ਜਾਣੋ ਸੁਆਦਿਸ਼ਟ ਰਸਮਲਾਈ ਬਣਾਉਣ ਦੀ ਵਿਧੀ

Saturday, Aug 03, 2024 - 05:18 PM (IST)

ਜਾਣੋ ਸੁਆਦਿਸ਼ਟ ਰਸਮਲਾਈ ਬਣਾਉਣ ਦੀ ਵਿਧੀ

ਜਲੰਧਰ-  ਰਸ ਮਲਾਈ ਅਜਿਹੀ ਮਠਿਆਈ ਹੈ ਜਿਸ ਦਾ ਨਾਮ ਸੁਣ ਕੇ ਹੀ ਮੂੰਹ ਵਿਚ ਪਾਣੀ ਆ ਜਾਂਦਾ ਹੈ। ਉਂਝ ਤਾਂ ਤੁਸੀਂ ਇਸ ਨੂੰ ਕਿਸੇ ਵੀ ਮੌਸਮ ਵਿਚ ਕਦੇ ਵੀ ਖਾ ਸਕਦੇ ਹੋ, ਪਰ ਜੇਕਰ ਇਹ ਗਰਮੀਆਂ ਵਿਚ ਰਾਤ ਦੇ ਖਾਣ ਤੋਂ ਬਾਅਦ ਖਾਣ ਨੂੰ ਮਿਲ ਜਾਵੇ ਤਾਂ ਕੀ ਕਹਿਣਾ। ਇਸ ਨੂੰ ਬਣਾਉਣਾ ਵੀ ਬਹੁਤ ਹੀ ਅਸਾਨ ਹੈ। ਅੱਜ ਅਸੀਂ ਤੁਹਾਨੂੰ ਸਿਖਾਉਂਦੇ ਹਾਂ ਇਸ ਨੂੰ ਬਣਾਉਣ ਦਾ ਢੰਗ। 

ਸਮੱਗਰੀ : ਤਾਜ਼ਾ ਪਨੀਰ 400 ਗ੍ਰਾਮ, ਫੁੱਲ ਕ੍ਰੀਮ ਦੁੱਧ 1 ਲਿਟਰ, ਮਿਲਕ ਧੂੜਾ 2 ਵੱਡੇ ਚੱਮਚ, ਖੰਡ 2 ਵੱਡੇ ਚੱਮਚ, ਕੇਸਰ 3 - 4 ਰੇਸ਼ੇ, ਡ੍ਰਾਈ ਫਰੂਟਸ ਬਰੀਕ ਕੱਟੇ ਹੋਏ।

ਵਿਧੀ : ਸਭ ਤੋਂ ਪਹਿਲਾਂ ਤਾਂ ਤਾਜ਼ੇ ਪਨੀਰ (ਤੁਸੀਂ ਪਨੀਰ ਘਰ 'ਚ ਵੀ ਬਣਾ ਸਕਦੇ ਹੋ) ਦੀ ਛੋਟੀ - ਛੋਟੀ ਬਾਲ ਬਣਾ ਲਵੋ,  ਬਿਲਕੁਲ ਉਸੀ ਤਰ੍ਹਾਂ ਹੀ ਜਿਵੇਂ ਕਿ ਰਸਗੁੱਲਾ ਬਣਾਉਂਦੇ ਹੋਏ ਕਰਦੇ ਹੋ। ਇਹ ਕੰਮ ਥੋੜ੍ਹਾ ਜਿਹਾ ਮੁਸ਼ਕਲ ਹੈ ਪਰ ਜੇਕਰ ਤੁਸੀਂ ਇਸ ਨੂੰ ਸਬਰ ਦੇ ਨਾਲ ਕਰੋਗੇ ਤਾਂ ਅਸਾਨੀ ਨਾਲ ਬਿਨਾਂ ਟੁੱਟੇ ਸਪਾਂਜੀ ਬਾਲ ਬਣਾ ਸਕੋਗੇ। ਸਮਾਂ ਬਚਾਉਣ ਲਈ ਤੁਸੀਂ ਬਣੇ ਬਣਾਏ ਰਸਗੁੱਲੇ ਵੀ ਲੈ ਸਕਦੇ ਹੋ। ਹੁਣ ਇਕ ਲਿਟਰ ਫੁੱਲ ਕ੍ਰੀਮ ਦੁੱਧ ਇਕ ਕੜ੍ਹਾਈ ਵਿਚ ਗਰਮ ਕਰੋ ਅਤੇ ਇਸ ਵਿਚ 2 ਵੱਡੇ ਚਮੱਚ ਮਿਲਕ ਪਾਊਡਰ, ਖੰਡ ਅਤੇ ਕੇਸਰ ਮਿਲਾਓ। ਇਸ ਨੂੰ ਉਸ ਸਮੇਂ ਤੱਕ ਪਕਾਉਂਦੇ ਰਹੋ ਜਦੋਂ ਤੱਕ ਦੀ ਇਹ ਅੱਧਾ ਨਾ ਰਹਿ ਜਾਵੇ।

ਜੇਕਰ ਤੁਸੀਂ ਅਪਣਾ ਸਮਾਂ ਬਚਾਉਣਾ ਚਾਹੁੰਦੇ ਹੋ ਤਾਂ ਤੁਸੀਂ ਕੰਡੈਂਸਡ ਮਿਲਕ ਦੀ ਵੀ ਵਰਤੋਂ ਕਰ ਸਕਦੇ ਹੋ। ਦੁੱਧ ਨੂੰ ਲਗਾਤਾਰ ਚਲਾਉਂਦੇ ਰਹੋ ਨਹੀਂ ਤਾਂ ਇਹ ਤਲੇ 'ਚ ਲੱਗ ਜਾਵੇਗਾ। ਦੁੱਧ ਨੂੰ ਸਿਰਫ ਗਾੜ੍ਹਾ ਕਰੋ ਨਾ ਕਿ ਉਸ ਦੀ ਰਬੜੀ ਬਣਾ ਦਿਓ। ਹੁਣ ਗੈਸ ਬੰਦ ਕਰ ਦਿਓ, ਹੁਣ ਇਸ ਮਿਸ਼ਰਣ ਵਿਚ ਪਨੀਰ ਦੀ ਬਾਲ ਮਿਲਾ ਦਿਓ। ਪਨੀਰ ਦੀ ਬਾਲ ਇਸ ਮਿਸ਼ਰਣ ਨੂੰ ਸੋਕ ਲੈਣਗੀਆਂ। ਹੁਣ ਇਸ ਨੂੰ 4 - 5 ਘੰਟਿਆਂ ਲਈ ਫ੍ਰਿਜ ਵਿਚ ਰੱਖ ਦਿਓ। ਠੰਡਾ ਹੋਣ 'ਤੇ ਇਸ ਵਿਚ ਬਰੀਕ ਕਟੇ ਡ੍ਰਾਈ ਫਰੂਟਸ ਦੇ ਨਾਲ ਗਾਰਨਿਸ਼ ਕਰ ਕੇ ਸਰਵ ਕਰੋ। 
 


author

Tarsem Singh

Content Editor

Related News