ਪਤੀ ਨਾਲ ਹਮੇਸ਼ਾ ਬਣਾਈ ਰੱਖੋ ‘ਦੋਸਤਾਨਾ ਸੰਬੰਧ’

Saturday, Aug 10, 2024 - 10:56 AM (IST)

ਜਲੰਧਰ- ਜ਼ਿਆਦਾਤਰ ਪਰਿਵਾਰਾਂ ’ਚ ਦੇਖਿਆ ਜਾਂਦਾ ਹੈ ਕਿ ਪਤਨੀ ਜਾਂ ਤਾਂ ਪਤੀ ਤੋਂ ਦੱਬ ਕੇ ਰਹਿੰਦੀ ਹੈ ਜਾਂ ਉਸ ’ਤੇ ਰਾਜ  ਕਰਦੀ ਹੈ, ਜਦਕਿ ਇਹ ਦੋਵੇਂ ਸਥਿਤੀਆਂ ਹੀ ਉਸ ਦੀ ਜ਼ਿੰਦਗੀ ਨੂੰ  ਮਾੜਾ ਬਣਾਉਂਦੀਆਂ ਹਨ। ਜੇਕਰ ਪਤਨੀ ਹਮੇਸ਼ਾ ਪਤੀ ਨੂੰ ਤਾਅਨੇ ਦੇਵੇਗੀ, ਉਸ ਦੀਆਂ ਪ੍ਰੇਸ਼ਾਨੀਆਂ ਨੂੰ ਸਮਝਣ ਦਾ ਯਤਨ ਨਹੀਂ ਕਰੇਗੀ ਤਾਂ ਅਜਿਹੇ ’ਚ ਕਿਹੜਾ ਪਤੀ ਘਰ ’ਚ ਰਹਿਣਾ ਪਸੰਦ ਕਰੇਗਾ? ਉਹ ਸੱਚੇ ਸੁੱਖ ਦੀ ਭਾਲ ’ਚ ਇਧਰ-ਓਧਰ ਭਟਕਣਾ ਸ਼ੁਰੂ ਕਰ ਦੇਵੇਗਾ। ਜ਼ਰਾ ਸੋਚੋ, ਜੇਕਰ ਪਤੀ ਥੱਕਿਆ-ਹਾਰਿਆ ਸ਼ਾਮ ਨੂੰ ਘਰ ਪਰਤੇ ਅਤੇ ਪਤਨੀ ਉਸ ਦਾ ਮੁਸਕਰਾ ਕੇ ਸਵਾਗਤ ਕਰਨ ਦੀ ਬਜਾਏ, ਆਪਣੀਆਂ ਫਰਮਾਇਸ਼ਾਂ ਪੂਰੀਆਂ ਨਾ ਕਰਨ ਲਈ ਤਾਅਨੇ ਦੇਣ ਲੱਗੇ ਤਾਂ ਕੀ ਪਤੀ ਦਾ ਮਨ ਪ੍ਰੇਸ਼ਾਨ ਨਹੀਂ ਹੋਵੇਗਾ?
ਬਹੁਤ ਘੱਟ ਪਤਨੀਆਂ ਅਜਿਹੀ ਸਮਝ ਰੱਖਦੀਆਂ ਹਨ ਕਿ ਉਨ੍ਹਾਂ ਦੇ ਪਤੀ ਉਨ੍ਹਾਂ ਤੋਂ ਕੀ ਚਾਹੁੰਦੇ ਹਨ। ਉਹ ਤਾਂ ਬਸ ਉਨ੍ਹਾਂ ਨੂੰ ਖਾਣਾ ਖੁਆ ਕੇ ਅਤੇ ਹੋਰ ਕੰਮ ਕਰਕੇ ਹੀ ਆਪਣਾ ਫਰਜ਼ ਪੂਰਾ ਕਰ ਲੈਂਦੀਆਂ ਹਨ,  ਜਦਕਿ ਉਨ੍ਹਾਂ ਦੇ ਪਤੀ ਚਾਹੁੰਦੇ ਹਨ ਕਿ ਉਹ ਮਾਨਸਿਕ ਤੌਰ ’ਤੇ ਵੀ ਉਨ੍ਹਾਂ ਨਾਲ ਜੁੜਨ, ਉਨ੍ਹਾਂ ਦੇ ਸੁੱਖ-ਦੁੱਖ ਨੂੰ ਸਮਝਣ ਦਾ ਯਤਨ ਕਰਨ ਅਤੇ ਇਕ ਸੱਚੇ ਦੋਸਤ ਵਾਂਗ ਸੁਹਿਰਦ ਵਿਵਹਾਰ ਕਰਨ।
