ਮਿਲ ਜਾਵੇ ਨਕਲੀ ਆਮਦਨ ਟੈਕਸ ਨੋਟਿਸ ਤਾਂ ਇਸ ਤਰ੍ਹਾਂ ਕਰੋ ਆਪਣੀ ਚਿੰਤਾ ਖਤਮ
Monday, Oct 14, 2019 - 01:13 PM (IST)

ਨਵੀਂ ਦਿੱਲੀ — ਟੈਕਸ ਇਕ ਅਜਿਹਾ ਸ਼ਬਦ ਹੈ ਜਿਸ ਬਾਰੇ ਸੁਣਦੇ ਹੀ ਆਮ ਆਦਮੀ ਹੀ ਨਹੀਂ ਸਗੋਂ ਜਾਣਕਾਰੀ ਰੱਖਣ ਵਾਲੇ ਵੀ ਘਬਰਾ ਜਾਂਦੇ ਹਨ। ਕਾਰਨ ਇਹ ਹੈ ਕਿ ਆਮਦਨ ਟੈਕਸ ਨੂੰ ਲੈ ਕੇ ਇੰਨੇ ਸਾਰੇ ਨਿਯਮ ਹਨ ਕਿ ਇਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਸਮਝਣਾ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਸਮੇਂ-ਸਮੇਂ 'ਤੇ ਇਸ ਨਾਲ ਜੁੜੇ ਨਿਯਮਾਂ ਅਤੇ ਬਦਲਾਵਾਂ ਨੂੰ ਚੰਗੀ ਤਰ੍ਹਾਂ ਸਮਝਿਆ ਜਾਵੇ।
DIN ਜ਼ਰੀਏ ਕਿਵੇਂ ਹੋਵੇਗੀ ਨਕਲੀ ਨੋਟਿਸ ਦੀ ਪਛਾਣ
ਕਈ ਵਾਰ ਅਣਜਾਣੇ 'ਚ ਵਿਅਕਤੀ ਅਜਿਹੀਆਂ ਗਲਤੀਆਂ ਕਰ ਲੈਂਦੇ ਹਨ ਜਿਸ ਕਾਰਨ ਉਹ ਕਿਸੇ ਜਾਲਸਾਜ਼ ਦੀਆਂ ਨਜ਼ਰਾਂ 'ਚ ਆ ਜਾਂਦੇ ਹਨ। ਇਹ ਜਾਲਸਾਜ਼ ਹਮੇਸ਼ਾ ਅਜਿਹੇ ਵਿਅਕਤੀਆਂ ਦੀ ਭਾਲ 'ਚ ਰਹਿੰਦੇ ਹਨ ਜਿਹੜੇ ਕਿ ਨਿਯਮਾਂ ਤੋਂ ਅਣਜਾਣ ਹੋਣ ਅਤੇ ਜਿਨਾਂ ਕੋਲੋਂ ਕਿਸੇ ਵੀ ਤਰੀਕੇ ਨਾਲ ਮੋਟੀ ਰਕਮ ਹਾਸਲ ਕੀਤੀ ਜਾ ਸਕੇ। ਪਰ ਹੁਣ ਕਿਸੇ ਵੀ ਧੋਖੇਬਾਜ਼ ਲਈ ਆਮਦਨ ਟੈਕਸ ਦੇ ਨਾਂ 'ਤੇ ਧੋਖਾਧੜੀ ਕਰਨਾ ਆਸਾਨ ਨਹੀਂ ਹੋਵੇਗਾ ਕਿਉਂਕਿ ਹੁਣ ਟੈਕਸਦਾਤਾ ਅਸਾਨੀ ਨਾਲ ਪਛਾਣ ਸਕਦੇ ਹਨ ਕਿ ਕਿਹੜਾ ਈ-ਮੇਲ ਜਾਂ ਚਿੱਠੀ ਆਮਦਨ ਟੈਕਸ ਵਿਭਾਗ ਨੇ ਭੇਜੀ ਹੈ ਜਾਂ ਫਿਰ ਕਿਹੜਾ ਨੋਟਿਸ ਨਕਲੀ ਹੈ। ਦਰਅਸਲ ਆਮਦਨ ਟੈਕਸ ਵਿਭਾਗ ਨੇ ਇਕ ਨਵੀਂ ਵਿਵਸਥਾ ਸ਼ੁਰੂ ਕੀਤੀ ਹੈ ਜਿਸ ਦੇ ਤਹਿਤ ਵਿਭਾਗ ਤੋਂ ਹੋਣ ਵਾਲੇ ਹਰ ਕਮਿਊਨੀਕੇਸ਼ਨ ਦਾ ਇਕ ਯੂਨੀਕ ਨੰਬਰ ਹੋਵੇਗਾ। ਜਿਸ ਨੂੰ DIN (Document Identification Number) ਕਹਿੰਦੇ ਹਨ।
ਆਖਰ ਡਿਨ ਕੀ ਹੈ ਅਤੇ ਇਹ ਕਿਵੇਂ ਕੰਮ ਕਰੇਗਾ
ਆਮਦਨ ਟੈਕਸ ਵਿਭਾਗ ਵਲੋਂ DIN ਜਾਰੀ ਹੋਵੇਗਾ ਅਤੇ ਇਹ ਨੋਟਿਸ, ਸੰਮਨ ਅਤੇ ਆਰਡਰ 'ਤੇ ਹੋਵੇਗਾ। ਵਿਭਾਗ ਨਾਲ ਹਰ ਕਮਿਊਨੀਕੇਸ਼ਨ 'ਤੇ DIN ਹੋਵੇਗਾ। ਇਸ ਦਾ ਪਛਾਣ ਕਰਨਾ ਵੀ ਆਸਾਨ ਹੈ। ਆਮਦਨ ਟੈਕਸ ਵਿਭਾਗ ਦੀ ਵੈਬਸਾਈਟ 'ਤੇ ਜਾ ਕੇ ਲਾਗ-ਇਨ ਕਰਨਾ ਹੋਵੇਗਾ। ਉਸ ਤੋਂ ਬਾਅਦ ਵੈਬਸਾਈਟ 'ਤੇ DIN ਲਿਖਣਾ ਹੋਵੇਗਾ। ਇਸ ਦੇ ਨਾਲ ਹੀ ਤੁਹਾਨੂੰ ਆਪਣੇ ਪੈਨ ਨੰਬਰ ਦੀ ਜਾਣਕਾਰੀ ਦੇਣੀ ਹੋਵੇਗੀ। ਵੈਬਸਾਈਟ 'ਤੇ ਇਹ ਜਾਣਕਾਰੀ ਭਰਨ ਤੋਂ ਬਾਅਦ ਤੁਸੀਂ ਲੌੜੀਂਦੀ ਜਾਣਕਾਰੀ ਹਾਸਲ ਕਰ ਸਕਦੇ ਹੋ।