ਅਮਰੀਕਾ : ਸੰਸਦ ਮੈਂਬਰ ਡੱਗ ਐਰਿਕਸਨ ਦੀ ਕੋਵਿਡ-19 ਨਾਲ ਮੌਤ
Sunday, Dec 19, 2021 - 11:23 AM (IST)
ਸਿਆਟਲ (ਭਾਸ਼ਾ): ਅਮਰੀਕਾ ਵਿਖੇ ਵਾਸ਼ਿੰਗਟਨ ਤੋਂ ਰਿਪਬਲਿਕਨ ਪਾਰਟੀ ਦੇ ਸੰਸਦ ਮੈਂਬਰ ਡੱਗ ਐਰਿਕਸਨ ਦਾ ਦੇਹਾਂਤ ਹੋ ਗਿਆ। ਉਹ 52 ਸਾਲਾਂ ਦੇ ਸਨ। ਐਰਿਕਸਨ ਦੀ ਮੌਤ ਸ਼ੁੱਕਰਵਾਰ ਨੂੰ ਹੋਈ। ਕੁਝ ਹਫ਼ਤੇ ਪਹਿਲਾਂ ਉਹਨਾਂ ਨੇ ਦੱਸਿਆ ਸੀ ਕਿ ਉਹ ਲਾਤੀਨੀ ਅਮਰੀਕੀ ਦੇਸ਼ ਅਲ ਸਲਵਾਡੋਰ ਦੇ ਦੌਰੇ ਦੌਰਾਨ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਗਏ ਸਨ, ਹਾਲਾਂਕਿ ਉਹਨਾਂ ਦੀ ਮੌਤ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਸਟੇਟ ਸੈਨੇਟ ਰਿਪਬਲਿਕਨ ਕਾਕਸ ਨੇ ਸ਼ਨੀਵਾਰ ਨੂੰ ਉਹਨਾਂ ਦੀ ਮੌਤ ਦੀ ਪੁਸ਼ਟੀ ਕੀਤੀ। ਫਰੈਂਡੇਲ ਤੋਂ ਰਿਪਬਲਿਕ ਪਾਰਟੀ ਦੇ ਸੰਸਦ ਮੈਂਬਰ ਐਰਿਕਸਨ ਨੇ ਪਿਛਲੇ ਮਹੀਨੇ ਪਾਰਟੀ ਦੇ ਸਹਿਯੋਗੀਆਂ ਨਾਲ ਮੁਲਾਕਾਤ ਕੀਤੀ ਅਤੇ ਦੱਸਿਆ ਕਿ ਉਹ ਅਲ ਸੈਲਵਾਡੋਰ ਗਏ ਸਨ, ਜਿੱਥੇ ਪਹੁੰਚਣ ਤੋਂ ਤੁਰੰਤ ਬਾਅਦ ਉਹ ਕੋਵਿਡ-19 ਨਾਲ ਸੰਕਰਮਿਤ ਹੋ ਗਏ ਸਨ। ਉਹਨਾਂ ਦੇ ਦੌਰੇ ਦਾ ਕਾਰਨ ਅਸਪਸ਼ੱਟ ਸੀ। ਰਾਜ ਦੀ ਸੰਸਦ ਅਤੇ ਸੈਨੇਟ ਦੇ ਮੈਂਬਰਾਂ ਨੂੰ ਇੱਕ ਸੰਦੇਸ਼ ਵਿੱਚ ਐਰਿਕਸਨ ਨੇ ਇਸ ਬਾਰੇ ਸਲਾਹ ਮੰਗੀ ਕਿ ਮੋਨੋਕਲੋਨਲ ਐਂਟੀਬਾਡੀਜ਼ ਕਿਵੇਂ ਪ੍ਰਾਪਤ ਕੀਤੇ ਜਾ ਸਕਦੇ ਹਨ।
ਪੜ੍ਹੋ ਇਹ ਅਹਿਮ ਖਬਰ- ਓਮੀਕਰੋਨ ਦੀ ਦਹਿਸ਼ਤ, ਕੈਨੇਡਾ ਸਰਕਾਰ ਨੇ ਯਾਤਰਾ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਕੀਤੇ ਜਾਰੀ
ਸੀਏਟਲ ਟਾਈਮਜ਼ ਨੇ ਦੱਸਿਆ ਕਿ ਐਰਿਕਸਨ ਨੇ ਵਟਸਕਾਮ ਕਾਉਂਟੀ ਵਿੱਚ 42ਵੇਂ ਜ਼ਿਲ੍ਹੇ ਦੀ ਨੁਮਾਇੰਦਗੀ ਕੀਤੀ ਅਤੇ 1998 ਤੋਂ ਵਿਧਾਨ ਸਭਾ ਵਿੱਚ ਸਨ। ਉਹ 2010 ਵਿੱਚ ਸੈਨੇਟ ਲਈ ਚੁਣੇ ਜਾਣ ਤੋਂ ਪਹਿਲਾਂ ਰਾਜ ਦੀ ਸੰਸਦ ਲਈ ਛੇ ਵਾਰ ਚੁਣੇ ਗਏ ਸਨ। ਐਰਿਕਸਨ ਵਾਸ਼ਿੰਗਟਨ ਵਿੱਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੁਹਿੰਮ ਦਾ ਆਗੂ ਸੀ। ਉਹ ਕੋਵਿਡ-19 'ਤੇ ਡੈਮੋਕਰੇਟਿਕ ਪਾਰਟੀ ਦੇ ਗਵਰਨਰ ਜੇ ਇਨਸਲੀ ਦੇ ਐਮਰਜੈਂਸੀ ਆਦੇਸ਼ਾਂ ਦਾ ਵੀ ਸਪੱਸ਼ਟ ਆਲੋਚਕ ਸੀ ਅਤੇ ਉਨ੍ਹਾਂ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਦੇ ਉਦੇਸ਼ ਨਾਲ ਇੱਕ ਬਿੱਲ ਪੇਸ਼ ਕੀਤਾ ਜੋ ਟੀਕਾਕਰਨ ਨਹੀਂ ਕਰਾਉਣਾ ਚਾਹੁੰਦੇ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੈ ਕਿ ਐਰਿਕਸਨ ਨੇ ਕੋਵਿਡ-19 ਵਿਰੋਧੀ ਟੀਕਾ ਲਗਾਇਆ ਸੀ ਜਾਂ ਨਹੀਂ। ਯੂਐਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦਾ ਕਹਿਣਾ ਹੈ ਕਿ ਲੋਕਾਂ ਨੂੰ ਐਲ ਸੈਲਵਾਡੋਰ ਜਾਣ ਤੋਂ ਪਹਿਲਾਂ ਵੈਕਸੀਨ ਦੀਆਂ ਸਾਰੀਆਂ ਖੁਰਾਕਾਂ ਲੈਣੀਆਂ ਚਾਹੀਦੀਆਂ ਹਨ, ਜਿੱਥੇ ਕੋਵਿਡ-19 ਤੇਜ਼ੀ ਨਾਲ ਫੈਲਿਆ ਹੈ।