ਫਿਰੋਜ਼ਪੁਰ ਦੇ ਪੁਲਸ ਅਧਿਕਾਰੀ ਵਲੋਂ ਹੈੱਡਕੁਆਰਟਰ ਨੂੰ ਭੇਜੀ ਚਿੱਠੀ ਨਾਲ ਵਿਭਾਗ ’ਚ ਮਚੀ ਤੜਥੱਲੀ

Thursday, Sep 07, 2023 - 02:48 PM (IST)

ਫਿਰੋਜ਼ਪੁਰ ਦੇ ਪੁਲਸ ਅਧਿਕਾਰੀ ਵਲੋਂ ਹੈੱਡਕੁਆਰਟਰ ਨੂੰ ਭੇਜੀ ਚਿੱਠੀ ਨਾਲ ਵਿਭਾਗ ’ਚ ਮਚੀ ਤੜਥੱਲੀ

ਜਲੰਧਰ (ਜ. ਬ.) : ਪੰਜਾਬ ਪੁਲਸ ਵਿਚ ਬਹੁਤ ਸਾਰੇ ਇਮਾਨਦਾਰ ਪੁਲਸ ਅਧਿਕਾਰੀ ਅਤੇ ਮੁਲਾਜ਼ਮ ਹਨ, ਜਿਨ੍ਹਾਂ ’ਤੇ ਪੂਰੇ ਪੰਜਾਬ ਨੂੰ ਹਮੇਸ਼ਾ ਮਾਣ ਰਹਿੰਦਾ ਹੈ। ਪੰਜਾਬ ਪੁਲਸ ਇਕ ਅਜਿਹੀ ਪੁਲਸ ਫੋਰਸ ਹੈ, ਜਿਸ ਨੇ ਪੰਜਾਬ ’ਚੋਂ ਅੱਤਵਾਦ ਨੂੰ ਖ਼ਤਮ ਕਰਨ ਲਈ ਵੱਡੀਆਂ ਕੁਰਬਾਨੀਆਂ ਦੇ ਕੇ ਮਾਣ ਪ੍ਰਾਪਤ ਕੀਤਾ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਦੀ ਅਗਵਾਈ ਹੇਠ ਪੰਜਾਬ ਪੁਲਸ ਪੰਜਾਬ ਨੂੰ ਨਸ਼ਾ ਮੁਕਤ ਕਰਨ ਅਤੇ ਗੈਂਗਸਟਰਵਾਦ ਦੇ ਖ਼ਾਤਮੇ ’ਚ ਪੂਰੀ ਤਰ੍ਹਾਂ ਲੱਗੀ ਹੋਈ ਹੈ ਪਰ ਅੱਜ ਵੀ ਪੰਜਾਬ ਪੁਲਸ ’ਚ ਕੁਝ ਅਜਿਹੇ ਮੁਲਾਜ਼ਮ ਹਨ, ਜੋ ਪੁਲਸ ਕਾਰਵਾਈ ਬਾਰੇ ਸਮੱਗਲਰਾਂ ਅਤੇ ਗੈਂਗਸਟਰਾਂ ਨੂੰ ਪਹਿਲਾਂ ਹੀ ਸੂਚਨਾ ਦੇ ਦਿੰਦੇ ਹਨ, ਜਿਸ ਕਾਰਨ ਪੰਜਾਬ ਪੁਲਸ ਦੀ ਕਾਰਵਾਈ ਕਈ ਵਾਰ ਫ਼ੇਲ੍ਹ ਹੋ ਜਾਂਦੀ ਹੈ।

ਇਹ ਵੀ ਪੜ੍ਹੋ : ਚਾਵਾਂ ਨਾਲ ਸਕੂਲ ਭੇਜਿਆ ਸੀ 5 ਸਾਲਾ ਮਾਸੂਮ, ਲਾਸ਼ ਬਣ ਪਰਤੇ ਪੁੱਤ ਨੂੰ ਵੇਖ ਪਰਿਵਾਰ ਦਾ ਨਿਕਲਿਆ ਤ੍ਰਾਹ

