ਹੈਰਾਨੀਜਨਕ! ਜਬਾੜੇ ਦੀ ਸਰਜਰੀ ਤੋਂ ਬਾਅਦ ਬਦਲ ਗਈ ਔਰਤ ਦੀ ਬੋਲੀ

Saturday, Mar 01, 2025 - 01:41 PM (IST)

ਹੈਰਾਨੀਜਨਕ! ਜਬਾੜੇ ਦੀ ਸਰਜਰੀ ਤੋਂ ਬਾਅਦ ਬਦਲ ਗਈ ਔਰਤ ਦੀ ਬੋਲੀ

ਸਿਡਨੀ- ਆਸਟ੍ਰੇਲੀਆ ਤੋਂ ਹੈਰਾਨ ਕਰ ਦੇਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਆਸਟ੍ਰੇਲੀਆ ਦੀ ਕਿਮ ਹਾਲ ਨਾਮ ਦੀ ਇੱਕ ਔਰਤ ਨੇ ਆਪਣੇ ਜਬਾੜੇ ਦੀ ਸਰਜਰੀ ਕਰਵਾਈ। ਇਸ ਪ੍ਰਕਿਰਿਆ ਤੋਂ ਇੱਕ ਹਫ਼ਤੇ ਬਾਅਦ ਜਦੋਂ ਉਸਦੀ ਭੈਣ ਨੇ ਪਹਿਲੀ ਵਾਰ ਉਸਦੀ ਆਵਾਜ਼ ਸੁਣੀ ਤਾਂ ਉਸਨੂੰ ਕੁਝ ਵੱਖਰਾ ਮਹਿਸੂਸ ਹੋਇਆ। ਜਦੋਂ ਕਿਮ ਨੇ ਸਰਜਰੀ ਤੋਂ ਬਾਅਦ ਬੋਲਣਾ ਸ਼ੁਰੂ ਕੀਤਾ ਤਾਂ ਉਸਦੇ ਸਰਜਨ ਸਮੇਤ ਹੋਰਾਂ ਨੇ ਜਲਦੀ ਹੀ ਉਸਦੀ ਭਾਸ਼ਾ (ਬੋਲੀ) ਵਿੱਚ ਫ਼ਰਕ ਦੇਖਿਆ। 57 ਸਾਲਾ ਕਿਮ ਹਾਲ ਨੇ ਦੱਸਿਆ ਕਿ ਉਸ ਦੀ ਮਾਂ ਅਤੇ ਭੈਣ ਉਸ ਨੂੰ ਮਿਲਣ ਆਈਆਂ। ਇਸ ਤੋਂ ਬਾਅਦ ਉਸ ਦੀ ਭੈਣ ਨੇ ਮਾਂ ਨੂੰ ਦੱਸਿਆ ਕਿ ਕਿਮ ਸ਼ਾਨਦਾਰ ਬ੍ਰਿਟਿਸ਼ ਅੰਗਰੇਜ਼ੀ ਬੋਲ ਰਹੀ ਹੈ। ਕਿਮ, ਜੋ ਕਿ ਨਿਊ ਸਾਊਥ ਵੇਲਜ਼ ਦੇ ਗੌਲਬਰਨ ਵਿੱਚ ਵੱਡੀ ਹੋਈ ਸੀ, ਨੇ ਹਾਲ ਹੀ ਵਿੱਚ ਆਪਣੇ ਹੇਠਲੇ ਜਬਾੜੇ ਵਿੱਚ ਸਕੁਆਮਸ ਸੈੱਲ ਕਾਰਸੀਨੋਮਾ (ਇੱਕ ਕਿਸਮ ਦਾ ਕੈਂਸਰ) ਦਾ ਪਤਾ ਲੱਗਣ ਤੋਂ ਬਾਅਦ ਜਬਾੜੇ ਦੀ ਸਰਜਰੀ ਕਰਵਾਈ। 

