਲੇ ਸਾਥੀ ਦੀ ਉਦਾਹਰਣ ਨਾਲ ਵੀ ਨੁਕਤਾ ਸਮਝਾਇਆ ਜਾ ਸਕਦਾ ਹੈ। ਜਿਵੇਂ ''ਮੈਂ ਆਪਣੀ ਪਤਨੀ ਨੂੰ ਕਿਹਾ ਕਿ ਜੇ ਤੇਰੀ ਉਮਰ 70 ਸਾਲ ਹੇਵੇ ਤਾਂ 20-25 ਸਾਲ ਤਾਂ ਨੀਂਦ ਵਿਚ ਗੁਜ਼ਰ ਗਏ। ਤੂੰ ਕਦੇ ਅੰਦਾਜ਼ਾ ਲਗਾਇਆ ਹੈ ਕਿ ਬਾਕੀ 40-45 ਸਾਲਾਂ ਵਿਚੋਂ 5-7 ਸਾਲ ਤਾਂ ਤੂੰ ਮੇਕਅਪ ਕਰਨ ਅਤੇ ਬਿਊਟੀ ਪਾਰਲਰਾਂ ਵਿਚ ਗਵਾ ਦਿੱਤੇ।'' ਅਜਿਹੀ ਉਦਾਹਰਣ ਦੇ ਕੇ ਤੁਸੀਂ ਸਰੋਤਿਆਂ ਨੂੰ ਹੱਸਦੇ ਹੱਸਦੇ ਵਕਤ ਦੀ ਵਿਉਂਤਬੰਦੀ ਲਈ ਸੁਝਾਅ ਦੇ ਦਿੰਦੇ ਹੋ। ਸਰੋਤੇ ਤੁਹਾਡੀ ਨਿੱਜੀ ਗੱਲ ਨੂੰ ਆਪਣੇ 'ਤੇ ਲਾਗੂ ਕਰਕੇ ਵੇਖਦੇ ਹਨ ਅਤੇ ਪ੍ਰਭਾਵ ਕਬੂਲ ਲੈਂਦੇ ਹਨ। ਨਿੱਜੀ ਉਦਾਹਰਣਾਂ ਨਾਲ ਓਤ ਪੋਤ ਭਾਸ਼ਣ ਹਮੇਸ਼ਾ ਸਫਲ ਭਾਸ਼ਣ ਹੁੰਦੇ ਹਨ। ਪ੍ਰਭਾਵਸ਼ਾਲੀ ਵਕਤਾ ਆਪਣੀ ਗੱਲ ਦੀ ਗਵਾਹੀ ਲਈ ਹਮੇਸ਼ਾ ਆਪਣੇ ਪਰਿਵਾਰ ਅਤੇ ਆਲੇ ਦੁਆਲੇ ਵਿਚੋਂ ਉਦਾਹਰਣਾਂ ਲੱਭਦਾ ਰਹਿੰਦਾ ਹੈ। ''ਤੁਹਾਨੂੰ ਪਤਾ ਹੈ ਜ਼ਿੰਦਗੀ ਵਿਚ ਸਫਲਤਾ ਦੇ ਸੂਤਰ ਆਤਮ ਵਿਸ਼ਵਾਸ, ਦ੍ਰਿੜ੍ਹ ਇਰਾਦਾ ਅਤੇ ਆਤਮ ਬਲ ਹਨ। ਮੇਰੇ ਬੱਚੇ ਸਮੇਤ ਪੰਜ ਬੱਚਿਆਂ ਨੇ ਇਕੋ ਦਿਨ ਇਕ ਜਿੰਮ ਜੁਆਇਨ ਕੀਤਾ। ਉਹਨਾਂ ਦਾ ਸਾਰਿਆਂ ਦਾ ਭਾਰ 120 ਕਿਲੋ ਤੋਂ ਉਪਰ ਸੀ। 7 ਮਹੀਨੇ ਬਾਅਦ ਇਕ ਮੁੰਡਾ 35 ਕਿਲੋ ਵਜ਼ਨ ਘੱਟ ਕਰਨ ਵਿਚ ਕਾਮਯਾਬ ਹੋਇਆ। ਕਿਉਂ ।ਕਿਉਂਕਿ ਉਸ ਵਿਚ ਆਤਮ ਬਲ ਸੀ ਅਤੇ ਉਸਦਾ ਇਰਾਦਾ ਪੱਕਾ ਸੀ।'' ਇਹ ਗੱਲ ਸਰੋਤਿਆਂ ਨੂੰ ਪ੍ਰੇਰਿਤ ਕਰੇਗੀ ਅਤੇ ਪ੍ਰੇਰਨਾਮਈ ਪ੍ਰਸੰਸਾ ਹਮੇਸ਼ਾ ਭਾਸ਼ਣ ਨੂੰ ਰੋਚਕ ਬਣਾਉਂਦੀ ਹੈ।

