ਇੰਝ ਬਣਾਓ ਸੂਜੀ ਦੇ ਸੁਆਦਿਸ਼ਟ ਪਕੌੜੇ, ਆਉਣਗੇ ਪਸੰਦ
Saturday, Aug 31, 2024 - 06:30 PM (IST)
ਜਲੰਧਰ- ਲੋਕਾਂ ਦਾ ਅਕਸਰ ਪਕੌੜੇ ਖਾਣ ਨੂੰ ਦਿਲ ਕਰਦਾ ਹੈ। ਅਜਿਹੇ ਵਿਚ ਅਕਸਰ ਹੀ ਲੋਕ ਵੇਸਨ ਦੇ ਪਕੌੜੇ ਤਲਕੇ ਚਟਨੀ ਨਾਲ ਖਾਂਦੇ ਹਨ। ਪਰ ਅਸੀਂ ਤੁਹਾਡੇ ਲਈ ਇਕ ਨਵੀਂ ਤਰ੍ਹਾਂ ਦੇ ਪਕੌੜਿਆਂ ਦੀ ਰੈਸਿਪੀ ਲੈ ਕੇ ਆਏ ਹਾਂ। ਇਹ ਰੈਸਿਪੀ ਹੈ ਸੂਜੀ ਦੇ ਪਕੌੜਿਆਂ ਦੀ। ਸੂਜੀ ਦੇ ਪਕੌੜੇ ਵੀ ਵੇਸਨ ਦੇ ਪਕੌੜਿਆਂ ਵਾਂਗ ਹੀ ਬੇਹੱਦ ਸੁਆਦ ਬਣਦੇ ਹਨ। ਤੁਸੀਂ ਦਿਨ ਵਿਚ ਕਿਸੇ ਵੀ ਵੇਲੇ ਇਹ ਪਕੌੜੇ ਤਿਆਰ ਕਰਕੇ ਖਾ ਸਕਦੇ ਹੋ। ਆਓ ਤੁਹਾਨੂੰ ਇਸਦੀ ਰੈਸਿਪੀ ਦੱਸੀਏ –
ਸਮੱਗਰੀ
ਪਕੌੜੇ ਬਣਾਉਣ ਲਈ ਇਕ ਕੱਪ ਸੂਜੀ, ਚੌਥਾਈ ਕੱਪ ਦਹੀਂ, 2 ਵੱਡੇ ਚਮਚ ਬਾਰੀਕ ਕੱਟਿਆ ਪਿਆਜ਼, ਅੱਧਾ ਚਮਚ ਅਦਰਕ ਪੇਸਟ, ਇਕ ਚਮਚ ਹਰੀ ਮਿਰਚ, 2 ਚਮਚ ਹਰਾ ਧਨੀਆ, 8-10 ਕੜੀ ਪੱਤੇ, ਇਕ ਚੁਟਕੀ ਹਿੰਗ, ਇਕ ਚੌਥਾਈ ਚਮਚ ਬੇਕਿੰਗ ਸੋਡਾ, ਪਕੌੜੇ ਤਲਣ ਲਈ ਤੇਲ ਅਤੇ ਸੁਆਦ ਅਨੁਸਾਰ ਨਮਕ ਦੀ ਲੋੜ ਪੈਂਦੀ ਹੈ।
ਰੈਸਿਪੀ
ਸਭ ਤੋਂ ਪਹਿਲਾਂ ਇਕ ਬਰਤਨ ਵਿਚ ਸੂਜੀ ਤੇ ਦਹੀਂ ਪਾ ਕੇ ਮਿਲਾ ਲਵੋ। ਇਸ ਤੋਂ ਬਾਅਦ ਬਾਕੀ ਦੀਆਂ ਚੀਜ਼ਾਂ ਜਿਵੇਂ ਕਟੀ ਹਰੀ ਮਿਰਚ, ਹਰਾ ਧਨੀਆ, ਅਦਰਕ ਪੇਸਟ ਅਤੇ ਕੜ੍ਹੀ ਪੱਤੇ ਪਾ ਦਿਉ। ਇਸਦੇ ਨਾਲ ਹੀ ਬਾਰੀਕ ਕੱਟਕੇ ਪਿਆਜ਼, ਜੀਰਾ, ਚੁਟਕੀਭਰ ਹਿੰਗ ਅਤੇ ਸੁਆਦ ਅਨੁਸਾਰ ਨਮਕ ਮਿਲ ਲਵੋ। ਫੇਰ ਇਸ ਮਿਸ਼ਰਨ ਵਿਚ ਪਾਣੀ ਮਿਲਾਉਂਦਿਆਂ ਹੋਇਆਂ ਪਕੌੜਿਆਂ ਵਾਲਾ ਬੈਟਰ ਤਿਆਰ ਕਰ ਲਵੋ। ਇਸਨੂੰ 10 ਮਿੰਟ ਵਾਸਤੇ ਇਕ ਪਾਸੇ ਰੱਖ ਦਿਉ।
ਹੁਣ ਪਕੌੜੇ ਤਲਣ ਲਈ ਕੜਾਹੀ ਵਿਚ ਤੇਲ ਗਰਮ ਕਰੋ। ਐਨੇ ਸਮੇਂ ਤੱਕ ਬੈਟਰ 10 ਮਿੰਟਾਂ ਵਿਚ ਗਾੜਾ ਹੋ ਜਾਵੇਗਾ। ਇਸ ਵਿਚ ਬੇਕਿੰਗ ਸੋਡਾ ਮਿਲਾਓ। ਫੇਰ ਇਸ ਬੈਟਰ ਨੂੰ ਹੱਥਾਂ ਨਾਲ ਪਕੌੜਿਆਂ ਦੇ ਰੂਪ ਵਿਚ ਕੜਾਹੀ ਵਿਚ ਪਾਓ। ਇਹਨਾਂ ਨੂੰ ਡੀਪ ਫ੍ਰਾਈ ਕਰੋ। ਪਕੌੜਿਆਂ ਨੂੰ ਪਲਟਦਿਆਂ ਹੋਇਆਂ ਚੰਗੀ ਤਰ੍ਹਾਂ ਪਕਾ ਲਵੋ। ਤਲਣ ਤੋਂ ਬਾਅਦ ਪਕੌੜੇ ਪਲੇਟ ਵਿਚ ਕੱਢੋ। ਪਲੇਟ ਵਿਚ ਪਕੌੜੇ ਕੱਢਣ ਤੋਂ ਪਹਿਲਾਂ ਇਕ ਨੈਪਕੀਨ ਵਿਛਾ ਲਵੋ। ਨੈਪਕੀਨ ਪਕੌੜਿਆਂ ਦਾ ਵਾਧੂ ਤੇਲ ਸੋਖ ਲਵੇਗਾ। ਇਹਨਾਂ ਪਕੌੜਿਆਂ ਨੂੰ ਚਟਨੀ ਲਾ ਕੇ ਚਾਹ ਨਾਲ ਖਾਣ ਦਾ ਲੁਤਫ ਲਵੋ।