ਅਜਿਹੇ ਹੀ ਕੁਝ ਪੁਲਸ ਮੁਲਾਜ਼ਮਾਂ ਦੀਆਂ ਕਾਰਗੁਜ਼ਾਰੀਆਂ ਨੂੰ ਲੈ ਕੇ ਫਿਰੋਜ਼ਪੁਰ ਦੇ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਪੰਜਾਬ ਪੁਲਸ ਦੇ ਹੈੱਡਕੁਆਰਟਰ ਨੂੰ ਇਕ ਲਿਫ਼ਾਫ਼ਾ ਬੰਦ ਚਿੱਠੀ ਭੇਜੀ ਹੈ, ਜਿਸ ’ਚ ਫਿਰੋਜ਼ਪੁਰ ਦੇ ਐੱਸ. ਐੱਚ. ਓ. ਇੰਸਪੈਕਟਰ ਸਮੇਤ ਕਰੀਬ 11 ਪੁਲਸ ਮੁਲਾਜ਼ਮਾਂ ਦੇ ਨਸ਼ਾ ਸਮੱਗਲਰਾਂ ਅਤੇ ਗੈਂਗਸਟਰਾਂ ਨਾਲ ਸਬੰਧ ਹੋਣ ਦੇ ਇਲਜ਼ਾਮ ਲਗਾਏ ਗਏ ਹਨ।

ਇਹ ਵੀ ਪੜ੍ਹੋ : ਗੁਰੂ ਨਗਰੀ 'ਚ ਚੱਲਦਾ ਸੀ ਗੰਦਾ ਧੰਦਾ, ਵੀਡੀਓ 'ਚ ਵੇਖੋ ਸਿੰਘਾਂ ਨੇ ਕੀ ਕੀਤਾ ਹਾਲ, ਕੁੜੀ ਮੰਗ ਰਹੀ ਮੁਆਫ਼ੀਆਂ

ਇਸ ਪੁਲਸ ਅਧਿਕਾਰੀ ਵਲੋਂ ਪੰਜਾਬ ਪੁਲਸ ਹੈੱਡਕੁਆਰਟਰ ਨੂੰ ਲਿਖੀ ਇਹ ਚਿੱਠੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਅਤੇ ਇਸ ਪੁਲਸ ਅਧਿਕਾਰੀ ਨੇ ਇਨ੍ਹਾਂ 11 ਪੁਲਸ ਮੁਲਾਜ਼ਮਾਂ ਨੂੰ ਫਿਰੋਜ਼ਪੁਰ ਦੇ ਸਰਹੱਦੀ ਖੇਤਰ ਤੋਂ ਤੁਰੰਤ ਕਿਤੇ ਹੋਰ ਤਬਦੀਲ ਕਰਨ ਦੀ ਸਿਫਾਰਿਸ਼ ਕੀਤੀ ਹੈ। ਚਿੱਠੀ ਵਿੱਚ ਇਨ੍ਹਾਂ ਦੀਆਂ ਗਤੀਵਿਧੀਆਂ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਸਿਫਾਰਸ਼ ਕੀਤੀ ਗਈ ਹੈ ਅਤੇ ਕਿਹਾ ਹੈ ਕਿ ਇਕ ਐੱਸ. ਐੱਚ. ਓ. ਇੰਸਪੈਕਟਰ ਅਤੇ 10 ਹੋਰ ਪੁਲਸ ਮੁਲਾਜ਼ਮਾਂ ਦਾ ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ਨੇੜੇ ਪੈਂਦੇ ਥਾਣਿਆਂ ’ਚ ਤਾਇਨਾਤ ਹੋਣਾ  ਸੁਰੱਖਿਆ ਲਈ ਵੱਡਾ ਖ਼ਤਰਾ ਸਾਬਤ ਹੋ ਸਕਦਾ ਹੈ।

ਇਹ ਵੀ ਪੜ੍ਹੋ : ਜਲੰਧਰ ਦੇ ਇਸ ਮਸ਼ਹੂਰ ਸ਼ਾਪਿੰਗ ਮਾਲ 'ਚ ਚੱਲ ਰਿਹੈ 'ਗੰਦਾ ਧੰਦਾ', ਅੰਦਰ ਦੀ ਵੀਡੀਓ ਵਾਇਰਲ