ਇਕ ਟੀਚਰ ਦਾ ਕਹਿਣਾ ਹੈ, ‘ਮੈਂ ਨਾ ਤਾਂ ਆਪਣੇ ਪਤੀ ’ਤੇ ਫਾਲਤੂ ਰੋਅਬ ਝਾੜਦੀ ਹਾਂ ਅਤੇ ਨਾ ਹੀ ਮੇਰੇ ’ਤੇ ਕਿਸੇ ਕਿਸਮ ਦਾ ਉਨ੍ਹਾਂ ਦਾ  ਦਬਾਅ ਹੈ। ਮੈਂ ਵਿਆਹੁਤਾ ਜ਼ਿੰਦਗੀ ਦਾ ਹਰ ਦਿਨ ਉਨ੍ਹਾਂ ਦੀ ਮਿੱਤਰ ਬਣ ਕੇ ਮਾਣਿਆ ਹੈ। ਮੈਂ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਨੂੰ ਸਮਝ ਕੇ ਉਨ੍ਹਾਂ ਨੂੰ ਹੱਲ ਕਰਨ ਦਾ ਯਤਨ ਕਰਦੀ ਹਾਂ। ਕਦੇ ਉਨ੍ਹਾਂ ਦੇ ਅੱਗੇ ਵੱਡੀਆਂ-ਵੱਡੀਆਂ ਫਰਮਾਇਸ਼ਾਂ ਨਹੀਂ ਰੱਖਦੀ। ਇਹੀ ਕਾਰਨ ਹੈ ਕਿ ਵਿਆਹ ਦੇ 10 ਸਾਲ ਬਾਅਦ ਵੀ ਸਾਡੇ ਦੋਵਾਂ ਦੇ ਮਨਾਂ ’ਚ ਉਹੀ ਪਿਆਰ ਹੈ।’
ਫਿਰ ਉਹ ਅੱਗੇ ਕਹਿੰਦੀ ਹੈ, ‘‘ਪਤੀ ਦੇ ਦੁੱਖ-ਸੁੱਖ ਨੂੰ ਸਮਝਣਾ ਹਰ ਪਤਨੀ ਦਾ ਫਰਜ਼ ਹੈ। ਇਕ ਚੰਗੇ ਮਿੱਤਰ ਵਾਂਗ ਸੁਹਿਰਦਤਾਪੂਰਨ ਵਿਵਹਾਰ ਕਰਕੇ ਹੀ ਉਹ ਪਤੀ ਦੀ ਪਿਆਰੀ ਬਣ ਸਕਦੀ ਹੈ। ਜੇਕਰ ਪਤਨੀ ਉਨ੍ਹਾਂ ਨੂੰ ਨਹੀਂ ਸਮਝੇਗੀ ਤਾਂ ਉਨ੍ਹਾਂ ਦੇ ਕਦਮ ਲੜਖੜਾ ਸਕਦੇ ਹਨ।
ਜਦੋਂ ਪਤੀ ਨੂੰ ਪਤਨੀ ਦੇ ਰੂਪ ’ਚ ਇਕ ਚੰਗਾ ਮਿੱਤਰ ਮਿਲੇਗਾ ਤਾਂ ਉਹ ਬਾਹਰ  ਕਿਉਂ ਜਾਵੇਗਾ। ਇਹ ਵੀ ਅਕਸਰ ਸੁਣਿਆ ਗਿਆ ਹੈ ਕਿ ਪਤੀ ਦੇ ਭਟਕਣ ਦਾ ਕਾਰਨ ਘਰੇਲੂ ਕਲੇਸ਼ ਹੈ। ਕੁਝ ਹੱਦ ਤੱਕ ਸਹੀ ਵੀ ਹੋ ਸਕਦਾ ਹੈ ਪਰ ਪਰਿਵਾਰ ਦਾ ਦੋਸਤਾਨਾ ਤੇ ਸੁਹਿਰਦ ਮਾਹੌਲ ਹੀ ਪਰਿਵਾਰ ਦਾ ਆਧਾਰ ਬਣਦਾ ਹੈ। ਪਤੀ ਦਾ ਦਿਲ ਜਿੱਤਣ ਅਤੇ ਉਨ੍ਹਾਂ ਦਾ ਪਿਆਰ ਪਾਉਣ ਲਈ ਉਨ੍ਹਾਂ ਨਾਲ ਇਕ ਸੱਚੇ ਮਿੱਤਰ ਵਾਂਗ ਵਿਵਹਾਰ ਕਰੋ। ਫਜ਼ੂਲ ਖਰਚੀ ਤੋਂ ਬਚੋ ਅਤੇ ਉਨ੍ਹਾਂ ਨੂੰ ਆਪਣੀ ਸਮਰੱਥਾ ਤੋਂ ਵੱਧ ਖਰਚ ਕਰਨ ਲਈ ਉਤਸ਼ਾਹਿਤ ਨਾ ਕਰੋ। ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਅਤੇ ਉਨ੍ਹਾਂ ਨਾਲ ਮਾਨਸਿਕ ਤੌਰ ’ਤੇ ਜੁੜੋ। 


Tarsem Singh

Content Editor

Related News