ਸਟਾਈਲ ਅਤੇ ਗਰਮਾਹਟ ਦਾ ਪਰਫੈਕਟ ਕੰਬੀਨੇਸ਼ਨ ਬਣੇ ਪੋਮ-ਪੋਮ ਸਟੋਲ
Tuesday, Jan 06, 2026 - 09:56 AM (IST)
ਵੈੱਬ ਡੈਸਕ- ਸਰਦੀਆਂ ਦਾ ਮੌਸਮ ਆਉਂਦਿਆਂ ਹੀ ਮੁਟਿਆਰਾਂ ਅਤੇ ਔਰਤਾਂ ਅਜਿਹੇ ਕੱਪੜਿਆਂ ਦੀ ਤਲਾਸ਼ ਸ਼ੁਰੂ ਕਰ ਦਿੰਦੀਆਂ ਹਨ ਜੋ ਠੰਢ ਤੋਂ ਬਚਾਅ ਦੇ ਨਾਲ-ਨਾਲ ਉਨ੍ਹਾਂ ਨੂੰ ਸਟਾਈਲਿਸ਼ ਲੁਕ ਵੀ ਦੇਣ। ਇਨ੍ਹਾਂ ’ਚ ਮੁਟਿਆਰਾਂ ਨੂੰ ਵਿੰਟਰ ਸੂਟ, ਕੋਟ, ਜੈਕਟ, ਸਵੈਟਰ, ਸ਼ਰੱਗ ਅਤੇ ਸਟੋਲ ਆਦਿ ਨੂੰ ਸਟਾਈਲ ਕਰਦੇ ਦੇਖਿਆ ਜਾ ਸਕਦਾ ਹੈ। ਸਟੋਲ ’ਚ ਇਸ ਸੀਜ਼ਨ ’ਚ ਸਭ ਤੋਂ ਜ਼ਿਆਦਾ ਟ੍ਰੈਂਡ ਪੋਮ-ਪੋਮ ਡਿਜ਼ਾਈਨ ਵਾਲੇ ਸਟੋਲ ਦਾ ਹੈ। ਇਹ ਨਾ ਸਿਰਫ਼ ਆਕਰਸ਼ਕ ਲੱਗਦੇ ਹਨ, ਸਗੋਂ ਮੁਟਿਆਰਾਂ ਨੂੰ ਮਾਡਰਨ ਅਤੇ ਟ੍ਰੈਂਡੀ ਲੁਕ ਵੀ ਦਿੰਦੇ ਹਨ। ਇਹੀ ਕਾਰਨ ਹੈ ਕਿ ਮੁਟਿਆਰਾਂ ਇਨ੍ਹਾਂ ਨੂੰ ਆਪਣੀ ਪਹਿਲੀ ਪਸੰਦ ਬਣਾ ਰਹੀਆਂ ਹਨ।
ਪੋਮ-ਪੋਮ ਸਟੋਲ ਨੂੰ ਇਸ ਦਾ ਪਲੇਅਫੁਲ ਡਿਜ਼ਾਈਨ ਆਮ ਸਟੋਲ ਤੋਂ ਵੱਖ ਬਣਾਉਂਦਾ ਹੈ। ਸਟੋਲ ਦੇ ਕਿਨਾਰਿਆਂ ’ਤੇ ਛੋਟੇ-ਵੱਡੇ ਪੋਮ-ਪੋਮ ਲੱਗੇ ਹੁੰਦੇ ਹਨ, ਜੋ ਇਸ ਨੂੰ ਕਿਊਟ ਅਤੇ ਰਾਇਲ ਲੁਕ ਦਿੰਦੇ ਹਨ। ਇਹ ਕਸ਼ਮੀਰੀ ਵੂਲਨ, ਵੈਲਵੇਟ, ਪਸ਼ਮੀਨਾ ਤੋਂ ਲੈ ਕੇ ਸਾਫਟ ਫੈਬਰਿਕ ਤੱਕ ਹਰ ਵਰਾਇਟੀ ’ਚ ਉਪਲਬਧ ਹਨ। ਇਹ ਕੜਾਕੇ ਦੀ ਠੰਢ ’ਚ ਵੀ ਗਰਮਾਹਟ ਦਿੰਦੇ ਹਨ। ਪੋਮ-ਪੋਮ ਸਟੋਲ ਨੂੰ ਇੰਡੀਅਨ ਹੋਵੇ ਜਾਂ ਵੈਸਟਰਨ ਡ੍ਰੈੱਸ, ਹਰ ਕਿਸੇ ਨਾਲ ਆਸਾਨੀ ਨਾਲ ਸਟਾਈਲ ਕੀਤਾ ਜਾ ਸਕਦਾ ਹੈ।
