ਜੇਕਰ ਬੱਚੇ ਸਕੂਲ ਨਾ ਜਾਣ ਦੀ ਕਰਦੇ ਨੇ ਜ਼ਿੱਦ ਤਾਂ ਮਾਪੇ ਗੁੱਸਾ ਕਰਨ ਦੀ ਬਜਾਏ ਸਮਝਾਉਣ ਲਈ ਅਪਣਾਉਣ ਇਹ ਟਿਪਸ
Saturday, Aug 03, 2024 - 06:33 PM (IST)
ਨਵੀਂ ਦਿੱਲੀ- ਕੁਝ ਬੱਚੇ ਸਕੂਲ ਜਾਣ ਦੇ ਨਾਂ ‘ਤੇ ਰੋਣਾ ਸ਼ੁਰੂ ਕਰ ਦਿੰਦੇ ਹਨ ਅਤੇ ਠੀਕ ਨਾ ਹੋਣ ਦਾ ਬਹਾਨਾ ਬਣਾਉਣ ਲੱਗ ਜਾਂਦੇ ਹਨ। ਮਾਪੇ ਵੀ ਬੱਚਿਆਂ ਦੀ ਜ਼ਿੱਦ ਅੱਗੇ ਝੁਕ ਜਾਂਦੇ ਹਨ ਅਤੇ ਉਨ੍ਹਾਂ ਨੂੰ ਸਕੂਲ ਨਹੀਂ ਜਾਣ ਦਿੰਦੇ ਹਨ। ਜੇਕਰ ਤੁਸੀਂ ਬੱਚਿਆਂ ਨੂੰ ਸਕੂਲ ਭੇਜਣਾ ਹੋ ਤਾਂ ਇਸ ਕੰਮ ‘ਚ ਕੁਝ ਆਸਾਨ ਟਿਪਸ ਤੁਹਾਡੀ ਮਦਦ ਕਰ ਸਕਦੇ ਹਨ।
ਕਾਰਨ ਲੱਭੋ
ਕੁਝ ਬੱਚੇ ਸਕੂਲ ਜਾਣ ਤੋਂ ਡਰਦੇ ਹਨ, ਜਿਸ ਕਾਰਨ ਉਹ ਸਕੂਲ ਜਾਣ ਤੋਂ ਬਚਦੇ ਨਜ਼ਰ ਆਉਂਦੇ ਹਨ। ਅਜਿਹੀ ਸਥਿਤੀ ਵਿੱਚ ਜ਼ਬਰਦਸਤੀ ਡਾਂਟ ਕੇ ਸਕੂਲ ਭੇਜੇ ਗਏ ਬੱਚੇ ਦਾ ਸੁਭਾਅ ਚਿੜਚਿੜਾ ਹੋ ਜਾਂਦਾ ਹੈ, ਇਸ ਲਈ ਜ਼ਬਰਦਸਤੀ ਕਰਨ ਦੀ ਬਜਾਏ ਉਨ੍ਹਾਂ ਦੇ ਸਕੂਲ ਨਾ ਜਾਣ ਦਾ ਅਸਲ ਕਾਰਨ ਜਾਣਨ ਦੀ ਕੋਸ਼ਿਸ਼ ਕਰੋ। ਜੇਕਰ ਤੁਹਾਡਾ ਬੱਚਾ ਸਕੂਲ ਜਾਣ ਤੋਂ ਡਰਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਦੇ ਡਰ ਦਾ ਕਾਰਨ ਪਤਾ ਕਰੋ। ਤੁਹਾਨੂੰ ਦੱਸ ਦੇਈਏ ਕਿ ਕੁਝ ਬੱਚੇ ਅਧਿਆਪਕਾਂ ਜਾਂ ਸਮੂਹ ਦੇ ਹੋਰ ਬੱਚਿਆਂ ਦੇ ਡਰ ਕਾਰਨ ਸਕੂਲ ਜਾਣ ਤੋਂ ਇਨਕਾਰ ਕਰ ਦਿੰਦੇ ਹਨ। ਇਸ ਦੇ ਨਾਲ ਹੀ ਕੁਝ ਬੱਚੇ ਦੋਸਤਾਂ ਦੇ ਮਜ਼ਾਕ ਅਤੇ ਘੱਟ ਆਤਮ-ਵਿਸ਼ਵਾਸ ਕਾਰਨ ਸਕੂਲ ਨਹੀਂ ਜਾਂਦੇ। ਅਜਿਹੇ ‘ਚ ਬੱਚੇ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਉਹ ਸਕੂਲ ਜਾਣਾ ਕਿਉਂ ਪਸੰਦ ਨਹੀਂ ਕਰਦਾ।
