ਗਰਮੀਆਂ ''ਚ ਚਿਹਰੇ ''ਤੇ ਗੁਲਾਬ ਜਲ ਲਾਉਣ ਦੇ ਸ਼ਾਨਦਾਰ ਫਾਇਦੇ, ਮਿਲੇਗਾ ਕੁਦਰਤੀ ਨਿਖਾਰ

Wednesday, May 27, 2026 - 01:16 PM (IST)

ਗਰਮੀਆਂ ''ਚ ਚਿਹਰੇ ''ਤੇ ਗੁਲਾਬ ਜਲ ਲਾਉਣ ਦੇ ਸ਼ਾਨਦਾਰ ਫਾਇਦੇ, ਮਿਲੇਗਾ ਕੁਦਰਤੀ ਨਿਖਾਰ

ਵੈੱਬ ਡੈਸਕ - ਗਰਮੀਆਂ ਦੇ ਮੌਸਮ 'ਚ ਤੇਜ਼ ਧੁੱਪ, ਪਸੀਨਾ ਅਤੇ ਪ੍ਰਦੂਸ਼ਣ ਕਾਰਨ ਚਿਹਰੇ ਦਾ ਰੰਗ ਫਿੱਕਾ ਪੈਣਾ, ਕਿੱਲ-ਮੁਹਾਸੇ ਹੋਣਾ ਅਤੇ ਚਮੜੀ ਦਾ ਬੇਜਾਨ ਹੋਣਾ ਇਕ ਆਮ ਸਮੱਸਿਆ ਹੈ। ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਬਚਣ ਲਈ ਲੋਕ ਮਹਿੰਗੇ-ਮਹਿੰਗੇ ਬਿਊਟੀ ਪ੍ਰੋਡਕਟਸ ਅਤੇ ਫੇਸ਼ੀਅਲ 'ਤੇ ਹਜ਼ਾਰਾਂ ਰੁਪਏ ਖਰਚ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਘਰ 'ਚ ਮੌਜੂਦ ਸਸਤਾ ਜਿਹਾ 'ਗੁਲਾਬ ਜਲ' ਚਮੜੀ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ?

ਸਿਹਤ ਅਤੇ ਬਿਊਟੀ ਮਾਹਿਰਾਂ ਮੁਤਾਬਕ, ਰੋਜ਼ਾਨਾ ਚਿਹਰੇ 'ਤੇ ਗੁਲਾਬ ਜਲ ਲਗਾਉਣ ਨਾਲ ਚਮੜੀ ਨੂੰ ਕਈ ਅਦਭੁਤ ਫਾਇਦੇ ਮਿਲਦੇ ਹਨ, ਜਿਨ੍ਹਾਂ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ।

ਚਿਹਰੇ 'ਤੇ ਗੁਲਾਬ ਜਲ ਲਗਾਉਣ ਦੇ 5 ਵੱਡੇ ਫਾਇਦੇ :-

ਕੁਦਰਤੀ ਗਲੋਅ 
- ਗੁਲਾਬ ਜਲ ਚਿਹਰੇ ਦੇ ਖ਼ੂਨ ਦੇ ਦੌਰੇ ਨੂੰ ਵਧਾਉਂਦਾ ਹੈ। ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਨੂੰ ਚਿਹਰੇ 'ਤੇ ਲਗਾਉਣ ਨਾਲ ਸਕਿਨ ਅੰਦਰੋਂ ਸਾਫ਼ ਹੁੰਦੀ ਹੈ ਅਤੇ ਚਿਹਰੇ 'ਤੇ ਗੁਲਾਬੀ ਨਿਖਾਰ ਆਉਂਦਾ ਹੈ।

ਕਿੱਲ-ਮੁਹਾਸਿਆਂ ਤੋਂ ਛੁਟਕਾਰਾ
- ਗੁਲਾਬ ਜਲ 'ਚ ਐਂਟੀ-ਬੈਕਟੀਰੀਅਲ ਅਤੇ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ। ਇਹ ਚਿਹਰੇ ਦੇ ਵਾਧੂ ਤੇਲ ਨੂੰ ਸਾਫ਼ ਕਰਦਾ ਹੈ, ਜਿਸ ਨਾਲ ਕਿੱਲ-ਮੁਹਾਸੇ ਅਤੇ ਬਲੈਕਹੈੱਡਸ ਦੀ ਸਮੱਸਿਆ ਜੜ੍ਹੋਂ ਖ਼ਤਮ ਹੋ ਜਾਂਦੀ ਹੈ।