ਕਹਾਣੀਆਂ, ਨਿੱਜੀ ਜ਼ਿੰਦਗੀ ਵਿਚੋਂ ਉਦਾਹਰਣਾਂ, ਵਿਅੰਗ, ਟੋਟਕੇ ਅਤੇ ਚੁਟਕਲੇ ਆਦਿ ਵਾਂਗ ਹੀ ਸ਼ੇਅਰ ਅਤੇ ਕਵਿਤਾਵਾਂ ਵੀ ਤਕਰੀਰ ਨੂੰ ਖੂਬਸੂਰਤ ਰੰਗ ਪ੍ਰਦਾਨ ਕਰਦੀਆਂ ਹਨ। ਜੋ ਗੱਲ ਅਸੀਂ ਸੈਂਕੜੇ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੇ, ਉਸਨੂੰ ਇਕ ਸ਼ੇਅਰ ਆਸਾਨੀ ਨਾਲ ਸਰੋਤਿਆਂ ਦੇ ਦਿਲਾਂ ਵਿਚ ਪਹੁੰਚਾ ਸਕਦਾ ਹੈ। ਫਰਜ਼ ਕਰੋ, ਤੁਸੀਂ ਸਰੋਤਿਆਂ ਅੱਗੇ ਨੁਕਤਾ ਰੱਖਣਾ ਚਾਹੁੰਦੇ ਹੋ ਕਿ ਅਸੀਂ ਜ਼ਿੰਦਗੀ ਵਿਚ ਸਵੈ-ਪੜੋਲ ਹੀ ਨਹੀਂ ਕਰਦੇ। ਜੇ ਕਰਦੇ ਹੋਈਏ ਤਾਂ ਸਾਨੂੰ ਆਪਣੀਆਂ ਕਮੀਆਂ ਅਤੇ ਗਲਤੀਆਂ ਦਾ ਪਤਾ ਲੱਗ ਸਕਦਾ ਹੈ। ਇਸ ਲਈ ਅਸੀਂ ਇਉਂ ਕਹਿ ਸਕਦੇ ਹਾਂ: ਤਮਾਮ ਉਮਰ ਹਮ ਗਲਤੀ ਕਰਤੇ ਰਹੇ ਧੂਲ ਚਿਹਰੇ ਪਰ ਥੀ, ਹਮ ਆਇਨਾ ਸਾਫ ਕਰਤੇ ਰਹੇ ਅਗਰ ਤੁਸੀਂ ਆਪਣੀ ਤਕਰੀਰ ਵਿਚ ਸਿਆਸੀ ਲੋਕਾਂ ਨੂੰ ਖਰੀਆਂ ਖਰੀਆਂ ਕਹਿਣੀਆਂ ਚਾਹੁੰਦੇ ਹੋ ਤਾਂ ਵੀ ਸ਼ੇਅਰ ਦਾ ਸਹਾਰਾ ਲਿਆ ਜਾ ਸਕਦਾ ਹੈ। ਇਧਰ ਉਧਰ ਕੀ ਬਾਤ ਨਾ ਕਰ ਯੇ ਬਤਾ ਕਿ ਕਾਫਲਾ ਕੈਸੇ ਲੁਟਾ ਹਮੇ ਰਹਿਜਨੋ ਸੇ ਗਿਲਾ ਨਹੀਂ ਤੇਰੀ ਰਹਿਬਰੀ ਕਾ ਸਵਾਲ ਹੈ। ਭਾਸ਼ਣਾਂ ਵਿਚ ਸਕਾਰਾਤਮਕ ਸੋਚ ਰੱਖਣ ਦਾ ਪ੍ਰਭਾਵ ਵੀ ਸਕਾਰਾਤਮਕ ਪੈਂਦਾ ਹੈ। ਭਾਸ਼ਣ ਕਰਤਾ ਨੂੰ ਆਸ਼ਾਵਾਦੀ ਹੋਣਾ ਜ਼ਰੂਰੀ ਹੈ ਤਾਂ ਕਿ ਉਹ ਲੋਕਾਂ ਨੂੰ ਹੌਂਸਲਾ ਅਤੇ ਪ੍ਰੇਰਨਾ ਦੇ ਸਕੇ। ਅਜਿਹੇ ਸਮੇਂ ਆਪ ਕਹਿ ਸਕਦੇ ਹੋ ਕਿ ਸੁਰਜੀਤ ਪਾਤਰ ਕਿੰਨਾ ਖੂਬਸੂਰਤ ਲਿਖਿਆ ਹੈ:
ਜੇ ਆਈ ਏ ਪੱਤਝੜ ਤਾਂ ਫੇਰ ਕੀ ਏ
ਤੂੰ ਅਗਲੀ ਰੁੱਤ 'ਚ ਯਕੀਨ ਰੱਖੀਂ
ਮੈਂ ਲੱਭ ਕੇ ਕਿਤਿਉਂ ਲਿਆਉਣਾ ਕਲਮਾਂ
ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ

ਸਮਾਜ ਵਿਚ ਵਿੱਚਰਦਿਆਂ ਸਾਨੂੰ ਹਰ ਤਰ੍ਹਾਂ ਦੇ ਮੌਕਿਆਂ 'ਤੇ ਤਕਰੀਰਾਂ ਕਰਨ ਦੀ ਜ਼ਰੂਰਤ ਪੈਂਦੀ ਹੈ। ਪੰਜਾਬੀ ਸਮਾਜ ਵਿਚ ਮਰਗ ਦੇ ਭੋਗਾਂ ਤੇ ਸ਼ਰਧਾਂਜਲੀ ਭੇਂਟ ਕਰਨ ਦਾ ਰਿਵਾਜ਼ ਹੈ। ਅਜਿਹੇ ਮੌਕੇ ਜਿੱਥੇ ਦੁਨੀਆ ਵਿਚੋਂ ਤੁਰ ਜਾਣ ਵਾਲੇ ਦੀ ਵਡਿਆਈ ਕੀਤੀ ਜਾਂਦੀ ਹੈ, ਉਥੇ ਗੁਰਬਾਣੀ ਅਤੇ ਹੋਰ ਧਾਰਮਿਕ ਗ੍ਰੰਥ ਦੇ ਹਵਾਲੇ ਨਾਲ ਮੌਤ ਵਰਗੀ ਅਟੱਲ ਸਚਾਈ ਬਾਰੇ ਦੱਸਿਆ ਜਾ ਸਕਦਾ ਹੈ। ਜਿਵੇਂ ਸ਼ੇਖ ਹੋਯਾਤੀ ਜਗਿ ਨ ਕੋਇ ਥਿਰੁ ਰਹਿਆ ਜਿਸ ਅਸਣਿ ਹਮ ਬੈਠੇ ਕੇਤੇ ਬੈਸਿ ਗਇਆ ਸ੍ਰੀ ਗੁਰੂ ਨਾਨਕ ਪਾਤਸ਼ਾਹ ਦਾ ਫੁਰਮਾਨ ਹੈ:
ਰਾਣਾ ਰਾਓ ਨਾ ਕੋ ਕਹੈ ਰੰਗੁ ਨ ਤੁੰਗੁ ਫਕੀਰ
ਵਾਰੀ ਆਪੋ ਆਪਣੀ ਕੋਇ ਨ ਬੰਧੇ ਧੀਰ॥

ਇਸ ਤਰ੍ਹਾਂ ਹਰ ਖੁਸ਼ੀ ਗਮੀ ਅਤੇ ਜ਼ਿੰਦਗੀ ਦੀਆਂ ਸਚਾਈਆਂ ਨੂੰ ਪ੍ਰਗਟਾਉਂਦਿਆਂ ਅਨੇਕਾਂ ਤੁਕਾਂ ਅਤੇ ਸ਼ਬਦ ਮਿਲ ਜਾਂਦੇ ਹਨ। ਜਿਸਨੂੰ ਵਕਤਾ ਆਪਣੇ ਭਾਸ਼ਣ ਦਾ ਹਿੱਸਾ ਬਣਾ ਕੇ ਸਫਲ ਹੋ ਸਕਦਾ ਹੈ। ਚੰਗਾ ਵਕਤਾ ਹਮੇਸ਼ਾ ਸਰੋਤਿਆਂ ਦੀ ਰੁਚੀ ਨੂੰ ਬਿਆਨ ਵਿਚ ਰੱਖਦਾ ਹੈ। ਮੰਚ ਤੇ ਜਾਣ ਤੋਂ ਬਾਅਦ ਸਭ ਤੋਂ ਪਹਿਲਾਂ ਸਰੋਤਿਆਂ ਤੇ ਨਿਗ੍ਹਾ ਮਾਰ ਕੇ ਇਹ ਦੇਖ ਲੈਣਾ ਜ਼ਰੂਰੀ ਹੈ ਕਿ ਤੁਹਾਡੇ ਸਰੋਤੇ ਕੌਣ ਹਨ। ਵਿਦਿਆਰਥੀ ਹਨ, ਕਿਸਾਨ ਹਨ, ਮਜ਼ਦੂਰ ਹਨ, ਤਰਕਸ਼ੀਲ ਹਨ, ਧਾਰਮਿਕ ਰੁਚੀਆਂ ਦੇ ਮਾਲਕ ਹਨ, ਪੜ੍ਹੇ ਲਿਖੇ ਹਨ, ਅਨਪੜ੍ਹ ਹਨ ਜਾਂ ਫਿਰ ਅੱਧਪੜ ਹਨ। ਸਰੋਤਿਆਂ ਵੱਲ ਦ੍ਰਿਸ਼ਟੀ ਮਾਰੋ ਅਤੇ ਉਹਨਾਂ ਦੀ ਰੁਚੀ ਦਾ ਖਿਆਲ ਰੱਖੋ। ''ਮੈਂ ਰੇਲ ਗੱਡੀ ਵਿਚ ਲੁਧਿਆਣੇ ਤੋਂ ਮੰਡੀ ਅਹਿਮਦਗੜ੍ਹ ਜਾ ਰਿਹਾ ਸੀ। ਜੱਸੋਵਾਲ ਸਟੇਸ਼ਨ ਤੋਂ ਇਕ ਵਿਅਕਤੀ ਸਾਡੇ ਡੱਬੇ ਵਿਚ ਆਇਆ। ਆਉਣ ਸਾਰ ਕਹਿਣਲੱਗਾ ''ਵੇਖੋ ਭਾਈ, ਆਹ ਬੀਬੀ ਆਹ ਪੁੱਤ ਨੂੰ ਕਹਿ ਰਹੀ ਹੈ, ਮਰ ਜਾਣਿਆ, ਬਾਂਹ ਬਾਹਰ ਨਾ ਕੱਢ। ਇਹਦਾ ਮਰ ਜਾਣਾ ਕਹਿਣਾ ਆਪਣੇ ਪੁੱਤ ਲਈ ਪਿਆਰ ਦਾ ਇਜ਼ਹਾਰ ਹੈ। ਜਿੰਨੀਆਂ ਵੀ ਔਰਤਾਂ ਡੱਬੇ ਵਿਚ ਸਨ ਸਭ ਦਾ ਧਿਆਨ ਉਸ ਵੱਲ ਖਿੱਚਿਆ ਗਿਆ। ''ਆਹ ਮੇਰੇ ਕਿਸਾਨ ਵੀਰ ਬੈਠੇ ਹਨ, ਇਹ ਵੀ ਅਕਸਰ ਆਪਣੇ ਬਲਦਾਂ ਨੂੰ ਕਹਿੰਦੇ ਸੁਣੇ ਜਾਂਦੇ ਹਨ। ਤੇਰੇ ਸੱਪ ਲੜਜੇ, ਤੂੰ ਮਰਜੇਂ। ਭਲਾ ਪੁੱਤਾਂ ਵਾਂਗ ਪਾਲੇ ਬਲਦਾਂ ਨੂੰ ਕੋਈ ਦਰਅਸੀਸ ਦੇ ਸਕਦੈ। ਇਹ ਵੀ ਪਿਆਰ ਹੀ ਹੁੰਦੈ, ਇਹਨਾਂ ਵੀਰਾਂ ਦਾ'' ਉਸਨੇ ਡੱਬੇ ਵਿਚਲੇ ਸਾਰੇ ਕਿਸਾਨਾਂ ਦਾ ਧਿਆਨ ਆਪਣੇ ਵੱਲ ਕਰ ਲਿਆ ਸੀ। 

