ਜ਼ਿੱਦੀ ਬੱਚੇ ਜੇਕਰ ਨਹੀਂ ਮੰਨਦੇ ਕੋਈ ਗੱਲ ਤਾਂ ਮਾਤਾ-ਪਿਤਾ ਅਪਣਾਉਣ ਇਹ ਟਿਪਸ

Wednesday, Aug 14, 2024 - 06:56 PM (IST)

ਜ਼ਿੱਦੀ ਬੱਚੇ ਜੇਕਰ ਨਹੀਂ ਮੰਨਦੇ ਕੋਈ ਗੱਲ ਤਾਂ ਮਾਤਾ-ਪਿਤਾ ਅਪਣਾਉਣ ਇਹ ਟਿਪਸ

ਜਲੰਧਰ (ਬਿਊਰੋ) - ਤੇਜ਼ ਰਫਤਾਰ ਨਾਲ ਭੱਜਦੀ ਇਸ ਜ਼ਿੰਦਗੀ 'ਚ ਬੱਚਿਆਂ ਨੂੰ ਸੰਭਾਲਣਾ ਕਾਫੀ ਮੁਸ਼ਕਿਲ ਕੰਮ ਹੈ, ਖਾਸ ਤੌਰ 'ਤੇ ਨੌਕਰੀਪੇਸ਼ਾ ਮਾਪਿਆਂ ਲਈ। ਰੁਝੇਵਿਆਂ ਭਰੀ ਰੁਟੀਨ ਕਾਰਨ ਉਹ ਬੱਚਿਆਂ ਨੂੰ ਬਣਦਾ ਸਮਾਂ ਨਹੀਂ ਦੇ ਸਕਦੇ, ਨਤੀਜੇ ਵਜੋਂ ਬੱਚੇ ਜ਼ਿੱਦੀ ਤੇ ਚਿੜਚਿੜੇ ਬਣ ਜਾਂਦੇ ਹਨ। ਬੱਚਿਆਂ ਦੇ ਇਸ ਤਰ੍ਹਾਂ ਦੇ ਸੁਭਾਅ ਲਈ ਕਾਫੀ ਹੱਦ ਤਕ ਮਾਪੇ ਹੀ ਜ਼ਿੰਮੇਵਾਰ ਹੁੰਦੇ ਹਨ ਕਿਉਂਕਿ ਉਹ ਸਹੀ ਸਮੇਂ 'ਤੇ ਬੱਚੇ ਦੀਆਂ ਗਲਤੀਆਂ ਤੇ ਗਲਤ ਵਤੀਰੇ ਨੂੰ ਅਣਦੇਖਿਆ ਕਰ ਦਿੰਦੇ ਹਨ। ਜੇ ਉਹ ਹਾਲਾਤ ਨੂੰ ਦੇਖਦਿਆਂ ਤੁਰੰਤ ਕਦਮ ਚੁੱਕਣ ਤਾਂ ਸਥਿਤੀ ਨੂੰ ਸਮਾਂ ਰਹਿੰਦਿਆਂ ਸੰਭਾਲਿਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸ ਰਹੇ ਹਾਂ, ਜੋ ਤੁਹਾਡੇ ਬੱਚੇ ਦੇ ਵਤੀਰੇ ਨੂੰ ਸੁਧਾਰਨ 'ਚ ਕਾਫੀ ਫਾਇਦੇਮੰਦ ਸਾਬਤ ਹੋਣਗੇ।