ਸਰਜਰੀ ਤੋਂ ਬਾਅਦ ਬਦਲਿਆ ਬੋਲਣ ਦਾ ਲਹਿਜ਼ਾ 

ਕਿਮ ਨੇ ਕਿਹਾ ਕਿ ਜਦੋਂ ਉਸ ਨੂੰ ਦੱਸਿਆ ਗਿਆ ਕਿ ਉਸ ਦੇ ਬੋਲਣ ਦਾ ਲਹਿਜ਼ਾ ਪੂਰੀ ਤਰ੍ਹਾਂ ਬਦਲ ਗਿਆ ਹੈ, ਤਾਂ ਉਸਨੇ ਮਜ਼ਾਕ ਵਿੱਚ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਹ ਥੋੜੇ ਮੂਰਖ ਹਨ। ਉਸ ਨੇ ਕਿਹਾ ਕਿ ਮੈਂ ਬਦਲੀ ਨਹੀਂ ਹਾਂ, ਮੈਂ ਉਹੀ ਹਾਂ। ਪਰ ਕਿਮ ਜਿਸਨੂੰ ਸਰਜਰੀ ਤੋਂ ਬਾਅਦ ਬੋਲਣ ਵਿੱਚ ਮੁਸ਼ਕਲ ਆ ਰਹੀ ਸੀ, ਨੇ ਆਖਰਕਾਰ ਪਾਇਆ ਕਿ ਉਸਦੀ ਭਾਸ਼ਾ ਬਦਲ ਗਈ ਹੈ। ਆਪਣੀ ਵਿਲੱਖਣ ਆਸਟ੍ਰੇਲੀਆਈ ਬੋਲੀ ਦੀ ਬਜਾਏ, ਉਹ ਬ੍ਰਿਟਿਸ਼ ਅੰਗਰੇਜ਼ੀ ਲਹਿਜ਼ੇ ਵਿੱਚ ਬੋਲ ਰਹੀ ਸੀ। ਕਿਮ ਨੇ ਕਿਹਾ ਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਮੇਰੀ ਆਵਾਜ਼ ਇੰਗਲੈਂਡ ਦੇ ਯੌਰਕਸ਼ਾਇਰ ਦੇ ਲੋਕਾਂ ਨਾਲ ਮਿਲਦੀ ਜੁਲਦੀ ਹੈ। ਪਰ ਮੈਂ ਕਦੇ ਇੰਗਲੈਂਡ ਨਹੀਂ ਗਈ ਅਤੇ ਮੈਨੂੰ ਇਹ ਵੀ ਨਹੀਂ ਪਤਾ ਕਿ ਉੱਥੋਂ ਦੇ ਲੋਕ ਕਿਸ ਲਹਿਜ਼ੇ ਵਿੱਚ ਬੋਲਦੇ ਹਨ।

ਪੜ੍ਹੋ ਇਹ ਅਹਿਮ ਖ਼ਬਰ- ਆਸਮਾਨ 'ਚ ਮਹਿਲਾ ਸ਼ਕਤੀ : ਸਿਰਫ਼ ਔਰਤਾਂ ਦੀ ਟੀਮ ਕਰੇਗੀ ਪੁਲਾੜ ਦੀ ਯਾਤਰਾ 

ਕਈ ਵਾਰ ਡਾਕਟਰੀ ਕਾਰਨਾਂ ਕਰਕੇ ਬਦਲ ਜਾਂਦੀ ਹੈ ਬੋਲੀ 

ਡਾਕਟਰਾਂ ਅਨੁਸਾਰ ਆਵਾਜ਼ ਵਿੱਚ ਤਬਦੀਲੀ ਨੂੰ ਵਿਦੇਸ਼ੀ ਐਕਸੈਂਟ ਸਿੰਡਰੋਮ ਕਿਹਾ ਜਾਂਦਾ ਹੈ- ਜੋ ਇੱਕ ਦੁਰਲੱਭ ਤੰਤੂ ਵਿਗਿਆਨਕ ਸਥਿਤੀ ਜੋ ਸਟ੍ਰੋਕ ਜਾਂ ਦਿਮਾਗ ਦੀ ਸੱਟ ਦੇ ਨਤੀਜੇ ਵਜੋਂ ਹੁੰਦੀ ਹੈ। ਹਾਲਾਂਕਿ ਕਿਮ ਦੇ ਮਾਮਲੇ ਵਿੱਚ 2021 ਵਿੱਚ ਉਸਦੀ ਸਰਜਰੀ ਤੋਂ ਬਾਅਦ ਉਸਦੀ ਬੋਲੀ ਦਾ ਸੁਰ ਅਤੇ ਭਾਸ਼ਾ ਅਸਧਾਰਨ ਤੌਰ 'ਤੇ ਬਦਲ ਗਈ, ਜਿਸ ਨਾਲ ਡਾਕਟਰ ਉਲਝਣ ਵਿੱਚ ਪੈ ਗਏ। ਕਿਮ ਦੰਦਾਂ ਦੇ ਦਰਦ ਦਾ ਇਲਾਜ ਕਰਵਾਉਣ ਲਈ ਡਾਕਟਰ ਕੋਲ ਗਈ ਸੀ। ਇਸ ਤੋਂ ਬਾਅਦ ਬਾਇਓਪਸੀ ਕੀਤੀ ਗਈ ਅਤੇ ਕੈਂਸਰ ਦਾ ਪਤਾ ਲੱਗਿਆ। ਇਲਾਜ ਦੌਰਾਨ ਕਿਮ ਨੂੰ ਰੇਡੀਏਸ਼ਨ ਅਤੇ ਕੀਮੋਥੈਰੇਪੀ ਦੇ 34 ਦੌਰ ਦੇ ਨਾਲ-ਨਾਲ ਕਈ ਹੋਰ ਸਰਜਰੀਆਂ ਵੀ ਕਰਵਾਉਣੀਆਂ ਪਈਆਂ। ਇਸ ਤੋਂ ਬਾਅਦ ਹੁਣ ਉਸਦੀ ਬੋਲੀ ਪੂਰੀ ਤਰ੍ਹਾਂ ਬਦਲ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News