ਪਾਕਿ ਦੇ ਗ੍ਰਹਿ ਮੰਤਰੀ ਦਾ ਸਹੀ ਬਿਆਨ ਟੈਂਕਾਂ ਅਤੇ ਮਿਜ਼ਾਈਲਾਂ ਨਾਲ ਪਾਕਿਸਤਾਨ ਨੂੰ ਨਹੀਂ ਬਚਾਇਆ ਜਾ ਸਕਦਾ

05/24/2018 6:45:55 AM

ਹੋਂਦ 'ਚ ਆਉਣ ਦੇ ਸਮੇਂ ਤੋਂ ਹੀ ਪਾਕਿਸਤਾਨੀ ਸ਼ਾਸਕਾਂ ਨੇ ਆਪਣਾ ਭਾਰਤ ਵਿਰੋਧੀ ਰਵੱਈਆ ਜਾਰੀ ਰੱਖਿਆ ਹੋਇਆ ਹੈ। ਹਾਲਾਂਕਿ ਸਮੇਂ-ਸਮੇਂ 'ਤੇ ਪਾਕਿਸਤਾਨ 'ਚ ਸੱਤਾ ਅਦਾਰੇ ਨਾਲ ਜੁੜੇ ਕੁਝ ਲੋਕ ਆਪਣੀ ਸਰਕਾਰ ਨੂੰ ਭਾਰਤ ਨਾਲ ਟਕਰਾਅ ਦਾ ਰਾਹ ਛੱਡ ਕੇ ਸ਼ਾਂਤੀ ਦਾ ਰਾਹ ਅਪਣਾਉਣ ਦੀ ਸਲਾਹ ਦਿੰਦੇ ਰਹਿੰਦੇ ਹਨ। ਹੁਣੇ ਜਿਹੇ ਪਾਕਿਸਤਾਨ ਦੇ ਚਾਰ ਉੱਚ ਅਧਿਕਾਰੀਆਂ ਦੇ ਅਜਿਹੇ ਬਿਆਨ ਆਏ, ਜਿਨ੍ਹਾਂ 'ਚ ਉਨ੍ਹਾਂ ਨੇ ਪਾਕਿਸਤਾਨ ਨੂੰ ਭਾਰਤ ਨਾਲ ਟਕਰਾਅ ਦਾ ਰਾਹ ਛੱਡ ਕੇ ਹਾਂ-ਪੱਖੀ ਰਵੱਈਆ ਅਪਣਾਉਣ ਦੀ ਸਲਾਹ ਦਿੱਤੀ ਹੈ। 
* 23 ਮਾਰਚ ਨੂੰ ਭਾਰਤ 'ਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਸੋਹੇਲ ਮਹਿਮੂਦ ਨੇ ਕਿਹਾ ਕਿ ''ਭਾਰਤ-ਪਾਕਿ ਵਿਚਾਲੇ ਕਸ਼ਮੀਰ ਸਮੇਤ ਸਾਰੇ ਪੈਂਡਿੰਗ ਮੁੱਦੇ ਗੱਲਬਾਤ ਨਾਲ ਸੁਲਝਾਏ ਜਾ ਸਕਦੇ ਹਨ। ਇਸ ਨਾਲ ਦੱਖਣੀ ਏਸ਼ੀਆ ਖੇਤਰ ਸ਼ਾਂਤੀ, ਖੁਸ਼ਹਾਲੀ ਤੇ ਸਥਿਰਤਾ ਦੇ ਯੁੱਗ 'ਚ ਦਾਖਲ ਹੋਵੇਗਾ।''
* 15 ਅਪ੍ਰੈਲ ਨੂੰ ਅਮਰੀਕਾ 'ਚ ਪਾਕਿਸਤਾਨ ਦੇ ਸਾਬਕਾ ਰਾਜਦੂਤ ਹੁਸੈਨ ਹੱਕਾਨੀ ਨੇ ਕਿਹਾ, ''ਪਾਕਿਸਤਾਨ ਨੂੰ ਸੋਚਣ ਦੀ ਲੋੜ ਹੈ ਕਿ ਹਾਫਿਜ਼ ਸਈਦ ਦਾ ਸਮਰਥਨ ਕਰਨ ਜਾਂ ਕੌਮਾਂਤਰੀ ਭਰੋਸਾ ਅਤੇ ਸਨਮਾਨ ਹਾਸਲ ਕਰਨ 'ਚੋਂ ਕੀ ਜ਼ਿਆਦਾ ਅਹਿਮ ਹੈ।''
*15 ਅਪ੍ਰੈਲ ਨੂੰ ਹੀ ਪਾਕਿਸਤਾਨ ਦੀ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਕਿਹਾ, ''ਕਸ਼ਮੀਰ ਦੇ ਮੂਲ ਮੁੱਦੇ ਸਮੇਤ ਭਾਰਤ-ਪਾਕਿ ਦੇ ਸਾਰੇ ਵਿਵਾਦਾਂ ਦਾ ਸ਼ਾਂਤੀਪੂਰਨ ਹੱਲ ਸਮੁੱਚੇ ਤੇ ਅਰਥ ਭਰਪੂਰ ਸੰਵਾਦ ਨਾਲ ਹੀ ਸੰਭਵ ਹੈ। ਭਾਰਤ-ਪਾਕਿ ਵਿਚਾਲੇ ਵਿਵਾਦਾਂ ਦਾ ਸ਼ਾਂਤੀਪੂਰਨ ਹੱਲ ਕੱਢਿਆ ਜਾ ਸਕਦਾ ਹੈ, ਜਿਸ ਦੇ ਲਈ ਵਿਆਪਕ ਤੇ ਸਾਰਥਕ ਗੱਲਬਾਤ ਹੋਣੀ ਚਾਹੀਦੀ ਹੈ, ਜੋ ਇਸ ਖੇਤਰ 'ਚ ਸ਼ਾਂਤੀ ਲਈ ਜ਼ਰੂਰੀ ਸ਼ਰਤ ਹੈ।''
* ਅਤੇ ਹੁਣ 22 ਮਈ ਨੂੰ ਪਾਕਿਸਤਾਨ ਦੇ ਗ੍ਰਹਿ ਮੰਤਰੀ ਅਹਿਸਾਨ ਇਕਬਾਲ ਨੇ ਕਿਹਾ, ''ਸਿਆਸੀ ਅਸਥਿਰਤਾ ਕਾਰਨ ਸਾਡੇ ਦੇਸ਼ ਨੇ ਆਰਥਿਕ ਤਰੱਕੀ ਦੇ ਮੌਕੇ ਗੁਆ ਲਏ। ਅਰਥ ਵਿਵਸਥਾ ਦੇ ਮਜ਼ਬੂਤ ਨਾ ਹੋਣ 'ਤੇ ਸਿਰਫ ਟੈਂਕਾਂ ਤੇ ਮਿਜ਼ਾਈਲਾਂ ਦੇ ਦਮ 'ਤੇ ਦੇਸ਼ ਦੀ ਰੱਖਿਆ ਨਹੀਂ ਕੀਤੀ ਜਾ ਸਕਦੀ। ਸ਼ਾਂਤੀ, ਸਥਿਰਤਾ ਤੇ ਲਗਾਤਾਰਤਾ ਦੇਸ਼ ਦੀ ਆਰਥਿਕ ਤਰੱਕੀ ਲਈ ਜ਼ਰੂਰੀ ਹੈ। ਜੇ ਅਸੀਂ ਇਸ ਮੌਕੇ ਨੂੰ ਗੁਆ ਲਿਆ ਤਾਂ ਇਤਿਹਾਸ ਅਤੇ ਭਵਿੱਖੀ ਪੀੜ੍ਹੀਆਂ ਸਾਨੂੰ ਮੁਆਫ ਨਹੀਂ ਕਰਨਗੀਆਂ।
ਸਾਨੂੰ ਸੋਚਣਾ ਪਵੇਗਾ ਕਿ ਉਹ ਦੇਸ਼, ਜੋ ਸਾਡੇ ਤੋਂ ਬਹੁਤ ਪਿੱਛੇ ਸਨ, ਹੁਣ ਸਾਡੇ ਤੋਂ ਅੱਗੇ ਕਿਵੇਂ ਨਿਕਲ ਗਏ? ਚੀਨ ਦੀ ਪ੍ਰਤੀ ਵਿਅਕਤੀ ਆਮਦਨ ਪਾਕਿਸਤਾਨ ਨਾਲੋਂ ਕਿਤੇ ਘੱਟ ਸੀ ਪਰ ਹੁਣ ਸਾਡੇ ਨਾਲੋਂ ਕਿਤੇ ਜ਼ਿਆਦਾ ਹੈ।'' ਅਹਿਸਾਨ ਇਕਬਾਲ ਨੇ ਕਿਹਾ ਕਿ ''1991 'ਚ ਭਾਰਤ ਦੇ ਵਿੱਤ ਮੰਤਰੀ ਮਨਮੋਹਨ ਸਿੰਘ ਨੇ ਪਾਕਿਸਤਾਨ ਦੇ ਵਿੱਤ ਮੰਤਰੀ ਸਰਤਾਜ ਅਜ਼ੀਜ਼ ਦੀਆਂ ਆਰਥਿਕ ਸੁਧਾਰ ਨੀਤੀਆਂ ਨੂੰ ਅਪਣਾ ਕੇ ਭਾਰਤ 'ਚ ਸਫਲਤਾਪੂਰਵਕ ਲਾਗੂ ਕੀਤਾ ਅਤੇ ਬੰਗਲਾਦੇਸ਼ ਨੇ ਵੀ ਇਨ੍ਹਾਂ ਨੀਤੀਆਂ ਨੂੰ ਸਫਲਤਾਪੂਰਵਕ ਅਪਣਾਇਆ ਪਰ ਸਿਆਸੀ ਅਸਥਿਰਤਾ ਦੀ ਭੇਟ ਚੜ੍ਹ ਜਾਣ ਕਾਰਨ ਪਾਕਿਸਤਾਨ ਆਪਣੀਆਂ ਹੀ ਯੋਜਨਾਵਾਂ ਦਾ ਇਸਤੇਮਾਲ ਨਹੀਂ ਕਰ ਸਕਿਆ।''
ਭਾਰਤ 'ਚ ਸਥਿਤ ਪਾਕਿਸਤਾਨ ਦੇ ਹਾਈ ਕਮਿਸ਼ਨਰ, ਸਾਬਕਾ ਪਾਕਿਸਤਾਨੀ ਰਾਜਦੂਤ ਤੇ ਪਾਕਿ ਫੌਜ ਦੇ ਮੁਖੀ ਦੇ ਬਿਆਨਾਂ ਤੋਂ ਬਾਅਦ ਪਾਕਿਸਤਾਨ ਦੇ ਗ੍ਰਹਿ ਮੰਤਰੀ ਅਹਿਸਾਨ ਇਕਬਾਲ ਦਾ ਇਹ ਕਹਿਣਾ ਬਿਲਕੁਲ ਸਹੀ ਹੈ ਕਿ ਸਿਆਸੀ ਅਸਥਿਰਤਾ ਕਾਰਨ ਪਾਕਿਸਤਾਨ ਨੇ ਆਰਥਿਕ ਤਰੱਕੀ ਦੇ ਮੌਕੇ ਗੁਆ ਲਏ ਅਤੇ ਅਰਥ ਵਿਵਸਥਾ ਦੇ ਮਜ਼ਬੂਤ ਨਾ ਹੋਣ 'ਤੇ ਸਿਰਫ ਟੈਂਕਾਂ ਤੇ ਮਿਜ਼ਾਈਲਾਂ ਦੇ ਦਮ 'ਤੇ ਦੇਸ਼ ਦੀ ਰੱਖਿਆ ਨਹੀਂ ਕੀਤੀ ਜਾ ਸਕਦੀ।  ਇਸ ਦੇ ਲਈ ਪਾਕਿਸਤਾਨ ਦੇ ਸ਼ਾਸਕਾਂ ਨੂੰ ਆਪਣੇ ਦੇਸ਼ 'ਚ ਫੌਜ ਦੇ ਦਬਦਬੇ ਤੋਂ ਮੁਕਤ ਹੋ ਕੇ ਤੇ ਭਾਰਤ ਵਿਰੋਧੀ ਤੇਵਰ ਛੱਡ ਕੇ ਸ਼ਾਂਤੀ ਤੇ ਸਹਿਹੋਂਦ ਦਾ ਰਾਹ ਅਪਣਾਉਣਾ ਪਵੇਗਾ। ਇਸੇ 'ਚ ਦੋਹਾਂ ਦੇਸ਼ਾਂ ਤੇ ਇਨ੍ਹਾਂ ਦੇ ਨਾਗਰਿਕਾਂ ਦੀ ਖੁਸ਼ਹਾਲੀ ਤੇ ਤਰੱਕੀ ਦਾ ਰਾਜ਼ ਲੁਕਿਆ ਹੈ। 
ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੇ ਕਹਿਣ 'ਤੇ ਪਵਿੱਤਰ ਰਮਜ਼ਾਨ ਦੇ ਮਹੀਨੇ 'ਚ ਭਾਰਤ ਸਰਕਾਰ ਨੇ ਜੰਮੂ-ਕਸ਼ਮੀਰ 'ਚ ਸਰਗਰਮ ਅੱਤਵਾਦੀਆਂ ਵਿਰੁੱਧ ਇਕਪਾਸੜ 'ਜੰਗਬੰਦੀ' ਦਾ ਐਲਾਨ ਕੀਤਾ ਹੋਇਆ ਹੈ ਪਰ ਪਾਕਿ ਫੌਜ ਤੇ ਉਸ ਦੇ ਪਾਲ਼ੇ ਹੋਏ ਅੱਤਵਾਦੀ ਜੰਮੂ-ਕਸ਼ਮੀਰ 'ਚ ਲਗਾਤਾਰ ਹਮਲੇ ਕਰ ਰਹੇ ਹਨ।
ਰਮਜ਼ਾਨ ਦੌਰਾਨ ਹੁਣ ਤਕ ਪਾਕਿਸਤਾਨੀ ਫੌਜਾਂ ਤੇ ਅੱਤਵਾਦੀਆਂ ਦੇ ਹਮਲਿਆਂ 'ਚ ਇਕ 8 ਸਾਲਾ ਬੱਚੇ, ਸੁਰੱਖਿਆ ਮੁਲਾਜ਼ਮਾਂ ਤੇ ਹੋਰਨਾਂ ਸਮੇਤ ਘੱਟੋ-ਘੱਟ 12 ਵਿਅਕਤੀਆਂ ਦੀ ਮੌਤ ਤੇ ਦਰਜਨਾਂ ਜ਼ਖ਼ਮੀ ਹੋਏ ਹਨ ਤੇ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਆਪਣੇ ਘਰ-ਬਾਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾਣਾ ਪਿਆ ਹੈ।
ਅਜਿਹੀ ਸਥਿਤੀ 'ਚ ਪਾਕਿਸਤਾਨੀ ਸ਼ਾਸਕਾਂ ਲਈ ਚੰਗਾ ਹੋਵੇਗਾ ਕਿ ਉਹ ਆਪਣੇ ਹੀ ਡਿਪਲੋਮੇਟਾਂ, ਫੌਜ ਦੇ ਮੁਖੀ ਤੇ ਗ੍ਰਹਿ ਮੰਤਰੀ ਵਲੋਂ ਉਠਾਈਆਂ ਜਾ ਰਹੀਆਂ ਸਾਰਥਕ ਤੇ ਹਾਂ-ਪੱਖੀ ਆਵਾਜ਼ਾਂ ਨੂੰ ਸੁਣਨ ਤੇ ਆਪਣੇ ਘਰੇਲੂ ਹਾਲਾਤ ਅਤੇ ਗੁਆਂਢੀ ਦੇਸ਼ਾਂ ਨਾਲ ਸਬੰਧ ਸੁਧਾਰਨ ਦੀ ਦਿਸ਼ਾ 'ਚ ਠੋਸ ਕਦਮ ਚੁੱਕਣ ਤਾਂ ਕਿ ਇਸ ਖੇਤਰ 'ਚ ਸੁੱਖ-ਸ਼ਾਂਤੀ ਤੇ ਖੁਸ਼ਹਾਲੀ ਦਾ ਨਵਾਂ ਦੌਰ ਸ਼ੁਰੂ ਹੋ ਸਕੇ।         —ਵਿਜੇ ਕੁਮਾਰ


Vijay Kumar Chopra

Chief Editor

Related News