ਜਲੰਧਰ ’ਚ ਜਥੇ. ਮੰਨਣ ਹਮਾਇਤੀਆਂ ਤੇ ਸਿੱਖ ਜਥੇਬੰਦੀਆਂ ਵਿਚਾਲੇ ਟਲਿਆ ਟਕਰਾਅ, ਜਾਣੋ ਪੂਰਾ ਮਾਮਲਾ
Wednesday, Mar 12, 2025 - 11:32 AM (IST)

ਜਲੰਧਰ (ਰਾਜੂ ਅਰੋੜਾ)-ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਜਥੇ. ਕੁਲਵੰਤ ਸਿੰਘ ਮੰਨਣ ਦੇ ਸਥਾਨਕ ਅਮਨ ਨਗਰ ਸਥਿਤ ਘਰ ਦੇ ਬਾਹਰ ਮੰਗਲਵਾਰ ਉਨ੍ਹਾਂ ਦੇ ਹਮਾਇਤੀਆਂ ਅਤੇ ਅਕਾਲੀ ਵਰਕਰਾਂ ਅਤੇ ਸਿੱਖ ਜਥੇਬੰਦੀਆਂ ਵਿਚਕਾਰ ਇਕ ਵੱਡਾ ਟਕਰਾਅ ਹੁੰਦਾ-ਹੁੰਦਾ ਟਲ ਗਿਆ। ਸਿੱਖ ਜਥੇਬੰਦੀਆਂ ਸਿੱਖ ਤਾਲਮੇਲ ਕਮੇਟੀ, ਅਲਾਇੰਸ ਆਫ ਸਿੱਖ ਆਰਗੇਨਾਈਜ਼ੇਸ਼ਨ ਸਮੇਤ ਸ਼ਹਿਰ ਦੀਆਂ ਨਾਨਕ ਨਾਮਲੇਵਾ ਸੰਗਤਾਂ ਮੰਗਲਵਾਰ ਪਿਛਲੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਜਬਰੀ ਸੇਵਾਮੁਕਤ ਕੀਤੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇ. ਗਿਆਨੀ ਰਘੁਬੀਰ ਸਿੰਘ, ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇ. ਗਿਆਨੀ ਸੁਲਤਾਨ ਸਿੰਘ ਤੋਂ ਇਲਾਵਾ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ ਧੱਕੇ ਨਾਲ ਸੇਵਾਮੁਕਤ ਕੀਤੇ ਗਏ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਦਾ ਸ਼ਾਂਤਮਈ ਵਿਰੋਧ ਕਰਨ ਅਤੇ ਜਥੇ. ਮੰਨਣ ਦੇ ਘਰ ਦੇ ਬਾਹਰ ਪਾਠ ਕਰਕੇ ਵਾਹਿਗੁਰੂ ਅੱਗੇ ਉਨ੍ਹਾਂ ਨੂੰ ਸਦਬੁੱਧੀ ਬਖ਼ਸ਼ਣ ਦੀ ਅਰਦਾਸ ਕਰਨ ਹਿੱਤ ਪੁੱਜੀਆਂ ਸਨ, ਜਿਨ੍ਹਾਂ ਦਾ ਜਥੇ. ਮੰਨਣ ਦੇ ਘਰ ਵਿਚ ਮੌਜੂਦ ਅਕਾਲੀ ਵਰਕਰਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਵਿਰੋਧ ਕੀਤਾ ਅਤੇ ਸੁਖਬੀਰ ਸਿੰਘ ਬਾਦਲ ਦੇ ਹੱਕ ਵਿਚ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਵੱਡੇ ਅਫ਼ਸਰਾਂ 'ਤੇ ਡਿੱਗੇਗੀ ਗਾਜ, ਐਕਸ਼ਨ ਮੋਡ 'ਚ ਜਲੰਧਰ ਦੇ ਮੇਅਰ ਵਿਨੀਤ ਧੀਰ, ਦਿੱਤੀ ਸਖ਼ਤ ਚਿਤਾਵਨੀ