ਚਮੜੀ ਦੇ pH ਲੈਵਲ ਨੂੰ ਰੱਖੇ ਬਰਕਰਾਰ
- ਸਾਬਣ ਜਾਂ ਫੇਸਵਾਸ਼ ਦੀ ਜ਼ਿਆਦਾ ਵਰਤੋਂ ਕਾਰਨ ਚਿਹਰੇ ਦਾ ਕੁਦਰਤੀ pH ਲੈਵਲ ਵਿਗੜ ਜਾਂਦਾ ਹੈ। ਗੁਲਾਬ ਜਲ ਇਕ ਬਿਹਤਰੀਨ ਕੁਦਰਤੀ ਟੋਨਰ ਹੈ, ਜੋ ਸਕਿਨ ਦੇ pH ਲੈਵਲ ਨੂੰ ਸੰਤੁਲਿਤ ਰੱਖ ਕੇ ਚਮੜੀ ਨੂੰ ਨਰਮ ਅਤੇ ਮੁਲਾਇਮ ਬਣਾਉਂਦਾ ਹੈ।

ਧੁੱਪ ਦੀ ਸੜਨ ਅਤੇ ਜਲਣ ਤੋਂ ਤੁਰੰਤ ਰਾਹਤ
- ਗਰਮੀ 'ਚ ਬਾਹਰ ਨਿਕਲਣ ਕਾਰਨ ਜੇਕਰ ਚਿਹਰੇ 'ਤੇ ਲਾਲੀ ਜਾਂ ਜਲਣ ਹੋ ਰਹੀ ਹੋਵੇ, ਤਾਂ ਫਰਿੱਜ 'ਚ ਰੱਖਿਆ ਠੰਢਾ ਗੁਲਾਬ ਜਲ ਕਪਾਹ ਦੀ ਮਦਦ ਨਾਲ ਚਿਹਰੇ 'ਤੇ ਲਗਾਓ। ਇਹ ਚਮੜੀ ਨੂੰ ਤੁਰੰਤ ਠੰਢਕ ਅਤੇ ਸਕੂਨ ਦਿੰਦਾ ਹੈ।

ਅੱਖਾਂ ਦੇ ਡਾਰਕ ਸਰਕਲਸ ਕਰੇ ਘੱਟ
- ਥਕਾਵਟ ਜਾਂ ਨੀਂਦ ਪੂਰੀ ਨਾ ਹੋਣ ਕਾਰਨ ਅੱਖਾਂ ਦੇ ਹੇਠਾਂ ਪਏ ਕਾਲੇ ਘੇਰਿਆਂ ਅਤੇ ਸੋਜ ਨੂੰ ਹਟਾਉਣ ਲਈ ਗੁਲਾਬ ਜਲ ਬਹੁਤ ਅਸਰਦਾਰ ਹੈ। ਗੁਲਾਬ ਜਲ 'ਚ ਭਿੱਜੇ ਹੋਏ ਕਾਟਨ ਪੈਡਸ ਨੂੰ 10 ਮਿੰਟ ਲਈ ਅੱਖਾਂ 'ਤੇ ਰੱਖਣ ਨਾਲ ਅੱਖਾਂ ਨੂੰ ਬਹੁਤ ਆਰਾਮ ਮਿਲਦਾ ਹੈ।

ਵਰਤੋਂ ਕਰਨ ਦਾ ਸਹੀ ਤਰੀਕਾ :-

ਬਿਊਟੀ ਮਾਹਿਰਾਂ ਅਨੁਸਾਰ, ਗੁਲਾਬ ਜਲ ਦੀ ਵਰਤੋਂ ਰਾਤ ਨੂੰ ਸੌਣ ਵੇਲੇ ਕਰਨੀ ਸਭ ਤੋਂ ਉੱਤਮ ਹੈ। ਫੇਸਵਾਸ਼ ਕਰਨ ਤੋਂ ਬਾਅਦ ਗੁਲਾਬ ਜਲ ਨੂੰ ਚਿਹਰੇ 'ਤੇ ਸਪ੍ਰੇਅ ਕਰੋ ਜਾਂ ਕਪਾਹ ਨਾਲ ਲਗਾ ਕੇ ਆਪਣੇ ਆਪ ਸੁੱਕਣ ਦਿਓ। ਇਸ ਤੋਂ ਇਲਾਵਾ ਤੁਸੀਂ ਇਸ ਨੂੰ ਮੁਲਤਾਨੀ ਮਿੱਟੀ ਜਾਂ ਬੇਸਣ 'ਚ ਮਿਲਾ ਕੇ ਫੇਸ ਪੈਕ ਵਜੋਂ ਵੀ ਵਰਤ ਸਕਦੇ ਹੋ।

 


author

Sunaina

Content Editor

Related News