ਮਾਮਲਾ ਕਮਾਂਡੈਂਟ ਦੇ ਘਰ ਗੋਲੀ ਚੱਲਣ ਦਾ, ਸੈਂਟਰਲ ਹਲਕੇ ਤੇ ਨਾਰਥ ਹਲਕੇ ਦੀ ਪੁਲਸ ਵਿਚਾਲੇ ਗਰਮਾਈ ਰਾਜਨੀਤੀ

05/19/2018 6:00:52 PM

ਜਲੰਧਰ (ਸ. ਹ.)— ਸੂਰਿਆ ਐਨਕਲੇਵ 'ਚ 14 ਮਈ ਨੂੰ ਐੱਸ. ਐੱਚ. ਓ.-8 ਇੰਸਪੈਕਟਰ ਨਵਦੀਪ ਸਿੰਘ ਦੇ ਸਾਂਢੂ ਬੀ. ਐੱਸ. ਐੱਫ. ਦੇ ਕਮਾਂਡੈਂਟ ਵਿਪਿਨ ਕੁਮਾਰ ਸ਼ਰਮਾ ਦੇ ਘਰ 'ਤੇ ਫਾਇਰਿੰਗ ਕਰਨ ਦਾ ਮਾਮਲਾ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ। ਕਾਰਨ ਕਿ ਇਸ ਕੇਸ 'ਚ ਪੁਲਸ ਦੀ ਇਕ ਕਾਲੀ ਭੇਡ ਨੇ ਜੋ ਕਿ ਇੰਸਪੈਕਟਰ ਦਾ ਖਾਸ ਹੈ, ਨੇ ਇਕ ਫਰਜ਼ੀ ਤੱਥ ਮੀਡੀਆ 'ਚ ਪਲਾਂਟ ਕਰਵਾ ਦਿੱਤਾ ਕਿ ਇੰਸਪੈਕਟਰ ਨਵਦੀਪ ਦੇ ਸਾਂਢੂ ਵਿਪਿਨ ਸ਼ਰਮਾ ਦੇ ਬੇਟੇ ਸਵਪਨਿਲ ਨੇ ਉਕਤ ਮੁਲਜ਼ਮਾਂ ਨੂੰ ਖਾਲਸਾ ਕਾਲਜ ਵਿਚ ਲੜਾਈ ਝਗੜੇ ਨੂੰ ਲੈ ਕੇ ਥੱਪੜ ਮਾਰ ਦਿੱਤਾ ਸੀ, ਜਦਕਿ ਪੁਲਸ ਦੇ ਆਲ੍ਹਾ ਅਧਿਕਾਰੀਆਂ ਦੀ ਜਾਂਚ 'ਚ ਇਹ ਗੱਲ ਸਾਹਮਣੇ ਨਹੀਂ ਆਈ, ਜਿਸ ਨੂੰ ਲੈ ਕੇ ਪੁਲਸ ਅਧਿਕਾਰੀਆਂ ਦੇ ਗਲਿਆਰੇ 'ਚ ਲੋਕ ਕੇਸ ਦੀਆਂ ਚਟਪਟੀਆਂ ਗੱਲਾਂ ਕਰਦੇ ਨਜ਼ਰ ਆ ਰਹੇ ਹਨ। ਹਾਲਾਂਕਿ ਦੱਸ ਦੇਈਏ ਕਿ ਇਸ ਕੇਸ 'ਚ ਨਾਮਜ਼ਦ ਮੁਲਜ਼ਮਾਂ ਨੂੰ ਕੋਰਟ 'ਚ ਪੇਸ਼ ਕਰਕੇ ਇਕ ਦਿਨ ਦਾ ਰਿਮਾਂਡ ਲਿਆ ਹੈ, ਜਿਸ ਨੂੰ ਲੈ ਕੇ ਪੁਲਸ ਉਨ੍ਹਾਂ ਤੋਂ ਡੂੰਘੀ ਪੁੱਛਗਿੱਛ ਕਰ ਰਹੀ ਹੈ। 
ਖੈਰ ਇਸ ਕੇਸ 'ਚ ਪਹਿਲਾਂ ਪੁਲਸ ਨੇ ਇਸ ਕੇਸ ਨੂੰ ਸਸਪੈਂਡਡ ਹੈੱਡ ਕਾਂਸਟੇਬਲ ਜਸਵਿੰਦਰ ਸਿੰਘ ਜੱਸੀ ਜੋ ਕਿ ਕੁਝ ਦਿਨ ਪਹਿਲਾਂ ਹੀ ਬਿਹਾਰ ਤੋਂ ਜ਼ਮਾਨਤ 'ਤੇ ਜਲੰਧਰ ਆਇਆ ਸੀ, ਨੇ ਇੰਸਪੈਕਟਰ ਨਵਦੀਪ ਸਿੰਘ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ, ਜਿਸ ਨੂੰ ਲੈ ਕੇ ਪੁਲਸ ਇਸ ਕੇਸ ਨੂੰ ਜੱਸੀ ਵੱਲੋਂ ਘਰ 'ਤੇ ਅਟੈਕ ਕਰਨ ਵਲ ਮੋੜ ਰਹੀ ਸੀ ਪਰ ਸੈਂਟਰਲ ਹਲਕੇ ਦੀ ਪੁਲਸ ਦੀ ਜਾਂਚ 'ਚ ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ। ਪੁਲਸ ਦੀ ਜਾਂਚ ਵਿਚ ਤਾਂ ਪਤਾ ਲੱਗਾ ਸੀ ਕਿ ਇਸ ਕੇਸ 'ਚ 4 ਨੌਜਵਾਨ ਜੋ ਕਿ ਐਕਟਿਵਾ 'ਤੇ ਸਵਾਰ ਹੋ ਕੇ ਆਏ ਸਨ ਉਨ੍ਹਾਂ 'ਚੋਂ ਦੋ ਨੌਜਵਾਨ ਏ. ਐੱਸ. ਆਈ. ਅਤੇ ਹੈੱਡ ਕਾਂਸਟੇਬਲ ਰੈਂਕ ਦੇ 2 ਪੁਲਸ ਮੁਲਾਜ਼ਮ ਦੇ ਬੇਟੇ ਦੱਸੇ ਜਾ ਰਹੇ ਹਨ। ਹਾਲਾਂਕਿ ਪੁਲਸ ਨੇ ਮੁਲਜ਼ਮਾਂ ਨੂੰ ਤਾਂ ਰਾਊਂਡਅਪ ਕਰ ਲਿਆ ਪਰ ਪੇਚਾ ਉਦੋਂ ਫਸਿਆ ਜਦੋਂ ਨਾਰਥ ਹਲਕੇ ਵਿਚ ਤਾਇਨਾਤ ਪੁਲਸ ਦੀ ਇਕ ਕਾਲੀ ਭੇਡ, ਜੋ ਕਿ ਏ. ਐੱਸ. ਆਈ. ਅਹੁਦੇ 'ਤੇ ਤਾਇਨਾਤ ਹੈ, ਨੇ ਇਕ ਗਲਤ ਤੱਥ ਮੀਡੀਆ ਨੂੰ ਦਿੱਤਾ ਕਿ ਕੇਸ 'ਚ ਨਾਮਜ਼ਦ 4 ਮੁਲਜ਼ਮ ਜੋ ਕਿ ਖਾਲਸਾ ਕਾਲਜ ਵਿਚ ਪੜ੍ਹਦੇ ਹਨ ਅਤੇ ਉਥੇ ਬੀ. ਐੱਸ. ਐੱਫ. ਵਿਚ ਤਾਇਨਾਤ ਕਮਾਂਡੈਂਟ ਦੇ ਬੇਟੇ ਸਵਪਨਿਲ ਜੋ ਕਿ ਇੰਟਰਨੈਸ਼ਨਲ ਪਲੇਅਰ ਹੈ, ਨੇ ਕੁਝ ਦੇਰ ਪਹਿਲਾਂ ਖਾਲਸਾ ਕਾਲਜ 'ਚ ਇਕ ਲੜਾਈ ਝਗੜੇ 'ਚ ਵਿਚ-ਬਚਾਅ ਕਰਨ ਦੇ ਦੌਰਾਨ ਸਵਪਨਿਲ ਨੇ ਥੱਪੜ ਮਾਰ ਦਿੱਤਾ, ਹਾਲਾਂਕਿ ਸੈਂਟਰਲ ਹਲਕੇ 'ਚ ਅਧਿਕਾਰੀਆਂ ਵਿਚ ਗੱਲ ਸਾਹਮਣੇ ਆਈ ਕਿ ਸਵਪਨਿਲ ਪਿਛਲੇ ਤਿੰਨ ਮਹੀਨੇ ਕਾਲਜ ਹੀ ਨਹੀਂ ਗਿਆ। ਜੇਕਰ ਗਿਆ ਵੀ ਤਾਂ ਉਹ ਇਮਤਿਹਾਨ ਦੇਣ। 