ਇਸ ਦਾ ਸ਼ਾਂਤਮਈ ਪਾਠ ਤੇ ਅਰਦਾਸ ਕਰ ਰਹੀਆਂ ਸਿੱਖ ਜਥੇਬੰਦੀਆਂ ਅਤੇ ਨਾਨਕ ਨਾਮਲੇਵਾ ਸੰਗਤਾਂ ਨੇ ਵਿਰੋਧ ਕੀਤਾ ਤਾਂ ਦੋਵੇਂ ਧਿਰਾਂ ਗੁੱਥਮਗੁੱਥਾ ਹੋਣ ਲੱਗੀਆਂ। ਦੋਵਾਂ ਧਿਰਾਂ ਵਿਚ ਆਪਸੀ ਟਕਰਾਅ ਦੇ ਖਦਸ਼ੇ ਅਤੇ ਸੁਰੱਖਿਆ ਦੇ ਮੱਦੇਨਜ਼ਰ ਪੁਲਸ ਮੌਕੇ ’ਤੇ ਮੌਜੂਦ ਨਾ ਹੁੰਦੀ ਤਾਂ ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਸੀ।
ਸਿੱਖ ਜਥੇਬੰਦੀਆਂ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਤਖਤ ਸਾਹਿਬਾਨ ਦੀ ਮਾਣ-ਮਰਿਆਦਾ ਦਾ, ਜਿਸ ਤਰ੍ਹਾਂ ਅਕਾਲੀ ਦਲ ਹਮਾਇਤੀਆਂ ਵੱਲੋਂ ਘਾਣ ਕੀਤਾ ਜਾ ਰਿਹਾ ਹੈ, ਉਸ ਨਾਲ ਹਰ ਗੁਰੂ ਨਾਨਕ ਨਾਮਲੇਵਾ ਗੁਰਸਿੱਖ ਦੁਖੀ ਹੈ। ਇਸੇ ਦਰਦ ਨੂੰ ਲੈ ਕੇ ਅਲਾਇੰਸ ਆਫ ਸਿੱਖ ਆਰਗਨਾਈਜ਼ੇਸ਼ਨ ਅਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਜਥੇ. ਕੁਲਵੰਤ ਸਿੰਘ ਮੰਨਣ ਦੇ ਘਰ ਬਾਹਰ ਸ਼ਾਂਤਮਈ ਢੰਗ ਨਾਲ ਦਰੀਆਂ ਵਿਛਾ ਕੇ ਗੁਰਬਾਣੀ ਦਾ ਪਾਠ ਅਤੇ ਉਨ੍ਹਾਂ ਦੀ ਸਦਬੁੱਧੀ ਦੀ ਵਾਹਿਗੁਰੂ ਅੱਗੇ ਅਰਦਾਸ ਕਰਨ ਦਾ ਪ੍ਰੋਗਰਾਮ ਉਲੀਕਿਆ ਸੀ ਪਰ ਜਥੇ. ਮੰਨਣ ਦੇ ਹਮਾਇਤੀਆਂ ਨੇ ਅਰਦਾਸ ਵਿਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਹੁੱਲੜਬਾਜ਼ੀ ਕਰਦਿਆਂ ਸੁਖਬੀਰ ਬਾਦਲ ਦੇ ਹੱਕ ਵਿਚ ਨਾਅਰੇ ਵੀ ਲਾਏ।
ਇਹ ਵੀ ਪੜ੍ਹੋ : ਪੰਜਾਬ 'ਚ 14 ਮਾਰਚ ਲਈ ਹੋ ਗਿਆ ਵੱਡਾ ਐਲਾਨ, ਵੱਡੀ ਮੁਸੀਬਤ 'ਚ ਪੈ ਸਕਦੇ ਨੇ ਲੋਕ !