ਸਮਝਾਉਣ ਦੀ ਕੋਸ਼ਿਸ਼ ਕਰੋ
ਸਕੂਲ ਨਾ ਜਾਣ ਦਾ ਕਾਰਨ ਜਾਣਨ ਤੋਂ ਬਾਅਦ ਬੱਚਿਆਂ ਨੂੰ ਸਮਝਾਉਣ ਦੀ ਬਜਾਏ ਪਹਿਲਾਂ ਬੱਚਿਆਂ ਦੀ ਸਥਿਤੀ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੋ। ਅਜਿਹਾ ਕਰਨ ਨਾਲ ਤੁਸੀਂ ਬੱਚਿਆਂ ਦੀਆਂ ਸਮੱਸਿਆਵਾਂ ਨਾਲ ਚੰਗੀ ਤਰ੍ਹਾਂ ਨਜਿੱਠ ਸਕੋਗੇ ਅਤੇ ਬੱਚੇ ਵੀ ਤੁਹਾਡੀ ਗੱਲ ਨੂੰ ਸਮਝਣਗੇ।
ਬੱਚਿਆਂ ਨਾਲ ਦੋਸਤੀ ਕਰੋ
ਬੱਚਿਆਂ ਦੀ ਸਕੂਲ ਪ੍ਰਤੀ ਰੁਚੀ ਵਧਾਉਣ ਲਈ ਉਨ੍ਹਾਂ ਨੂੰ ਮਾਪਿਆਂ ਵਜੋਂ ਨਹੀਂ ਸਗੋਂ ਦੋਸਤਾਂ ਵਾਂਗ ਸਮਝਾਓ। ਇਸ ਨਾਲ ਬੱਚੇ ਆਸਾਨੀ ਨਾਲ ਆਪਣੀਆਂ ਸਮੱਸਿਆਵਾਂ ਤੁਹਾਡੇ ਨਾਲ ਸਾਂਝੀਆਂ ਕਰ ਸਕਣਗੇ। ਇਸ ਦੇ ਨਾਲ ਹੀ, ਹਰ ਰੋਜ਼ ਬੱਚਿਆਂ ਨੂੰ ਸਕੂਲ ਛੱਡਣ ਅਤੇ ਲਿਆਉਣ ਲਈ ਖੁਦ ਜਾਓ। ਇਸ ਦੌਰਾਨ ਬੱਚਿਆਂ ਨੂੰ ਉਨ੍ਹਾਂ ਦੀਆਂ ਦਿਨ ਭਰ ਦੀਆਂ ਗਤੀਵਿਧੀਆਂ ਬਾਰੇ ਪੁੱਛਣਾ ਨਾ ਭੁੱਲੋ।
ਬੱਚਿਆਂ ਨੂੰ ਮਜਬੂਰ ਨਾ ਕਰੋ
ਬੱਚਿਆਂ ਨੂੰ ਸਕੂਲ ਜਾਣ ਲਈ ਬਿਲਕੁਲ ਵੀ ਮਜਬੂਰ ਨਾ ਕਰੋ। ਇਸ ਨਾਲ ਉਨ੍ਹਾਂ ਵਿਚ ਡਰ ਵਧ ਸਕਦਾ ਹੈ। ਅਜਿਹੇ ‘ਚ ਬੱਚਿਆਂ ‘ਤੇ ਦਬਾਅ ਪਾਉਣ ਦੀ ਬਜਾਏ ਉਨ੍ਹਾਂ ਦਾ ਡਰ ਦੂਰ ਕਰਨ ਦੀ ਕੋਸ਼ਿਸ਼ ਕਰੋ। ਨਾਲ ਹੀ, ਉਨ੍ਹਾਂ ਨੂੰ ਸਕੂਲ ਦੀ ਮਹੱਤਤਾ ਦੱਸੋ ਅਤੇ ਉਨ੍ਹਾਂ ਦਾ ਆਤਮ ਵਿਸ਼ਵਾਸ ਵਧਾਉਣ ਦੀ ਕੋਸ਼ਿਸ਼ ਕਰੋ।