ਫਿਰ ਨੌਜਵਾਨਾਂ ਨੂੰ ਮੁਖਾਤਬ ਹੋ ਕੇ ਕਹਿਣ ਲੱਗਾ ''ਆਹ ਮੇਰੇ ਪੰਜਾਬ ਦੀ ਜਵਾਨੀ ਬੈਠੀ ਐ। ਬਿਨਾਂ ਖੰਘ ਤੋਂ ਖੰਘਣ ਵਾਲੀ। ਬਈ ਕਮਾਲ ਐ। ਇਹ ਜ਼ਿੰਦਗੀ ਵੀ ਕਮਾਲ ਐ। ਇਕੋ ਮਿਲੀ ਐ। ਅਨੰਦ ਨਾਲ ਜਿਊਣੀ ਚਾਹੀਦੀ ਹੈ। ਜ਼ਿੰਦਗੀ ਦਾ ਸਵਾਦ ਮਾਨਣਾ ਚਾਹੀਦਾ ਹੈ। ਸਵਾਦ ਮਾਨਣ ਲਈ ਸਰੀਰ ਠੀਕ ਹੇਣਾ ਚਾਹੀਦੈ। ਸਰੀਰ ਠੀਕ ਰੱਖਣ ਲਈ ਵਧੀਆ ਖੁਰਾਕ ਖਾਣੀ ਚਾਹੀਦੀ ਹੈ। ਵਧੀਆ ਖੁਰਾਕ ਖਾਣ ਲਈ ਤੁਹਾਡੇ ਦੰਦ ਠੀਕ ਹੇਣੇ ਚਾਹੀਦੇ ਹਨ। ਦੰਦਾਂ ਨੂੰ ਠੀਕ ਰੱਖਣ ਲਈ ਆਹ, ਮੇਰੇ ਕੋਲ ਇਕ ਮੰਜਨ ਹੈ। ਹਰ ਸ਼ੀਸ਼ੀ ਦੀ ਕੀਮਤ ਪੰਜ ਰੁਪਏ ਪੰਜ ਰੁਪਏ' ਇਹ ਕਹਿ ਕੇ ਉਹ ਸਾਰੀਆਂ ਸ਼ੀਸ਼ੀਆਂ ਵੇਚ ਕੇ ਅੋਹ ਗਿਆ, ਅੋਹ ਗਿਆ। ਕੀ ਸੀ ਉਸਦੀ ਕਾਮਯਾਬੀ ਦਾ ਰਾਜ਼, ਉਸਦੀ ਕਾਮਯਾਬੀ ਦਾ ਰਾਜ਼ ਸੀ ਕਿ ਉਸ ਨੇ ਸਰੇਤਿਆਂ ਦੀ ਦਿਲਚਸਪੀ ਦੀਆਂ ਗੱਲਾਂ ਕੀਤੀਆਂ ਸਨ। ਹਮੇਸ਼ਾ ਸਰੇਤਿਆਂ ਦੀ ਦਿਲਚਸਪੀ ਅਤੇ ਰੁਚੀ ਨੂੰ ਧਿਆਨ ਵਿਚ ਰੱਖ ਕੇ ਭਾਸ਼ਣ ਦੇਣਾ ਚਾਹੀਦਾ ਹੈ। ਅੱਜਕਲ੍ਹ ਨੁਕਤੇ ਤੁਹਾਡੇ ਨਾਲ ਉਹ ਸਾਂਝੇ ਕੀਤੇ ਹਨ ਜੇ ਤੁਹਾਨੂੰ ਸਫਲ ਬੁਲਾਰਾ ਬਣਾਉਣ ਵਿਚ ਮਦਦ ਕਰਨਗੇ। ਕੁਝ ਹੋਰ ਨੁਕਤੇ ਅਜੀਤ ਵੀਕਲੀ ਦੇ ਅਗਲੇ ਅੰਕਾਂ ਵਿਚ ਪੜ੍ਹ ਸਕੋਗੇ।
 


Vandana

Content Editor

Related News