ਕਿਵੇਂ ਸੰਭਾਲੀਏ ਜ਼ਿੱਦੀ ਬੱਚਾ
ਕੁਝ ਬੱਚਿਆਂ ਦਾ ਸੁਭਾਅ ਬਹੁਤ ਜ਼ਿੱਦੀ ਹੁੰਦਾ ਹੈ। ਅਕਸਰ ਇਹ ਉਹੋ ਬੱਚੇ ਹੁੰਦੇ ਹਨ, ਜਿਨ੍ਹਾਂ ਨੂੰ ਘਰ 'ਚ ਬਹੁਤ ਲਾਡ-ਪਿਆਰ ਨਾਲ ਰੱਖਿਆ ਜਾਂਦਾ ਹੈ ਜਾਂ ਫਿਰ ਜਿਨ੍ਹਾਂ ਨਾਲ ਬਹੁਤ ਸਖ਼ਤ ਵਤੀਰਾ ਅਪਣਾਇਆ ਜਾਂਦਾ ਹੈ। ਨੌਕਰੀਪੇਸ਼ਾ ਲੋਕਾਂ ਦੇ ਬੱਚੇ ਵੀ ਇਕੱਲੇ ਰਹਿਣ ਕਾਰਨ ਜ਼ਿੱਦੀਪਣ ਤੇ ਚਿੜਚਿੜੇਪਣ ਦੇ ਸ਼ਿਕਾਰ ਹੋ ਜਾਂਦੇ ਹਨ। ਅਜਿਹੇ ਮਾਪੇ ਆਪਣੇ ਬੱਚਿਆਂ ਨਾਲ ਸਖ਼ਤੀ ਨਾਲ ਪੇਸ਼ ਆਉਂਦੇ ਹਨ, ਜੋ ਗ਼ਲਤ ਤਰੀਕਾ ਹੈ। ਇਸ ਨਾਲ ਬੱਚਾ ਹੋਰ ਜ਼ਿੱਦੀ ਹੋ ਜਾਂਦਾ ਹੈ। ਅਜਿਹੇ ਬੱਚਿਆਂ ਨਾਲ ਪਿਆਰ ਨਾਲ ਪੇਸ਼ ਆਓ।

ਜ਼ਿੱਦੀ ਬੱਚਿਆਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਨਾ ਕਰੋ
ਬੱਚਿਆਂ ਨੂੰ ਬਹੁਤ ਜ਼ਿਆਦਾ ਲਾਡਲੇ ਵੀ ਨਾ ਬਣਾਓ। ਅਕਸਰ ਮਾਪੇ ਪਹਿਲਾਂ ਬੱਚਿਆਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਦੇ ਹਨ ਅਤੇ ਜਦੋਂ ਉਹ ਜ਼ਿੱਦੀ ਹੋ ਜਾਂਦਾ ਹੈ ਤਾਂ ਉਸ ਦੇ ਅਜਿਹੇ ਵਤੀਰੇ ਤੋਂ ਦੁਖੀ ਹੁੰਦੇ ਹਨ। ਅਜਿਹੀ ਗਲਤੀ ਕਦੇ ਨਾ ਕਰੋ। ਸ਼ੁਰੂ ਵਿੱਚ ਹੀ ਉਸ ਦੀਆਂ ਸਾਰੀਆਂ ਮੰਗਾਂ ਪੂਰੀਆਂ ਨਾ ਕਰੋ, ਨਹੀਂ ਤਾਂ ਅੱਗੇ ਚੱਲ ਕੇ ਉਹ ਤੁਹਾਡੀ ਨਹੀਂ ਸੁਣੇਗਾ।

ਗਾਲ੍ਹਾਂ ਕੱਢਣ ਤੇ ਕੁੱਟਣ-ਮਾਰਨ ਦੀ ਗਲਤੀ ਨਾ ਕਰੋ
ਜਿਹੜੇ ਮਾਪੇ ਬੱਚਿਆਂ 'ਤੇ ਚੀਕਦੇ-ਚਿੱਲਾਉਂਦੇ ਜਾਂ ਉਨ੍ਹਾਂ ਨਾਲ ਕੁੱਟ-ਮਾਰ ਕਰਦੇ ਹਨ, ਉਹ ਬੱਚੇ ਦੇ ਜ਼ਿੱਦੀ ਸੁਭਾਅ ਲਈ ਸਭ ਤੋਂ ਜ਼ਿਆਦਾ ਜ਼ਿੰਮੇਵਾਰ ਹੁੰਦੇ ਹਨ। ਬੱਚਿਆਂ ਨੂੰ ਪੁੱਠਾ-ਸਿੱਧਾ ਬੋਲਣਾ, ਗਾਲ੍ਹਾਂ ਕੱਢਣੀਆਂ ਜਾਂ ਉਨ੍ਹਾਂ ਨਾਲ ਗੱਲਬਾਤ ਬੰਦ ਕਰ ਦੇਣੀ, ਇਹ ਸਹੀ ਤਰੀਕਾ ਨਹੀਂ। ਜੇ ਬੱਚੇ ਗੁੱਸਾ ਕਰੇ ਜਾਂ ਚੀਕੇ-ਚਿੱਲਾਏ ਤਾਂ ਵੀ ਉਸ 'ਤੇ ਚਿੱਲਾਓ ਨਾ। ਸ਼ਾਂਤ ਹੋ ਜਾਣ ’ਤੇ ਉਸ ਨੂੰ ਪਿਆਰ ਨਾਲ ਸਮਝਾਓ। ਤੁਹਾਡੀ ਕੁੱਟ-ਮਾਰ ਨਾਲ ਬੱਚਾ ਹੋਰ ਵੀ ਜ਼ਿੱਦੀ ਹੋਵੇਗਾ ਜਾਂ ਤੁਹਾਡੇ ਤੋਂ ਦੂਰ ਰਹਿਣ ਅਤੇ ਡਰਨ ਲੱਗੇਗਾ। ਇਸ ਕਾਰਨ ਕੁਝ ਬੱਚੇ ਮਾਪਿਆਂ ਦੀ ਇੱਜ਼ਤ ਕਰਨੀ ਵੀ ਛੱਡ ਦਿੰਦੇ ਹਨ।

