ਸ੍ਰੀ ਹੇਮਕੁੰਟ ਸਾਹਿਬ ਦੇ ਖੁੱਲ੍ਹ ਗਏ ਕਿਵਾੜ, ਰਿਸ਼ੀਕੇਸ਼ ਤੋਂ ਤੀਜਾ ਜਥਾ ਰਵਾਨਾ

05/26/2018 2:28:25 AM

ਗੋਬਿੰਦ ਧਾਮ/ਜਲੰਧਰ (ਜੁਗਿੰਦਰ ਸੰਧੂ, ਏਜੰਸੀ)  -  ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੂਰਬਲੇ ਜਨਮ ਨਾਲ ਸਬੰਧਤ ਤਪੋ ਭੂਮੀ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸੰਗਤਾਂ ਲਈ ਅੱਜ ਤੋਂ ਖੁੱਲ੍ਹ ਗਏ ਹਨ। ਅੱਜ ਪਹਿਲੇ ਦਿਨ ਹਜ਼ਾਰਾਂ ਸੰਗਤਾਂ ਨੇ ਪਾਵਨ ਗੁਰਧਾਮਾਂ ਦੇ ਦਰਸ਼ਨ-ਦੀਦਾਰ ਕੀਤੇ ਅਤੇ ਗੁਰੂ ਚਰਨਾਂ ਵਿਚ ਮੱਥਾ ਟੇਕ ਕੇ ਹਾਜ਼ਰੀ ਲੁਆਈ। ਅੱਜ ਸਵੇਰੇ 9.30 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਉਪਰੰਤ ਸ੍ਰੀ ਮੁੱਖ ਵਾਕ ਲੈਣ ਤੋਂ ਬਾਅਦ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ। ਚੰਡੀਗੜ੍ਹ ਦੇ ਭਾਈ ਗੁਰਮੀਤ ਸਿੰਘ ਦੇ ਜਥੇ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ। ਉਹ ਸ਼ਬਦ ਪੜ੍ਹ ਰਹੇ ਸਨ :ਗੋਬਿੰਦ ਘਾਟ ਤੋਂ ਦੂਜਾ ਜਥਾ ਰਵਾਨਾ 
ਇਸ ਦੌਰਾਨ ਗੁਰਦੁਆਰਾ ਸ੍ਰੀ ਗੋਬਿੰਦ ਘਾਟ ਸਾਹਿਬ ਤੋਂ ਅੱਜ ਯਾਤਰੂਆਂ ਦਾ ਦੂਜਾ ਜਥਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋ ਗਿਆ। ਇਸ ਜਥੇ ਵਿਚ 1500 ਦੇ ਕਰੀਬ ਸੰਗਤ ਸ਼ਾਮਲ ਸੀ, ਜੋ ਕਿ ਦਿੱਲੀ, ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼ ਅਤੇ ਹੋਰ ਸਥਾਨਾਂ ਨਾਲ ਸਬੰਧਤ ਸੀ। ਇਹ ਯਾਤਰੂ ਵੀ ਅੱਜ ਰਾਤ ਸ੍ਰੀ ਗੋਬਿੰਦ ਧਾਮ ਵਿਖੇ ਪੜਾਅ ਕਰਨਗੇ ਅਤੇ ਕੱਲ ਨੂੰ ਉਥੋਂ ਸ੍ਰੀ ਹੇਮਕੁੰਟ ਸਾਹਿਬ ਲਈ ਰਵਾਨਾ ਹੋਣਗੇ। ਜ਼ਿਕਰਯੋਗ ਹੈ ਕਿ ਸ੍ਰੀ ਹੇਮਕੁੰਟ ਸਾਹਿਬ ਵਿਖੇ ਆਕਸੀਜਨ ਦੀ ਘਾਟ ਕਾਰਨ ਸ਼ਰਧਾਲੂ ਰਾਤ ਨੂੰ ਨਹੀਂ ਠਹਿਰ ਸਕਦੇ ਅਤੇ ਉਨ੍ਹਾਂ ਨੂੰ ਵਾਪਸ ਸ੍ਰੀ ਗੋਬਿੰਦ ਧਾਮ ਪਰਤਣਾ ਪੈਂਦਾ ਹੈ।
ਰਿਸ਼ੀਕੇਸ਼ ਤੋਂ ਤੀਜਾ ਜਥਾ ਰਵਾਨਾ
