ਔਰਤਾਂ ਦੇ ਕੱਪੜਿਆਂ ਨੂੰ ਲੈ ਕੇ ਇਮਰਾਨ ਖਾਨ ਦੇ ਵਿਵਾਦਤ ਬਿਆਨ ਦੀ ਹਰ ਪਾਸੇ ਨਿੰਦਾ
Wednesday, Jun 23, 2021 - 11:03 AM (IST)
ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ’ਚ ਜ਼ਬਰ-ਜਿਨਾਹ ਦੇ ਵੱਧਦੇ ਮਾਮਲਿਆਂ ਦਰਮਿਆਨ ਔਰਤਾਂ ਦੇ ਪਹਿਨਾਵੇ ’ਤੇ ਵਿਵਾਦਤ ਬਿਆਨ ਨੂੰ ਲੈ ਕੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਿਰੋਧੀ ਮਹਿਲਾ ਸੰਸਦ ਮੈਂਬਰਾਂ ਦੇ ਨਿਸ਼ਾਨੇ ’ਤੇ ਆ ਗਏ ਹਨ। ਐਚ.ਬੀ.ਓ. ਨੂੰ ਹਾਲ ਹੀ ਵਿਚ ਦਿੱਤੇ ਇੰਟਰਵਿਊ ਵਿਚ ਖਾਨ ਤੋਂ ਪੁੱਛਿਆ ਗਿਆ ਸੀ ਕਿ ਕੀ ਉਨ੍ਹਾਂ ਨੂੰ ਲੱਗਦਾ ਹੈ ਕਿ ਔਰਤਾਂ ਦੇ ਪਹਿਨਾਵੇ ਦੀ ਵਜ੍ਹਾ ਨਾਲ ਜ਼ਬਰ-ਜਿਨਾਹ ਦੀਆਂ ਘਟਨਾਵਾਂ ਹੁੰਦੀਆਂ ਹਨ, ਇਸ ਦੇ ਜਵਾਬ ਵਿਚ ਪਾਕਿ ਪ੍ਰਧਾਨ ਮੰਤਰੀ ਨੇ ਕਿਹਾ, ‘ਜੇਕਰ ਕੋਈ ਮਹਿਲਾ ਬਹੁਤ ਘੱਟ ਕੱਪੜੇ ਪਾ ਰਹੀ ਹੈ ਤਾਂ ਇਸ ਦਾ ਅਸਰ ਹੋਵੇਗਾ, ਇਸ ਦਾ ਪੁਰਸ਼ਾਂ ’ਤੇ ਅਸਰ ਹੋਵੇਗਾ, ਜਦੋਂ ਤੱਕ ਕਿ ਉਹ ਰੋਬੋਟ ਨਹੀਂ ਹਨ। ਮੇਰਾ ਮਤਲਬ ਹੈ ਕਿ ਇਹ ਆਮ ਸਮਝ ਦੀ ਗੱਲ ਹੈ।’
ਇਹ ਵੀ ਪੜ੍ਹੋ: ਚਿੱਟੇ ਦੀ ਓਵਰਡੋਜ਼ ਨਾਲ ਕਬੱਡੀ ਖਿਡਾਰੀ ਦੀ ਮੌਤ
ਖਾਨ ਦੇ ਜਵਾਬ ਤੋਂ ਹੈਰਾਨ ਰਹਿ ਗਏ ਇੰਟਰਵਿਊਕਰਤਾ ਜੋਨਾਥਨ ਸਵੈਨ ਨੇ ਆਪਣਾ ਸਵਾਲ ਦੂਜੇ ਤਰੀਕੇ ਨਾਲ ਪੁੱਛਿਆ, ‘ਪਰ ਕੀ ਇਸ ਨਾਲ ਅਸਲ ਵਿਚ ਯੌਨ ਹਿੰਸਾ ਦੀਆਂ ਕਾਰਵਾਈਆਂ ਨੂੰ ਉਕਸਾਵਾ ਮਿਲਿਆ ਹੈ?’ ਆਪਣੇ ਰੁੱਖ ’ਤੇ ਕਾਇਮ ਖਾਨ ਨੇ ਕਿਹਾ, ‘ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਹੋ ਜਿਹੇ ਸਮਾਜ ਵਿਚ ਰਹਿੰਦੇ ਹਨ। ਜੇਕਰ ਕਿਸੇ ਸਮਾਜ ਵਿਚ ਲੋਕਾਂ ਨੇ ਅਜਿਹੀਆਂ ਚੀਜਾਂ ਨਹੀਂ ਦੇਖੀਆਂ ਹਨ ਤਾਂ ਇਸ ਦਾ ਅਸਰ ਹੋਵੇਗਾ। ਤੁਹਾਡੇ ਵਰਗੇ ਸਮਾਜ ਵਿਚ ਸ਼ਾਇਦ ਅਸਰ ਨਾ ਪਏ। ਇਹ ਸਭਿਆਚਾਰਕ ਸਾਮਰਾਜਵਾਦ ਹੈ। ਜੋ ਵੀ ਸਾਡੇ ਸਭਿਆਚਾਰ ਵਿਚ ਹੈ, ਉਸ ਨੂੰ ਹੋਰ ਸਾਰਿਆਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ।’
ਇਹ ਵੀ ਪੜ੍ਹੋ: ਕੈਨੇਡਾ 'ਚ 1000 ਕਿਲੋ ਤੋਂ ਵੱਧ ਡਰੱਗ ਫੜ੍ਹੇ ਜਾਣ ਕਾਰਨ ਮਚਿਆ ਤਹਿਲਕਾ, ਕਈ ਪੰਜਾਬੀ ਗ੍ਰਿਫ਼ਤਾਰ
ਖਾਨ ਦੇ ਵਿਵਾਦਤ ਬਿਆਨ ਦੀ ਨਿੰਦਾ ਕਰਦੇ ਹੋਏ ਵਿਰੋਧੀ ਪਾਕਿਸਤਾਨ ਪੀਪਲਸ ਪਾਰਟੀ (ਪੀ.ਪੀ.ਪੀ.) ਦੀ ਸੈਨੇਟਰ ਸ਼ੇਰੀ ਰਹਿਮਾਨ ਨੇ ਟਵੀਟ ਕੀਤਾ, ‘ਭਾਵੇਂ ਸਾਡੇ ਕਾਨੂੰਨ ਹੋਣ ਜਾਂ ਮਜ਼ਹਬ ਹੋਣ, ਬਿਲਕੁੱਲ ਸਾਫ਼ ਹੈ ਕਿ ਔਰਤਾਂ ਦੇ ਸਨਮਾਨ ਦੀ ਸਾਹਮਣੇ ਵਾਲੇ ਦੀ ਜ਼ਿੰਮੇਦਾਰੀ ਹੁੰਦੀ ਹੈ। ਕਿਸੇ ਨੂੰ ਔਰਤਾਂ ਨੂੰ ਹਿੰਸਾ, ਜ਼ਬਰ-ਜਿਨਾਹ ਜਾਂ ਔਰਤਾਂ ਖ਼ਿਲਾਫ਼ ਅਪਰਾਧਾਂ ਲਈ ਜ਼ਿੰਮੇਦਾਰ ਠਹਿਰਾਉਣ ਦਾ ਜਾਂ ਉਹ ਕੀ ਪਾਏ, ਇਹ ਦੱਸਣ ਦਾ ਅਧਿਕਾਰ ਨਹੀਂ ਹੈ। ਸਾਡੇ ਪ੍ਰਧਾਨ ਮੰਤਰੀ ਅਜਿਹਾ ਕਰ ਰਹੇ ਹਨ, ਇਸ ਨਾਲ ਹੈਰਾਨ ਹਾਂ।’ ਉਨ੍ਹਾਂ ਕਿਹਾ ਕਿ ਇਮਰਾਨ ਖਾਨ ਅਜਿਹਾ ਕਹਿ ਕੇ ਔਰਤਾਂ ਖ਼ਿਲਾਫ਼ ਅਪਰਾਧ ਕਰਨ ਵਾਲੇ ਅਤੇ ਉਨ੍ਹਾਂ ਦਾ ਦਮਨ ਕਰਨ ਵਾਲਿਆਂ ਦੀਆਂ ਹਰਕਤਾਂ ਨੂੰ ਜਾਇਜ਼ ਠਹਿਰਾ ਰਹੇ ਹਨ। ਪ੍ਰਧਾਨ ਮੰਤਰੀ ਦਾ ਇਹ ਬਿਆਨ ਬੇਹੱਦ ਗੈਰ-ਜ਼ਿੰਮੇਦਾਰਾਨਾ ਅਤੇ ਨਿੰਦਣਯੋਗ ਹੈ।
ਇਹ ਵੀ ਪੜ੍ਹੋ: ਹੈਰਾਨੀਜਨਕ! ਕੋਰੋਨਾ ਟੀਕਾ ਨਹੀਂ ਲਗਵਾਇਆ ਤਾਂ ਜਾਣਾ ਪਵੇਗਾ ਜੇਲ੍ਹ
ਸਿੰਧ ਦੀ ਮਹਿਲਾ ਵਿਕਾਸ ਮੰਤਰੀ ਸ਼ਹਿਲਾ ਰਜ਼ਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ‘ਔਰਤਾਂ ’ਤੇ ਨਜ਼ਰ ਰੱਖਣ’ ਦੀ ਬਜਾਏ ਦੇਸ਼ ਦੇ ਸਾਹਮਣੇ ਮੌਜੂਦ ਮੁੱਦਿਆਂ ’ਤੇ ਧਿਆਨ ਦੇਣਾ ਚਾਹੀਦਾ ਹੈ। ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੀ ਮਹਿਲਾ ਬੁਲਾਰਾ ਮਰੀਅਮ ਓਰੰਗਜੇਬ ਨੇ ਟਵੀਟ ਕਰਕੇ ਖਾਨ ਦੇ ਬਿਆਨ ਦੀ ਨਿੰਦਾ ਕੀਤੀ। ਬਾਅਦ ਵਿਚ ਸੱਤਾਧਾਰੀ ਤਹਿਰੀਕ-ਏਇਨਸਾਫ ਵੱਲੋਂ ਜਲਵਾਯੂ ਤਬਦੀਲੀ ਰਾਜ ਮੰਤਰੀ ਜਰਤਾਜ ਗੁੱਲ ਅਤੇ ਪਾਰਟੀ ਸਾਂਸਦ ਮਲੀਕ ਅਲੀ ਬੁਖਾਰੀ ਅਤੇ ਕੰਵਲ ਸ਼ੌਜਾਬ ਨੇ ਮੰਗਲਵਾਰ ਨੂੰ ਪ੍ਰੈਸ ਕਾਨਫਰੰਸ ਸੱਦ ਕੇ ਕਿਹਾ ਕਿ ਖਾਨ ਦੇ ਬਿਆਨਾਂ ਨੂੰ ਗਲਤ ਤਰ੍ਹਾਂ ਨਾਲ ਪੇਸ਼ ਕੀਤਾ ਗਿਆ ਹੈ।
ਇਹ ਵੀ ਪੜ੍ਹੋ: WHO ਨੇ ਵਧਾਈ ਚਿੰਤਾ, ਕਿਹਾ- ਭਾਰਤ ’ਚ ਮਿਲੇ ਡੈਲਟਾ ਵੈਰੀਐਂਟ ਖ਼ਿਲਾਫ਼ ਪ੍ਰਭਾਵੀ ਨਹੀਂ ਕੋਰੋਨਾ ਵੈਕਸੀਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।