ਬਾਲ ਜੀਵਨ ਵਿਚ ਨੈਤਿਕਤਾ ਕਿਵੇਂ ਝਲਕੇ ?
Thursday, Jul 30, 2020 - 12:49 PM (IST)
ਬਲਜਿੰਦਰ ਮਾਨ
98150- 18947
ਸਾਡੇ ਜੀਵਨ ਦਾ ਸਫ਼ਰ ਬੜਾ ਥੋੜਚਿਰਾ ਹੈ। ਇਸ ਲਈ ਸਾਨੂੰ ਆਪਣਾ ਨਜ਼ਰੀਆ ਅਤੇ ਸੋਚ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣਾ ਚਾਹੀਦਾ ਹੈ। ਕਦੀ ਗਿਲਾਸ ਅੱਧਾ ਖਾਲੀ ਨਾ ਦੇਖੋ ਸਗੋਂ ਭਰੇ ਹੋਏ ਗਿਲਾਸ ਦੀ ਮਹੱਤਤਾ ਨੂੰ ਜਾਣੋ। ਜੋ ਆਪਣੇ ਕੋਲ ਹੈ ਉਸਦੀ ਅਸੀਂ ਕਦੀ ਕਦਰ ਨਹੀਂ ਕਰਦੇ । ਜੋ ਨਹੀਂ ਹੈ ਉਸਦੀ ਲਾਲਸਾ ਵਿਚ ਕੋਲ ਪਈਆਂ ਸਹੂਲਤਾਂ ਦਾ ਆਨੰਦ ਵੀ ਗੁਆ ਬੈਠਦੇ ਹਾਂ। ਇਸ ਲਈ ਇਸ ਛੋਟੇ ਜਿਹੇ ਜੀਵਨ ਨੂੰ ਪਿਆਰ, ਸਤਿਕਾਰ ਅਤੇ ਉਸਾਰੂ ਸੋਚ ਨਾਲ ਸੁਖਮਈ ਬਣਾਈ ਰੱਖਣਾ ਚਾਹੀਦਾ ਹੈ।
ਨੈਤਿਕਤਾ ਦੀ ਸ਼ੁਰੂਆਤ :
ਬੱਚਿਆਂ ਅੰਦਰ ਉਚੇਰੀਆਂ ਕਦਰਾਂ ਕੀਮਤਾਂ ਦਾ ਸੰਚਾਰ ਉਸਦੀ ਮਾਤਾ, ਪਰਿਵਾਰ, ਅਧਿਆਪਕ ਅਤੇ ਸਮਾਜ ਨੇ ਕਰਨਾ ਹੁੰਦਾ ਹੈ। ਇਥੇ ਅਸੀ ਮਾਂ ਦੀ ਭੂਮਿਕਾ ਨੂੰ ਗੁਰੂ ਸਮਾਨ ਇਸੇ ਕਰਕੇ ਮੰਨਦੇ ਹਾਂ ਕਿ ਉਹ ਸਾਡੀ ਪਾਲਕ ਅਤੇ ਸੰਚਾਲਕ ਹੈ। ਜਿਥੇ ਉਹ ਸਾਨੂੰ ਨਰੋਈ ਦੇਹੀ ਪ੍ਰਦਾਨ ਕਰਦੀ ਹੈ, ਉਥੇ ਚੰਗੇ ਗੁਣਾਂ ਦਾ ਖਜ਼ਾਨਾ ਵੀ ਦਿੰਦੀ ਹੈ। ਮਿਹਨਤ, ਹਿੰਮਤ, ਪਿਆਰ ਲਗਨ, ਹੌਂਸਲਾ, ਦ੍ਰਿੜਤਾ, ਆਦਰ, ਸਤਿਕਾਰ ਆਦਿ ਅਨੇਕਾਂ ਗੁਣ ਮਾਂ ਦੀ ਗੋਦੀ ’ਚੋਂ ਹੀ ਨਸੀਬ ਹੁੰਦੇ ਹਨ। ਇਥੇ ਹੀ ਬਸ ਨਹੀਂ ਸਗੋਂ ਉਹ ਬੱਚੇ ਨੂੰ ਚੋਰ, ਡਾਕੂ, ਲੀਡਰ, ਵਪਾਰੀ ਅਤੇ ਪਤਾ ਨਹੀਂ ਕੀ ਕੁਝ ਬਣਾਉਂਦੀ ਹੈ। ਇਸ ਵਾਸਤੇ ਮਾਤਾ ਨੇ ਹਮੇਸ਼ਾ ਸਾਡੇ ਅੰਦਰ ਉਚੇਰੀਆਂ ਕਦਰਾਂ ਕੀਮਤਾਂ ਭਰੀਆਂ ਹੁੰਦੀਆਂ ਹਨ।
ਪਰਿਵਾਰ ਵੀ ਸਕੂਲ ਹੈ :
ਮਾਂ ਅਤੇ ਪਰਿਵਾਰ ਵਲੋਂ ਜਿਹੜੇ ਗੁਣ ਉਨ੍ਹਾਂ ਕੋਲ ਹੁੰਦੇ ਹਨ, ਉਹ ਆਪਣੇ ਬੱਚਿਆਂ ਵਿਚ ਅਚੇਤ ਮਨ ਨਾਲ ਹੀ ਭੱਰਦੇ ਜਾਂਦੇ ਹਨ। ਅਸਲ ਵਿਚ ਬੱਚੇ ਸਭ ਕੁਝ ਸਾਡੇ ਕੋਲ ਹੀ ਸਿੱਖਦੇ ਹਨ। ਜਦੋਂ ਬੱਚਾ ਬੋਲਣਾ ਸਿੱਖਦਾ ਹੈ ਉਦੋ ਤੋਂ ਹੀ ਉਸਦੀ ਭਾਸ਼ਾ ਅਤੇ ਬੋਲੀ ਦਾ ਵਿਕਾਸ ਹੋਣਾ ਸ਼ੁਰੂ ਹੋ ਜਾਂਦਾ ਹੈ। ਅਸੀਂ ਵੱਡੇ ਪਰਿਵਾਰਕ ਮੈਂਬਰ ਘਰ ਵਿਚ ਜਿਵੇਂ ਆਪਸੀ ਵਿਹਾਰ ਜਾਂ ਤਕਰਾਰ ਕਰਦੇ ਹਾਂ, ਨਿੱਕੜਾ ਬਾਲ ਵੀ ਉਸੇ ਤਰ੍ਹਾਂ ਸਾਡੀਆਂ ਨਕਲਾਂ ਕਰਦਾ ਆਦਤਾਂ ਵਿਕਸਤ ਕਰ ਲੈਂਦਾ ਹੈ। ਅਸੀਂ ਸਭ ਜਾਣਦੇ ਹਾਂ ਕਿ ਬੱਚੇ ਨੂੰ ਝੂਠ ਦਾ ਸਬਕ ਅਸੀਂ ਹੀ ਸਿਖਾਉਂਦੇ ਹਾਂ। ਜਦੋਂ ਇਕ ਬਾਪ ਬਾਹਰ ਆਏ ਸੱਜਣ ਨੂੰ ਬੇਟੇ ਹੱਥ ਇਹ ਸੁਨੇਹਾ ਭੇਜਦਾ ਹੈ, 'ਬੇਟੇ ਜਾਹ ਅੰਕਲ ਨੂੰ ਕਹਿ ਕਿ ਡੈਡੀ ਘਰ ਨਹੀਂ ਹਨ'। ਇਸ ਹਰਕਤ ਨਾਲ ਅਸੀਂ ਬੱਚੇ ਨੂੰ ਅਚੇਤ ਮਨ ਹੀ ਝੂਠ ਦਾ ਪਾਠ ਸਿਖਾ ਦਿੱਤਾ। ਇਸੇ ਤਰ੍ਹਾਂ ਦੀਆਂ ਅਨੇਕਾਂ ਚਲਾਕੀਆਂ ਸਾਡੇ ਬੱਚਿਆਂ ਦੀ ਮਾਨਸਿਕਤਾ ਤੇ ਅਮਿੱਟ ਅਸਰ ਕਰਦੀਆਂ ਹਨ।