ਇਸ ਪੁਲਸ ਅਧਿਕਾਰੀ ਨੇ ਲਿਖੇ ਪੱਤਰ ’ਚ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਦੱਸਿਆ ਹੈ ਕਿ ਇਨ੍ਹਾਂ ’ਚੋਂ ਇਕ ਪੁਲਸ ਮੁਲਾਜ਼ਮ ਨੂੰ ਮੋਗਾ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕਾਬੂ ਕੀਤਾ ਸੀ, ਜਿਸ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ ਅਤੇ ਉਸ ’ਤੇ ਦੋਸ਼ ਲੱਗਾ ਹੈ ਕਿ ਉਹ ਪੁਲਸ ਦੀ ਵਰਦੀ ਦੀ ਆੜ ’ਚ ਹੈਰੋਇਨ ਦੀ ਸਮੱਗਲਿੰਗ ਕਰਦਾ ਹੈ। ਦੂਜੇ ਪੁਲਸ ਮੁਲਾਜ਼ਮ ਦੇ ਇਕ ਵੱਡੇ ਗੈਂਗਸਟਰ ਨਾਲ ਸਬੰਧ ਪਾਏ ਗਏ ਸਨ ਅਤੇ ਇਸ ਪੁਲਸ ਮੁਲਾਜ਼ਮ ਨੂੰ ਟਰਮੀਨੇਟ ਕਰਨ ਦੀ ਬਜਾਏ ਉਸਨੂੰ ਸਸਪੈਂਡ ਕਰ ਕੇ ਮਾਮਲਾ ਰਫਾ-ਦਫਾ ਕਰ ਦਿੱਤਾ ਗਿਆ ਸੀ, ਜੋ ਕਿ ਅਜੇ ਤੱਕ ਸਸਪੈਂਡ ਚੱਲ ਰਿਹਾ ਹੈ ਅਤੇ ਉਸੇ ਥਾਣਾ ਦੇ ਇਕ ਐੱਸ. ਐੱਚ. ਓ. ਇੰਸਪੈਕਟਰ ਨੇ ਲਿਖਤੀ ਤੌਰ ’ਤੇ ਇਸ ਦੀ ਪੁਸ਼ਟੀ ਵੀ ਕੀਤੀ ਗਈ ਹੈ। ਇਸ ਪੁਲਸ ਅਧਿਕਾਰੀ ਨੇ ਉੱਚ ਪੁਲਸ ਅਧਿਕਾਰੀਆਂ ਨੂੰ ਭੇਜੇ ਇਸ ਪੱਤਰ ’ਚ ਇਹ ਵੀ ਲਿਖਿਆ ਹੈ ਕਿ ਇਹ ਦਾਗੀ ਪੁਲਸ ਮੁਲਾਜ਼ਮ ਫਿਰੋਜ਼ਪੁਰ ਬਾਰਡਰ ਏਰੀਏ ਦੇ ਥਾਣੇ ’ਚ ਤਾਇਨਾਤ ਐੱਸ. ਐੱਚ. ਓ. ਇੰਸਪੈਕਟਰ ਕੋਲ ਆਉਂਦੇ ਰਹਿੰਦੇ ਹਨ, ਜਿਨ੍ਹਾਂ ਦੀਆਂ ਗਤੀਵਿਧੀਆਂ ਬਹੁਤ ਹੀ ਸ਼ੱਕੀ ਹਨ। ਉੱਚ ਪੁਲਸ ਅਧਿਕਾਰੀ ਵਲੋਂ ਪੁਲਸ ਹੈੱਡ ਕੁਆਰਟਰ ਨੂੰ ਭੇਜੇ ਇਸ ਪੱਤਰ ’ਚ ਥਾਣਾ ਦੇ ਐੱਸ. ਐੱਚ. ਓ. ਅਤੇ ਇਨ੍ਹਾਂ 10 ਹੋਰ ਪੁਲਸ ਮੁਲਾਜ਼ਮਾਂ ’ਤੇ ਬਹੁਤ ਗੰਭੀਰ ਦੋਸ਼ ਲਗਾਏ ਹਨ, ਜਿਸ ਨੂੰ ਲੈ ਕੇ ਫਿਰੋਜ਼ਪੁਰ ਪੁਲਸ ਸ਼ੱਕ ਦੇ ਘੇਰੇ ’ਚ ਆ ਗਈ ਹੈ ਅਤੇ ਅਜਿਹੇ ਗੰਭੀਰ ਮਾਮਲਿਆਂ ਨੂੰ ਲੈ ਕੇ ਪੁਲਸ ਅਧਿਕਾਰੀਆਂ ਵਲੋਂ ਕੀਤੀ ਗਈ ਕਾਰਵਾਈ ’ਤੇ ਕਈ ਸਵਾਲ ਖੜ੍ਹੇ ਹੋ ਰਹੇ ਹਨ।