ਉਨ੍ਹਾਂ ਕਿਹਾ ਕਿ ਮੌਕੇ ’ਤੇ ਮੌਜੂਦ ਪੰਜਾਬ ਪੁਲਸ ਦੀ ਮੁਸਤੈਦੀ ਕਾਰਨ ਦੂਜਾ ਬਹਿਬਲ ਕਲਾਂ ਬਣਨ ਤੋਂ ਬਚ ਗਿਆ, ਨਹੀਂ ਤਾਂ ਸ਼ਰਾਰਤੀ ਅਨਸਰ ਮਾਹੌਲ ਖਰਾਬ ਕਰਨ ’ਤੇ ਪੂਰੀ ਤਰ੍ਹਾਂ ਉਤਾਰੂ ਸਨ। ਅਲਾਇੰਸ ਆਫ ਸਿੱਖ ਆਰਗਨਾਈਜ਼ੇਸ਼ਨ ਦੇ ਸੁਖਦੇਵ ਸਿੰਘ ਫਗਵਾੜਾ ਨੇ ਕਿਹਾ ਕਿ ਸਾਡਾ ਕਿਸੇ ਨਾਲ ਕੋਈ ਜਾਤੀ ਵਿਰੋਧ ਨਹੀਂ ਹੈ। ਅਸੀਂ ਚਾਹੁੰਦੇ ਹਾਂ ਕਿ ਜਥੇ. ਮੰਨਣ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਵਿਚਰਨ।
ਇਸ ਮੌਕੇ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਤਜਿੰਦਰ ਸਿੰਘ ਸੰਤ ਨਗਰ, ਬਲਦੇਵ ਸਿੰਘ ਚਾਹਲ, ਗੁਰਦੀਪ ਸਿੰਘ, ਜੇ. ਐੱਸ. ਬੱਗਾ, ਗੁਰਵਿੰਦਰ ਸਿੰਘ ਸਿੱਧੂ, ਅਮਨਦੀਪ ਸਿੰਘ ਬੱਗਾ, ਹਰਪਾਲ ਸਿੰਘ (ਪਾਲੀ ਚੱਢਾ), ਗੁਰਵਿੰਦਰ ਸਿੰਘ ਨਾਗੀ, ਹਰਪ੍ਰੀਤ ਸਿੰਘ ਰੌਬਿਨ, ਸੰਨੀ ਓਬਰਾਏ, ਵਿੱਕੀ ਸਿੰਘ ਖਾਲਸਾ, ਅਰਵਿੰਦਰ ਸਿੰਘ ਬਬਲੂ, ਪ੍ਰਭਜੋਤ ਸਿੰਘ, ਲਖਬੀਰ ਸਿੰਘ ਲੱਕੀ, ਹਰਪ੍ਰੀਤ ਸਿੰਘ ਸੋਨੂੰ, ਪਲਵਿੰਦਰ ਸਿੰਘ ਬਾਬਾ, ਤਰਲੋਚਨ ਸਿੰਘ ਭਸੀਨ, ਤਜਿੰਦਰ ਸਿੰਘ, ਭੁਪਿੰਦਰ ਸਿੰਘ, ਸੰਦੀਪ ਸਿੰਘ, ਕੁਲਵਿੰਦਰ ਸਿੰਘ, ਜੋਗਿੰਦਰ ਸਿੰਘ, ਹਰਸਿਮਰਨ ਸਿੰਘ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ : 17 ਮਾਰਚ ਨੂੰ ਹੋਵੇਗੀ SGPC ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ, ਲਏ ਜਾਣਗੇ ਵੱਡੇ ਫ਼ੈਸਲੇ
ਜਥੇ. ਮੰਨਣ ਆਪਣਾ ਸਟੈਂਡ ਸਪੱਸ਼ਟ ਕਰਨ : ਗੱਗੀ
ਸ਼੍ਰੋਮਣੀ ਯੂਥ ਅਕਾਲੀ ਦਲ ਜਲੰਧਰ ਸ਼ਹਿਰੀ ਦੇ ਪ੍ਰਧਾਨ ਅਤੇ ਕੋਰ ਕਮੇਟੀ ਮੈਂਬਰ ਯੂਥ ਅਕਾਲੀ ਦਲ ਗਗਨਦੀਪ ਸਿੰਘ ਗੱਗੀ ਨੇ ਕਿਹਾ ਕਿ ਅੱਜ ਜਥੇ. ਮੰਨਣ ਦੇ ਘਰ ਦੇ ਬਾਹਰ ਗੁਰੂ ਨਾਨਕ ਨਾਮਲੇਵਾ ਸੰਗਤ ਵੱਲੋਂ ਜਦੋਂ ਪਾਠ ਤੇ ਸਿਮਰਨ ਉਪਰੰਤ ਜਦੋਂ ਅਰਦਾਸ ਕੀਤੀ ਜਾ ਰਹੀ ਸੀ, ਉਦੋਂ ਮੰਨਣ ਹਮਾਇਤੀਆਂ ਵੱਲੋਂ ਹੁੱਲੜਬਾਜ਼ੀ ਕਰਨਾ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਜਥੇ. ਮੰਨਣ ਆਪਣਾ ਸਟੈਂਡ ਸਪੱਸ਼ਟ ਕਰਨ ਕਿ ਕੌਮ ਦੇ ਨਾਲ ਹਨ ਜਾਂ ਵਿਅਕਤੀ ਵਿਸ਼ੇਸ਼ ਨਾਲ।
ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, ਮੀਂਹ ਤੇ ਹਨ੍ਹੇਰੀ ਦਾ Alert, ਕਿਸਾਨ ਰਹਿਣ ਚੌਕਸ
ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ : ਜਥੇ. ਮੰਨਣ
ਜਥੇ. ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸ਼ਹਿਰ ਤੋਂ ਬਾਹਰੋਂ ਬੰਦੇ ਬੁਲਾ ਕੇ ਉਨ੍ਹਾਂ ਦੇ ਘਰ ਦੇ ਬਾਹਰ ਆ ਕੇ ਧਰਨੇ ਲਾ ਅਤੇ ਹੁੱਲੜਬਾਜ਼ੀ ਕਰ ਕੇ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ, ਜਿਨ੍ਹਾਂ ਨੂੰ ਪ੍ਰਸ਼ਾਸਨ ਨੱਥ ਪਾ ਕੇ ਰੱਖੇ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਸਿੱਖੀ ਸਿਧਾਂਤਾਂ ਅਤੇ ਮਰਿਆਦਾ ਦਾ ਹੀ ਨਹੀਂ ਪਤਾ ਕਿ ਪਾਠ ਕਰਨ ਸਮੇਂ ਜੋੜੇ ਵੀ ਉਤਾਰਨੇ ਹਨ। ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਇਨ੍ਹਾਂ ਨਾਲ ਜੋੜਿਆਂ ਸਬੰਧੀ ਗੱਲ ਕੀਤੀ ਤਾਂ ਇਨ੍ਹਾਂ ਵੱਲੋਂ ਜੋੜੇ ਉਤਾਰੇ ਗਏ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦੇ ਘਰ ਹੋਲੇ-ਮਹੱਲੇ ਸਬੰਧੀ ਮੀਟਿੰਗ ਰੱਖੀ ਹੋਈ ਸੀ। ਇਸ ਮੌਕੇ ਉਕਤ ਲੋਕਾਂ ਵੱਲੋਂ ਮੇਰੇ ਘਰ ਦੇ ਬਾਹਰ ਧਰਨਾ ਲਾ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹ ਅਜਿਹੇ ਲੋਕਾਂ ਨੂੰ ਨੱਥ ਪਾਵੇ, ਜੋ ਹਮੇਸ਼ਾ ਸਿਰਫ਼ ਬਿਆਨਬਾਜ਼ੀ ਕਰ ਕੇ ਬਾਹਰੀ ਲੋਕਾਂ ਦੇ ਸਹਾਰੇ ਗਰੀਬ ਲੋਕਾਂ ਨੂੰ ਧਮਕਾਉਂਦੇ ਹਨ ਅਤੇ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਰਹਿੰਦੇ ਹਨ।
ਇਹ ਵੀ ਪੜ੍ਹੋ : Punjab: ਮਾਪਿਆਂ ਦੇ ਇਕਲੌਤੇ ਸੋਹਣੇ-ਸੁਨੱਖੇ ਪੁੱਤ ਦੀ ਸੜਕ ਹਾਦਸੇ 'ਚ ਮੌਤ, ਨਹੀਂ ਵੇਖ ਹੁੰਦੀ ਵਿਲਕਦੀ ਮਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e