ਸਮਾਜ ਦਾ ਪ੍ਰਭਾਵ :
ਅਸੀਂ ਜਿਸ ਤਰ੍ਹਾਂ ਦੇ ਸਮਾਜ ਵਿਚ ਰਹਿੰਦੇ ਹਾਂ ਉਸਦਾ ਸਿੱਧਾ ਅਸਰ ਬੱਚਿਆਂ ਦੀ ਸਖਸ਼ੀਅਤ ’ਤੇ ਪੈਂਦਾ ਹੈ। ਜਿਹੜੇ ਗੁਣ ਅਸੀਂ ਬੱਚੇ ਨੂੰ ਘਰ ਜਾਂ ਸਕੂਲ ਵਿਚ ਸਿਖਾਉਂਦੇ ਹਾਂ, ਜੇਕਰ ਉਹ ਸਮਾਜ ਵਿਚ ਤੁਰਦਿਆਂ ਫਿਰਦਿਆਂ ਉਸਦੇ ਨਜ਼ਰੀ ਨਹੀਂ ਪੈਂਦੇ ਫਿਰ ਵੀ ਉਸਦਾ ਮਨ ਵਲੂੰਧਰਿਆਂ ਜਾਂਦਾ ਹੈ। ਇਸ ਸਭ ਕਾਸੇ ਸੰਬੰਧੀ ਇਹ ਜ਼ਰੂਰੀ ਹੈ ਕਿ ਬੱਚੇ ਵਿਚ ਅਜਿਹੇ ਹੁਣ ਐਨੇ ਪਕੇਰੇ ਕੀਤੇ ਜਾਣ ਕਿ ਉਹ ਨੈਗੇਟਿਵ ਹਾਲਤਾਂ ਵਿਚ ਵੀ ਆਪਣਾ ਮਾਨਸਿਕ ਸੰਤੁਲਨ ਵਿਗੜਨ ਨਾ ਦੇਵੇ ਅਤੇ ਨੈਤਿਕਤਾ ਦਾ ਲੜ ਘੁੱਟ ਕੇ ਫੜੀ ਰੱਖੇ। ਕਿਸੇ ਨੇ ਸੱਚ ਹੀ ਕਿਹਾ ਹੈ ਇਥੇ ਸਭ ਪਾਸੇ ਕੰਡੇ ਖਿਲਰੇ ਪਏ ਨੇ ਜਿਨ੍ਹਾਂ ਨੂੰ ਅਸੀਂ ਸਾਫ ਨਹੀਂ ਕਰ ਸਕਦੇ ਪਰ ਅਸੀਂ ਆਪਣੇ ਪੈਰਾਂ ਵਿਚ ਬੂਟ ਜ਼ਰੂਰ ਪਾ ਸਕਦੇ ਹਾਂ ਤਾਂ ਕਿ ਕੰਢਿਆਂ ਤੋਂ ਬਚੇ ਰਹੀਏ। ਭਾਵ ਸਮਾਜ ਦੇ ਨਿਘਾਰਾਂ ਵੱਲ ਨਹੀਂ ਸਗੋਂ ਸਿਖਰਾਂ ਵੱਲ ਵਧਣਾ ਹੈ।
ਨੈਤਿਕਤਾ ਦਾ ਖਜ਼ਾਨਾ ਹੈ ਸਕੂਲ :