ਇਹ ਵੀ ਪੜ੍ਹੋ :  ਪੰਜਾਬ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ, ਲਾਹਾ ਲੈਣ ਲਈ 10 ਸਤੰਬਰ ਤੱਕ ਕਰੋ ਇਹ ਕੰਮ

ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇਸ ਅਧਿਕਾਰੀ ਦੀ ਚਿੱਠੀ ’ਚ ਇਹ ਵੀ ਕਿਹਾ ਗਿਆ ਹੈ ਕਿ ਹੁਣ ਜਦੋਂ ਡੀ. ਜੀ. ਪੀ. ਪੰਜਾਬ ਅਤੇ ਪੰਜਾਬ ਸਰਕਾਰ ਨਸ਼ੇ ਦੇ ਸੌਦਾਗਰਾਂ ਨੂੰ ਫੜਨ ਲਈ ਜੰਗੀ ਪੱਧਰ ’ਤੇ ਮੁਹਿੰਮ ਚਲਾ ਰਹੀ ਹੈ ਤਾਂ ਇਹ ਪੁਲਸ ਮੁਲਾਜ਼ਮ, ਜਦੋਂ ਵੀ ਪੁਲਸ ਨੇ ਵੱਡੀ ਰੇਡ ਕਰਨੀ ਹੁੰਦੀ ਹੈ ਤਾਂ ਇਹ ਪਹਿਲਾਂ ਹੀ ਉਸ ਇਲਾਕੇ ਦੇ ਨਸ਼ਾ ਸਮੱਗਲਰਾਂ ਅਤੇ ਗੈਂਗਸਟਰਾਂ ਨੂੰ ਸੂਚਨਾ ਦੇ ਦਿੰਦੇ ਹਨ, ਜਿਸ ਕਾਰਨ ਨਸ਼ਾ ਸਮੱਗਲਰ ਅਤੇ ਗੈਂਗਸਟਰ ਉਥੋਂ ਭੱਜ ਜਾਂਦੇ ਹਨ ਅਤੇ ਪੁਲਸ ਦੀ ਛਾਪੇਮਾਰੀ ਅਸਫ਼ਲ ਹੋ ਜਾਂਦੀ ਹੈ। ਵਾਇਰਲ ਹੋ ਰਹੇ ਇਸ ਪੱਤਰ ਨੂੰ ਲੈ ਕੇ ਲੋਕਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਪੁਲਸ ਅਧਿਕਾਰੀ ਵਲੋਂ ਭੇਜੇ ਗਏ ਇਸ ਪੱਤਰ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਇਨ੍ਹਾਂ ਪੁਲਸ ਮੁਲਾਜ਼ਮਾਂ ’ਤੇ ਲਗਾਏ ਗਏ ਦੋਸ਼ਾਂ ਦੀ ਜਾਂਚ ਚੰਡੀਗੜ੍ਹ ਮੁੱਖ ਦਫ਼ਤਰ ਵਿਖੇ ਉੱਚ ਅਧਿਕਾਰੀਆਂ ਦੀ ਟੀਮ ਤੋਂ ਕਰਵਾਈ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Harnek Seechewal

Content Editor

Related News