ਇਸ ਦੌਰਾਨ ਗੁਰਦੁਆਰਾ ਸ੍ਰੀ ਰਿਸ਼ੀਕੇਸ਼ ਤੋਂ ਅੱਜ ਸ਼ਰਧਾਲੂਆਂ ਦਾ ਤੀਜਾ ਜਥਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਗੁਰਦੁਆਰਾ ਸ੍ਰੀ ਰਿਸ਼ੀਕੇਸ਼ ਦੇ ਮੈਨੇਜਰ ਸ. ਦਰਸ਼ਨ ਸਿੰਘ ਨੇ ਦੱਸਿਆ ਕਿ ਇਸ ਜਥੇ ਵਿਚ 12-13 ਸੌ ਦੇ ਕਰੀਬ ਸੰਗਤ ਸੀ, ਜੋ ਕਿ ਵੱਖ-ਵੱਖ ਰਾਜਾਂ ਨਾਲ ਸਬੰਧਤ ਸੀ। ਇਨ੍ਹਾਂ ਸੰਗਤਾਂ ਨੇ ਰਿਸ਼ੀਕੇਸ਼ ਵਿਖੇ ਰਾਤ ਵਿਸ਼ਰਾਮ ਕੀਤਾ ਅਤੇ ਅੱਜ ਅੱਗੇ ਲਈ ਰਵਾਨਾ ਹੋ ਗਏ। ਉਨ੍ਹਾਂ ਦੱਸਿਆ ਕਿ ਆਮ ਹਾਲਾਤ ਵਿਚ ਗੁਰਦੁਆਰਾ ਸ੍ਰੀ ਰਿਸ਼ੀਕੇਸ਼ ਵਿਖੇ 6000 ਦੇ ਕਰੀਬ ਸੰਗਤ ਠਹਿਰ ਸਕਦੀ ਹੈ, ਜਦੋਂਕਿ ਸਖ਼ਤ ਜ਼ਰੂਰਤ ਪੈਣ 'ਤੇ 10 ਹਜ਼ਾਰ ਲੋਕਾਂ ਦੇ ਠਹਿਰਣ ਦਾ ਪ੍ਰਬੰਧ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਯਾਤਰਾ ਲਈ ਦੇਸ਼-ਵਿਦੇਸ਼ ਦੀਆਂ ਸੰਗਤਾਂ 'ਚ ਭਾਰੀ ਉਤਸ਼ਾਹ ਹੈ।
ਤੇਰਾ ਥਾਨ ਸੁਹਾਵਾ, ਤੇਰਾ ਰੂਪ ਸੁਹਾਵਾ, ਤੇਰੇ ਭਗਤ ਸੋਹੇ ਦਰਬਾਰੇ।
ਯਾਤਰਾ ਦੇ ਸ਼ੁਭ ਆਰੰਭ ਦੇ ਸਬੰਧ ਵਿਚ ਸ੍ਰੀ ਹੇਮਕੁੰਟ ਸਾਹਿਬ ਦੇ ਮੈਨੇਜਰ ਗਿਆਨੀ ਗੁਰਨਾਮ ਸਿੰਘ ਜੀ ਦੀ ਮੌਜੂਦਗੀ 'ਚ ਸਰਬੱਤ ਦੇ ਭਲੇ ਲਈ 12.30 ਵਜੇ ਪਹਿਲੀ ਅਰਦਾਸ ਕੀਤੀ ਗਈ। ਵੱਡੀ ਗਿਣਤੀ 'ਚ ਜੁੜੀਆਂ ਸੰਗਤਾਂ ਨੇ ਬੁਲੰਦ ਆਵਾਜ਼ ਵਿਚ ਜੈਕਾਰੇ ਲਾ ਕੇ ਮਾਹੌਲ ਨੂੰ ਭਗਤੀ-ਰਸ ਨਾਲ ਭਰਪੂਰ ਕਰ ਦਿੱਤਾ। ਇਸ ਮੌਕੇ 'ਤੇ ਸ੍ਰੀ ਹੇਮਕੁੰਟ ਸਾਹਿਬ ਪ੍ਰਬੰਧਕੀ ਟਰੱਸਟ ਦੇ ਚੇਅਰਮੈਨ ਸ. ਜਨਕ ਸਿੰਘ ਅਤੇ ਸ. ਸੇਵਾ ਸਿੰਘ ਵੀ ਮੌਜੂਦ ਸਨ, ਜਦੋਂਕਿ ਵਾਈਸ ਚੇਅਰਮੈਨ ਸ. ਨਰਿੰਦਰਜੀਤ ਸਿੰਘ ਬਿੰਦਰਾ ਯਾਤਰਾ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਵਾਪਸ ਚਲੇ ਗਏ ਸਨ। ਸ੍ਰੀ ਹੇਮਕੁੰਟ ਸਾਹਿਬ ਵਿਖੇ ਅੱਜ ਪਹਿਲੀ ਅਰਦਾਸ ਉਪਰੰਤ ਸੰਗਤਾਂ ਨੂੰ ਪ੍ਰਸ਼ਾਦਿ ਅਤੇ ਖਿਚੜੀ-ਚਾਹ ਦੇ ਲੰਗਰ ਵਰਤਾਏ ਗਏ। ਯਾਤਰਾ ਪ੍ਰਬੰਧਾਂ ਵਿਚ ਫੌਜ ਦੇ ਜੁਆਨ ਸੁਰੱਖਿਆ-ਸੇਵਾ ਸੰਭਾਲ ਰਹੇ ਸਨ। ਇਕ ਅੰਦਾਜ਼ੇ ਅਨੁਸਾਰ ਅੱਜ ਪਹਿਲੇ ਦਿਨ 8-10 ਹਜ਼ਾਰ ਦੇ ਕਰੀਬ ਸੰਗਤਾਂ ਨੇ ਸ੍ਰੀ ਹੇਮਕੁੰਟ ਸਾਹਿਬ ਵਿਖੇ ਦਰਸ਼ਨ-ਇਸ਼ਨਾਨ ਕੀਤੇ। ਯਾਤਰੂਆਂ ਦੇ ਪਹਿਲੇ ਜਥੇ ਨੂੰ ਬੀਤੇ ਦਿਨ ਜੈਕਾਰਿਆਂ ਦੀ ਗੂੰਜ ਵਿਚ ਸ੍ਰੀ ਗੋਬਿੰਦ ਘਾਟ ਤੋਂ ਰਵਾਨਾ ਕੀਤਾ ਗਿਆ ਸੀ ਅਤੇ ਸਮੂਹ ਸੰਗਤ ਨੇ ਰਾਤ ਦਾ ਵਿਸ਼ਰਾਮ ਗੁਰਦੁਆਰਾ ਸ੍ਰੀ ਗੋਬਿੰਦ ਧਾਮ ਵਿਖੇ ਕੀਤਾ।


Related News