ਸਕੂਲ ਨੂੰ ਇਕ ਮੰਦਰ ਦਾ ਦਰਜਾ ਦਿੱਤਾ ਗਿਆ ਹੈ ਅਤੇ ਅਧਿਆਪਕਾਂ ਨੂੰ ਗੁਰੁ ਦਾ। ਸੋ ਗੁਰੂ ਅਤੇ ਸਿੱਖ ਦਾ ਰਿਸ਼ਤਾ ਕਿੰਨਾ ਪਵਿੱਤਰ ਅਤੇ ਮਾਣ ਸਤਿਕਾਰ ਵਾਲਾ ਹੈ। ਜਿਸਦਾ ਕੋਈ ਆਦਿ ਅੰਤ ਹੀ ਨਹੀਂ ਹੈ। ਪੜ੍ਹਾਈ ਦੇ ਨਾਲ ਉਸ ਅੰਦਰ ਈਮਾਨਦਾਰੀ, ਮਿਹਨਤ, ਸਫਾਈ, ਆਦਰ ਵਰਗੇ ਅਨੇਕਾਂ ਗੁਣਾਂ ਨੂੰ ਭਰਿਆ ਜਾਂਦਾ ਹੈ। ਅਧਿਆਪਕ ਦੀ ਸ਼ਖਸ਼ੀਅਤ ਦਾ ਸਿੱਧਾ ਪ੍ਰਭਾਵ ਬੱਚੇ ’ਤੇ ਪੈਂਦਾ ਹੈ। ਜਿਵੇਂ ਜਿਵੇਂ ਉਸਦੇ ਰਾਹ ਰੌਸ਼ਨ ਹੁੰਦੇ ਜਾਂਦੇ ਹਨ। ਉਹ ਜੀਵਨ ਦੀ ਜੰਗ ਨੂੰ ਬਾਖੂਬੀ ਲੜਨ ਦੇ ਕਾਬਿਲ ਬਣਦਾ ਜਾਂਦਾ ਹੈ। ਕਾਬਲੀਅਤ ਨਾਲ ਹੀ ਅਸੀਂ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ। ਨੈਤਿਕਤਾ ਦਾ ਅਸਲੀ ਭਾਵ ਵੀ ਇਹੀ ਹੈ ਕਿ ਅਸੀਂ ਸਮਾਜਿਕ ਜੀਵ ਹਾਂ। ਇਸ ਲਈ ਇਥੇ ਹਰ ਜੀਵ ਦਾ ਜਿਊਣਾ ਉਸਦਾ ਮੁਢਲਾ ਹੱਕ ਹੈ। ਅੱਜ-ਕੱਲ ਸਕੂਲਾਂ ਵਿਚ ਨੈਤਿਕ ਸਿਖਿਆ ਦੀਆਂ ਵੱਖਰੀਆਂ ਪੁਸਤਕਾਂ ਸਿਲੇਬਸ ਲਗਾਈਆਂ ਗਈਆਂ ਹਨ। ਅਸਲ ਵਿਚ ਭਾਸ਼ਾਵਾਂ ਦੇ ਸਿਲੇਬਸ ਵਿਚ ਸ਼ਾਮਲ ਲੇਖ, ਕਹਾਣੀਆਂ, ਕਵਿਤਾਵਾਂ ਅਤੇ ਨਾਟਕ ਆਦਿ ਸਭ ਸਾਡੇ ਅੰਦਰ ਨੈਤਿਕ ਕਦਰਾਂ ਕੀਮਤਾਂ ਦਾ ਸੰਚਾਰ ਕਰਦੇ ਹਨ। ਸਾਡਾ ਆਪਸੀ ਵਿਹਾਰ ਹੀ ਸਾਡੇ ਨੈਤਿਕ ਜਾਂ ਅਨੈਤਿਕ ਹੋਣ ਦਾ ਖੁਲਾਸਾ ਕਰਦਾ ਹੈ।
ਨੈਤਿਕਤਾ ਸਾਡੇ ਵਰਤਾਓ 'ਚੋਂ ਝਲਕੇ :