ਅਧਿਆਪਕ ਨੂੰ ਹੀ ਨਾ ਦਿਓ ਸਾਰਾ ਦੋਸ਼
ਅਕਸਰ ਮਾਪੇ ਬੱਚੇ ਦੇ ਅੜੀਅਲ ਸੁਭਾਅ ਲਈ ਅਧਿਆਪਕ ਨੂੰ ਵੀ ਦੋਸ਼ ਦੇਣ ਲੱਗਦੇ ਹਨ। ਇਸ ਗੱਲ ਨੂੰ ਸਮਝੋ ਕਿ ਅਜਿਹੇ ਵਤੀਰੇ ਲਈ ਅਧਿਆਪਕ ਹੀ ਪੂਰੀ ਤਰ੍ਹਾਂ ਜ਼ਿੰਮੇਵਾਰ ਨਹੀਂ। ਹਾਂ, ਤੁਸੀਂ ਅਧਿਆਪਕ ਨੂੰ ਮਿਲ ਕੇ ਬੱਚੇ ਨੂੰ ਸੁਧਾਰਨ ਦੇ ਟਿਪਸ ਲੈ ਸਕਦੇ ਹੋ। ਅਜਿਹੇ ਬੱਚਿਆਂ ਦਾ ਧਿਆਨ ਸਰੀਰਕ ਸਰਗਰਮੀਆਂ ਤੇ ਹੋਰ ਦਿਮਾਗੀ ਖੇਡਾਂ ਵਿਚ ਲਾਓ ਤਾਂ ਜੋ ਉਹ ਰੁੱਝੇ ਰਹਿ ਸਕਣ।

ਜ਼ਿੱਦੀ ਬੱਚੇ ਨਾਲ ਚੰਗੀਆਂ ਗੱਲਾਂ ਕਰੋ 
ਜੇ ਤੁਸੀਂ ਨੌਕਰੀਪੇਸ਼ਾ ਹੋ ਤਾਂ ਘਰ ਆ ਕੇ ਬੱਚੇ ਨਾਲ ਰੁਟੀਨ ਨਾਲ ਜੁੜੀ ਗੱਲਬਾਤ ਜ਼ਰੂਰ ਕਰੋ। ਉਸ ਨੂੰ ਆਪਣੀ ਸਥਿਤੀ ਅਤੇ ਕੰਮ ਬਾਰੇ ਜਾਣੂ ਕਰਵਾਓ ਅਤੇ ਉਸ ਨਾਲ ਕਈ ਚੰਗੀਆਂ ਗੱਲਾਂ ਸਾਂਝੀਆਂ ਕਰੋ। 

ਜ਼ਿੱਦੀ ਬੱਚਿਆਂ ਨਾਲ ਕੁਝ ਸਮਾਂ ਬਿਤਾਓ
ਜ਼ਿੱਦੀ ਬੱਚਿਆਂ ਨਾਲ ਤੁਸੀਂ ਆਪਣਾ ਕੁਝ ਸਮਾਂ ਜ਼ਰੂਰ ਬਿਤਾਓ। ਜੇਕਰ ਤੁਸੀਂ ਨੌਕਰੀ ਕਰਦੇ ਹੋ ਤਾਂ ਛੁੱਟੀ ਵਾਲੇ ਦਿਨ ਤੁਸੀਂ ਆਪਣੇ ਬੱਚੇ ਨਾਲ ਸਮਾਂ ਬਿਤਾਓ। ਇਸ ਦੌਰਾਨ ਉਸ ਨਾਲ ਚੰਗੀਆਂ ਗੱਲਾਂ ਕਰੋ ਅਤੇ ਉਸ ਨੂੰ ਚੰਗੇ ਕੰਮ ਕਰਨ ਲਈ ਪ੍ਰੇਰਿਤ ਕਰੋ।
 


author

Tarsem Singh

Content Editor

Related News