ਐਥਨਿਕ ਲੁਕ ਲਈ ਵਿੰਟਰ ਸੂਟ, ਸਾੜ੍ਹੀ ਜਾਂ ਅਨਾਰਕਲੀ ਦੇ ਨਾਲ ਮੈਚਿੰਗ ਪੋਮ-ਪੋਮ ਸਟੋਲ ਰਾਇਲ ਟੱਚ ਦਿੰਦਾ ਹੈ। ਵਿਆਹ ਜਾਂ ਪਾਰਟੀ ’ਚ ਠੰਢ ਲੱਗਣ ’ਤੇ ਸ਼ਾਰਟ ਡ੍ਰੈੱਸ, ਬਾਡੀਕਾਨ ਫਰਾਕ ਜਾਂ ਮਿੰਨੀ ਡ੍ਰੈੱਸ ਦੇ ਉੱਪਰ ਇਹ ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦਿੰਦਾ ਹੈ। ਬਰਥਡੇ ਪਾਰਟੀ ਤੋਂ ਲੈ ਕੇ ਵੈਡਿੰਗ ਫੰਕਸ਼ਨ ਤੱਕ, ਡਾਰਕ ਸ਼ੇਡਸ ਜਿਵੇਂ ਬਲੈਕ, ਬਲਿਊ, ਮੈਰੂਨ ਜਾਂ ਵਾਈਨ ਰੈੱਡ ’ਚ ਪੋਮ-ਪੋਮ ਸਟੋਲ ਸੱਜ ਵਿਆਹੀਆਂ ਦੀ ਫੇਵਰੇਟ ਹਨ। ਕੁਝ ਸਟੋਲਜ਼ ’ਤੇ ਸਟੋਨ ਵਰਕ ਜਾਂ ਐਂਬ੍ਰਾਇਡਰੀ ਵੀ ਹੁੰਦੀ ਹੈ, ਜੋ ਇਨ੍ਹਾਂ ਨੂੰ ਹੋਰ ਗਲੈਮਰਸ ਬਣਾਉਂਦੀ ਹੈ। ਇਨ੍ਹਾਂ ਨੂੰ ਮੁਟਿਆਰਾਂ ਕਈ ਤਰੀਕਿਆਂ ਨਾਲ ਸਟਾਈਲ ਕਰਨਾ ਪਸੰਦ ਕਰਦੀਆਂ ਹਨ ਜਿਵੇਂ ਗਲੇ ’ਚ ਸਿੰਪਲ ਰੈਪ ਕਰ ਕੇ, ਦੋਵਾਂ ਸਿਰਿਆਂ ਨੂੰ ਅੱਗੇ ਕਰ ਕੇ ਨੌਟ ਲਾ ਕੇ ਜਾਂ ਸ਼ਰੱਗ ਵਾਂਗ ਮੋਢਿਆਂ ’ਤੇ ਰੱਖ ਕੇ।
ਆਊਟਿੰਗ, ਪਿਕਨਿਕ ਜਾਂ ਟ੍ਰੈਵਲ ਦੌਰਾਨ ਵੀ ਇਹ ਪਰਫੈਕਟ ਕੰਪੈਨੀਅਨ ਸਾਬਤ ਹੁੰਦੇ ਹਨ। ਇਨ੍ਹਾਂ ’ਚ ਕਲਰ ਆਪਸ਼ਨ ਬੇਸ਼ੁਮਾਰ ਹਨ। ਲਾਈਟ ਸ਼ੇਡਸ ਜਿਵੇਂ ਪੀਚ, ਪਿੰਕ, ਬੇਜ ਤੋਂ ਲੈ ਕੇ ਡਾਰਕ ਜਿਵੇਂ ਗ੍ਰੀਨ, ਬਲੈਕ, ਬਲਿਊ ਤੱਕ ਆਸਾਨੀ ਨਾਲ ਮਿਲ ਜਾਂਦੇ ਹਨ ਅਤੇ ਹਰ ਡ੍ਰੈੱਸ ਨਾਲ ਮੈਚ ਹੋ ਜਾਂਦੇ ਹਨ। ਇਸ ਸੀਜ਼ਨ ’ਚ ਵੈਲਵੇਟ ਅਤੇ ਪਸ਼ਮੀਨਾ ਪੋਮ-ਪੋਮ ਸਟੋਲ ਖਾਸ ਟ੍ਰੈਂਡ ’ਚ ਹਨ। ਅਸੈਸਰੀਜ਼ ਦੇ ਤੌਰ ’ਤੇ ਮੁਟਿਆਰਾਂ ਇਨ੍ਹਾਂ ਨੂੰ ਵੱਡੇ ਈਅਰਰਿੰਗਸ, ਬੈਗ ਜਾਂ ਬੂਟਸ ਦੇ ਨਾਲ ਪੇਅਰ ਕਰ ਕੇ ਆਪਣੀ ਲੁਕ ਕੰਪਲੀਟ ਕਰ ਰਹੀਆਂ ਹਨ। ਪੋਮ-ਪੋਮ ਸਟੋਲ ਨਾ ਸਿਰਫ਼ ਠੰਢ ਤੋਂ ਬਚਾਉਂਦਾ ਹੈ, ਸਗੋਂ ਮੁਟਿਆਰਾਂ ਦੇ ਵਿੰਟਰ ਵਾਰਡਰੋਬ ਨੂੰ ਟ੍ਰੈਂਡੀ ਵੀ ਬਣਾਉਂਦਾ ਹੈ। ਮੁਟਿਆਰਾਂ ’ਚ ਇਸ ਦਾ ਕ੍ਰੇਜ਼ ਦਿਨੋ-ਦਿਨ ਵਧਦਾ ਜਾ ਰਿਹਾ ਹੈ ਕਿਉਂਕਿ ਇਹ ਕੈਜ਼ੂਅਲ ਤੋਂ ਲੈ ਕੇ ਫੈਸਟਿਵ ਹਰ ਮੌਕੇ ’ਤੇ ਫਿੱਟ ਬੈਠਦਾ ਹੈ।