ਪੁਸਤਕਾਂ ਅਤੇ ਗ੍ਰੰਥਾਂ ਨੂੰ ਪੜ੍ਹਨ ਪੜ੍ਹਾਉਣ ਦਾ ਲਾਭ ਤਾ ਹੀ ਹੈ, ਜੇਕਰ ਉਨ੍ਹਾਂ ਵਿਚ ਦਰਜ ਤੱਥਾਂ ਨੂੰ ਜੀਵਨ ਵਿਚ ਅਪਣਾਇਆ ਜਾਵੇ। ਭਾਵ ਅਸੀਂ ਵੱਡਿਆਂ ਨੂੰ ਸਤਿਕਾਰਨਾ, ਬਰਾਬਰਦਿਆਂ ਨੂੰ ਵਿਚਾਰਨਾ ਅਤੇ ਨਵਿਆਂ ਨੂੰ ਦੁਲਾਰਨਾ ਦਾ ਪਾਠ ਅਮਲੀ ਜੀਵਨ ਵਿਚ ਅਪਨਾਉਣਾ ਹੈ। ਅਸੀਂ ਸਾਰੇ ਇਸ ਸਮਾਜਿਕ ਤਾਣੇ ਬਾਣੇ ਦੇ ਅਹਿਮ ਅੰਗ ਹਾਂ। ਇਸ ਲਈ ਬਿਨਾਂ ਕਿਸੇ ਵਿਤਕਰੇ ਦੇ ਸਭ ਨਾਲ ਇਮਾਨਦਾਰੀ ਵਾਲੀ ਮਿਲਵਰ ਤੋਂ, ਭਾਈ ਘਨੱਈਆ ਜੀ ਵਾਲੀ ਸਹਾਇਤਾ, ਸਰਵਣ ਪੁੱਤਰ ਵਾਂਗ ਰਿਸ਼ਤਿਆਂ ਦੀ ਕਦਰ, ਸ਼੍ਰੀ ਰਾਮ ਜੀ ਵਾਂਗ ਬੋਲ ਪੁਗਾਉਣੇ, ਗਿਲੇ ਸ਼ਿਕਵੇ ਨਾ ਕਰਨੇ, ਵਾਤਾਵਰਨ ਦੀ ਸਾਂਭ ਸੰਭਾਲ, ਮਿੱਠੀ ਬੋਲ ਬਾਣੀ, ਜੀਵਨ ਦੀਆਂ ਉਚੇਰੀਆਂ ਕਦਰਾਂ ਕੀਮਤਾਂ ਸਾਡੀ ਨੈਤਿਕਤਾ ਨੂੰ ਬਿਆਨ ਕਰਦੀਆਂ ਹਨ।
ਨੈਤਿਕਤਾ ਨੂੰ ਖੋਰਾ ਲਾਉਣ ਵਾਲੇ :
ਅਜੋਕੇ ਸਮੇਂ ਵਿਚ ਸੋਸ਼ਲ ਮੀਡੀਆ ਦੇ ਪਾਰੀ ਤਲਵਾਰ ਵਾਂਗ ਸਾਡੀ ਨਵੀਂ ਪਨੀਰੀ ਨੂੰ ਰਫਲਾਂ, ਸ਼ਕਲਾਂ ਅਤੇ ਨਸ਼ਿਆਂ ਦੇ ਜਾਲ ਵਿਚ ਫਸਾ ਕੇ ਨੈਤਿਕਤਾ ਨੂੰ ਬੜੀ ਬੁਰੀ ਤਰ੍ਹਾਂ ਖੋਰਾ ਲਾ ਰਿਹਾ ਹੈ। ਬਾਲ ਮਨ ਦਾ ਵਿਚਲਤ ਹੋਣਾ ਸੁਭਾਵਿਕ ਹੁੰਦਾ ਹੈ। ਉਸਨੂੰ ਅਸਲੀ ਅਤੇ ਨਕਲੀ ਦੇ ਅੰਤਰ ਦਾ ਗਿਆਨ ਨਾ ਹੋਣ ਕਰਕੇ ਸਸਤੀ ਅਤੇ ਸੌਖੀ ਰਾਹੇ ਅਪਣਾਉਣਾ ਚਾਹੁੰਦਾ ਹੈ। ਜੋ ਅਸਲੀ ਜੀਵਨ ਵਿਚ ਸੁਭਾਵਿਕ ਨਹੀਂ । ਇਸ ਵਿਚ ਕੋਈ ਦੋ ਰਾਵਾਂ ਨਹੀਂ ਹਨ ਕਿ ਕੁੱਝ ਲੋਕ ਇਸਦੀ ਸਹੀ ਵਰਤੋਂ ਨਾਲ ਸਾਨੂੰ ਸਹੀ ਮਾਰਗ ਵੀ ਦਿਖਾ ਰਹੇ ਹਨ। ਕਿਸੇ ਨੇ ਸੱਚ ਹੀ ਕਿਹਾ ਹੈ ਕਿ ਜਥਾ ਰਾਜਾ ਤਥਾ ਪਰਜਾ। ਸਾਡੇ ਆਗੂਆਂ ਨੇ ਸਾਡੇ ਰਾਹ ਦਸੇਰੇ ਬਣਨਾ ਹੈ। ਤੁਸੀਂ ਭਲੀ ਭਾਂਤ ਜਾਣਦੇ ਹੋ ਕਿ ਅਜੋਕੇ ਰਾਜਨੀਤਿਕ ਢਾਂਚੇ ਵਿਚ ਸਾਡੇ ਕੋਲ ਉਦਾਹਰਨ ਦੇਣ ਲਈ ਕਿੰਨੇ ਕੁ ਆਗੂ ਮੌਜੂਦ ਹਨ। ਬੱਚਿਆਂ ਲਈ ਆਦਰਸ਼ ਮਨੁੱਖ ਲੱਭਣ ਵੱਡੀ ਸਮੱਸਿਆ ਬਣੀ ਹੋਈ ਹੈ। ਨੈਤਿਕ ਕਦਰਾਂ ਕੀਮਤਾਂ ਵਿਚ ਕਈ ਸਮਾਜਿਕ ਰਹੁ ਰੀਤਾਂ ਸਮੇਂ ਦੀ ਤੋਰ ਨਾਲ ਆਪਣਾ ਮੁੱਲ ਵੀ ਗੁਆ ਚੁੱਕੀਆਂ ਹਨ। ਜਿਵੇਂ ਕਿਸੇ ਜ਼ਮਾਨੇ ਘੁੰਡ ਨੂੰ ਸਮਾਜ ਵਿਚ ਬੜਾ ਆਦਰ ਮਿਲਦਾ ਸੀ। ਇਸੇ ਤਰਾਂ ਨੈਤਿਕਤਾ ਅਤੇ ਉਚੇਰੀਆਂ ਕਦਰਾਂ ਕੀਮਤਾਂ ਸਮੇਂ ਦੀ ਲੋੜ ਅਨੁਸਾਰ ਆਪਣਾ ਰੰਗ ਰੂਪ ਬਦਲਦੀਆਂ ਰਹਿੰਦੀਆਂ ਹਨ। ਕਿਸੇ ਜ਼ਮਾਨੇ ਸਾਡੇ ਸਾਂਝੇ ਪਰਿਵਾਰ ਮਹਾਨ ਸਨ ਤੇ ਅਜ ਦੀਆਂ ਆਰਥਿਕ ਲੋੜਾਂ ਨੇ ਸਿੰਗਲ ਫੈਮਿਲੀ ਸਿਸਟਮ ਨੂੰ ਵਿਕਸਤ ਕਰ ਦਿੱਤਾ ਹੈ। ਸੋ ਆਓ ਆਪਾਂ ਬਦਲਦੇ ਹਾਲਤਾਂ ਨਾਲ ਆਪਣੇ ਕਦਮ ਮਿਲਾਉਂਦੇ ਹੋਏ ਆਪਣੀ ਉਚੇਰੀ ਸੋਚ ਅਤੇ ਨੈਤਿਕ ਕਦਰਾਂ ਕੀਮਤ ਦਾ ਲੜ ਨਾ ਛੱਡੀਏ। ਜਿੱਥੇ ਵੀ ਜਾਈਏ ਸਾਡੇ ਵਿਚੋਂ ਨੈਤਿਕਤਾ ਝਲਕਾਰੇ ਮਾਰੇ।