ਕਿਉਂਕਿ ਉਹ ਸਿਰਫ ਆਪਣੀ ਗੇਮ ਅਤੇ ਪੜ੍ਹਾਈ 'ਤੇ ਹੀ ਫੋਕਸ ਕਰਦਾ ਹੈ। ਓਧਰ ਦੂਜੇ ਪਾਸੇ ਜਦੋਂ ਪੁਲਸ ਦੀ ਕਾਲੀ ਭੇਡ ਵੱਲੋਂ ਮੀਡੀਆ ਦੇ ਇਕ ਹਿੱਸੇ ਨੂੰ ਇਹ ਗੱਲ ਦੱਸੀ ਗਈ ਤਾਂ ਮੀਡੀਆ ਦੇ ਇਕ ਹਿੱਸੇ ਵਲੋਂ ਜਦੋਂ ਛਾਪਾ ਮਾਰਿਆ ਗਿਆ ਤਾਂ ਮਹਿਕਮੇ ਵਿਚ ਇਸ ਕੇਸ ਨੂੰ ਲੈ ਕੇ ਕਾਫੀ ਚਰਚੇ ਹੋਣ ਲੱਗੇ। ਕਿਆਸ ਲਗਾਏ ਜਾਣ ਲੱਗੇ ਕਿ ਇਕ ਵਾਰ ਫਿਰ ਸੈਂਟਰਲ ਹਲਕੇ ਅਤੇ ਨਾਰਥ ਹਲਕੇ ਦੀ ਪਾਲੀਟਿਕਸ ਗਰਮਾ ਗਈ ਹੈ। 
ਹੁਣ ਪੁਲਸ ਮੁਲਾਜ਼ਮਾਂ ਦੇ ਬੇਟੇ ਇਸ ਕੇਸ ਵਿਚ ਨਾਮਜ਼ਦ ਹੋਣ ਦੇ ਕਾਰਨ ਮਹਿਕਮੇ ਵਿਚ ਤਾਂ ਕਾਫੀ ਚਰਚੇ ਚਲ ਰਹੇ ਸਨ ਪਰ ਇਸ ਗਲਤ ਤੱਥ ਨੂੰ ਮੀਡੀਆ ਵਿਚ ਜਨਤਕ ਕੀਤੇ ਜਾਣ ਕਾਰਨ ਇਹ ਗੱਲ ਕਾਫੀ ਫੈਲ ਗਈ ਕਿਉਂਕਿ ਪਹਿਲਾਂ ਹੀ ਇਕ ਪੁਰਾਣੇ ਕੇਸ ਨੂੰ ਲੈ ਕੇ ਸੈਂਟਰਲ ਹਲਕੇ ਦੀ ਪੁਲਸ ਅਤੇ ਨਾਰਥ ਹਲਕੇ ਦੀ ਪੁਲਸ ਵਿਚਾਲੇ ਕ੍ਰੈਡਿਟ ਵਾਰ ਚੱਲ ਰਹੀ ਸੀ ਪਰ ਹੁਣ ਨਾਰਥ ਹਲਕੇ ਵਿਚ ਤਾਇਨਾਤ ਪੁਲਸ ਦੀ ਇਕ ਕਾਲੀ ਭੇਡ ਵੱਲੋਂ ਇਹ ਤੱਥ ਦੇਣਾ ਮਹਿਕਮੇ ਵਿਚ ਵੀ ਕਾਫੀ ਮਹਿੰਗਾ ਪੈ ਚੁੱਕਾ ਹੈ ਕਿਉਂਕਿ ਕੇਸ ਵਿਚ ਆਲ੍ਹਾ ਅਧਿਕਾਰੀ ਸਵਪਨਿਲ ਵੱਲੋਂ ਕੇਸ ਵਿਚ ਨਾਮਜ਼ਦ ਮੁਲਜ਼ਮਾਂ ਦੇ ਥੱਪੜ ਮਾਰਨ ਦੀ ਗੱਲ ਅਤੇ ਇਸ ਤਰ੍ਹਾਂ ਦੀ ਕੋਈ ਵੀ ਗੱਲ ਹੋਣ ਤੋਂ ਇਨਕਾਰ ਕਰ ਰਹੇ ਹਨ। ਇੰਨਾ ਹੀ ਨਹੀਂ ਖੁਦ ਕੇਸ ਵਿਚ ਪੀੜਤ ਪੱਖ ਵੀ ਇਸ ਗੱਲ ਨੂੰ ਬਿਲਕੁਲ ਦਰਕਿਨਾਰ ਕਰ ਰਹੇ ਹਨ, ਜਿਸ ਨੂੰ ਲੈ ਕੇ ਹੁਣ ਪੁਲਸ ਮਹਿਕਮੇ ਦੇ ਕੁਝ ਆਲਾ ਅਧਿਕਾਰੀ ਬੈਕਫੁੱਟ 'ਤੇ ਆ ਗਏ ਹਨ, ਜਿਸ ਨਾਲ ਪੁਲਸ ਦੀ ਕਾਫੀ ਕਿਰਕਿਰੀ ਹੋ ਗਈ ਹੈ।  ਹੁਣ ਪੁਲਸ ਇਸ ਤੱਥ ਨੂੰ ਲੈ ਕੇ ਡੈਮੇਜ ਕੰਟਰੋਲ ਵਿਚ ਲੱਗੀ ਹੈ।


Related News