"ਅਸੀਂ ਗੋਡੇ ਨਹੀਂ ਟੇਕਾਂਗੇ "; ਅਮਰੀਕੀ ਹਮਲੇ ਮਗਰੋਂ ਵੈਨੇਜ਼ੁਏਲਾ ਦੇ Defence Minister ਦੀ ਲਲਕਾਰ
Saturday, Jan 03, 2026 - 05:39 PM (IST)
ਕਾਰਾਕਸ/ਵਾਸ਼ਿੰਗਟਨ- ਅਮਰੀਕਾ ਅਤੇ ਵੈਨੇਜ਼ੁਏਲਾ ਵਿਚਾਲੇ ਚੱਲ ਰਿਹਾ ਤਣਾਅ ਹੁਣ ਇੱਕ ਭਿਆਨਕ ਜੰਗ ਦਾ ਰੂਪ ਧਾਰਨ ਕਰ ਚੁੱਕਾ ਹੈ। 3 ਜਨਵਰੀ 2026 ਦੀ ਸਵੇਰ ਨੂੰ ਅਮਰੀਕਾ ਵੱਲੋਂ ਵੈਨੇਜ਼ੁਏਲਾ 'ਤੇ ਕੀਤੇ ਗਏ ਵੱਡੇ ਫੌਜੀ ਹਮਲੇ ਤੋਂ ਬਾਅਦ ਉੱਥੋਂ ਦੇ ਰੱਖਿਆ ਮੰਤਰੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਅਮਰੀਕਾ ਅੱਗੇ ਝੁਕਣ ਤੋਂ ਸਾਫ਼ ਇਨਕਾਰ ਕਰਦਿਆਂ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਦੇਸ਼ ਦੀ ਪ੍ਰਭੂਸੱਤਾ ਬਚਾਉਣ ਲਈ ਮੈਦਾਨ ਵਿੱਚ ਨਿੱਤਰਨ ਦੀ ਅਪੀਲ ਕੀਤੀ ਹੈ।
7 ਫੌਜੀ ਟਿਕਾਣਿਆਂ ’ਤੇ ਬੰਬਾਰੀ
ਅਮਰੀਕੀ ਫੌਜ ਨੇ ਵੈਨੇਜ਼ੁਏਲਾ ਦੇ ਸੱਤ ਵੱਖ-ਵੱਖ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਜਹਾਜ਼ਾਂ ਨੇ ਪਹਿਲਾਂ 'ਅਭਿਆਸ' ਦੇ ਬਹਾਨੇ ਐਂਟਰੀ ਕੀਤੀ ਅਤੇ ਰਾਤ ਕਰੀਬ 1:50 ਵਜੇ ਅਚਾਨਕ ਹਮਲੇ ਸ਼ੁਰੂ ਕਰ ਦਿੱਤੇ। ਇਸੇ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਹਿਰਾਸਤ ਵਿੱਚ ਲੈ ਕੇ ਦੇਸ਼ ਤੋਂ ਬਾਹਰ ਲਿਜਾਇਆ ਗਿਆ ਹੈ।
ਰੱਖਿਆ ਮੰਤਰੀ ਦੀ ਲਲਕਾਰ
ਵੈਨੇਜ਼ੁਏਲਾ ਦੇ ਰੱਖਿਆ ਮੰਤਰੀ ਨੇ ਇਸ ਹਮਲੇ ਨੂੰ "ਅਪਰਾਧਿਕ" ਦੱਸਦਿਆਂ ਕਿਹਾ ਕਿ ਸਨਮਾਨ ਅਤੇ ਇਤਿਹਾਸ ਉਨ੍ਹਾਂ ਨੂੰ ਆਪਣੀ ਮਾਂ-ਭੂਮੀ ਦੀ ਰੱਖਿਆ ਲਈ ਬੁਲਾ ਰਿਹਾ ਹੈ। ਉਨ੍ਹਾਂ ਨੇ ਦੇਸ਼ ਦੇ ਸਿਪਾਹੀਆਂ ਅਤੇ ਨੌਜਵਾਨਾਂ ਨੂੰ 'ਵੋਲੀਵਰ ਦੇ ਧੀ-ਪੁੱਤ' ਕਹਿ ਕੇ ਵੰਗਾਰਿਆ ਅਤੇ ਕਿਹਾ ਕਿ ਉਹ ਅਮਰੀਕਾ ਨੂੰ ਬਣਦਾ ਜਵਾਬ ਦੇਣਗੇ। ਦੇਸ਼ ਵਿੱਚ ਮੌਜੂਦਾ ਹਾਲਾਤ ਨੂੰ ਦੇਖਦਿਆਂ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਵੱਡੀ ਖਬਰ; ਮਸ਼ਹੂਰ ਅਦਾਕਾਰ ਆਸ਼ੀਸ਼ ਵਿਦਿਆਰਥੀ ਤੇ ਉਨ੍ਹਾਂ ਦੀ ਪਤਨੀ ਨਾਲ ਵਾਪਰਿਆ ਭਿਆਨਕ ਹਾਦਸਾ
ਹਮਲੇ ਦੇ ਅਸਲ ਕਾਰਨ: ਤੇਲ ਜਾਂ ਡਰੱਗਜ਼?
ਇਸ ਜੰਗ ਦੇ ਪਿੱਛੇ ਦੋਵੇਂ ਦੇਸ਼ ਵੱਖੋ-ਵੱਖਰੇ ਤਰਕ ਦੇ ਰਹੇ ਹਨ:
• ਅਮਰੀਕਾ ਦਾ ਪੱਖ: ਰਾਸ਼ਟਰਪਤੀ ਟਰੰਪ ਅਨੁਸਾਰ, ਮਾਦੁਰੋ ਸਰਕਾਰ ਜਾਣਬੁੱਝ ਕੇ ਅਪਰਾਧੀਆਂ ਅਤੇ ਮਾਨਸਿਕ ਤੌਰ 'ਤੇ ਬਿਮਾਰ ਲੋਕਾਂ ਨੂੰ ਅਮਰੀਕਾ ਭੇਜ ਰਹੀ ਸੀ। ਇਸ ਤੋਂ ਇਲਾਵਾ, ਅਮਰੀਕਾ ਵਿੱਚ ਹੋ ਰਹੀ ਕੋਕਿਨ ਅਤੇ ਫੈਂਟਾਨਿਲ ਵਰਗੀਆਂ ਖ਼ਤਰਨਾਕ ਨਸ਼ਿਆਂ ਦੀ ਤਸਕਰੀ ਦਾ ਰਸਤਾ ਵੈਨੇਜ਼ੁਏਲਾ ਤੋਂ ਹੋ ਕੇ ਨਿਕਲਦਾ ਹੈ।
• ਵੈਨੇਜ਼ੁਏਲਾ ਦਾ ਪੱਖ: ਉੱਥੋਂ ਦੇ ਮੰਤਰੀਆਂ ਦਾ ਇਲਜ਼ਾਮ ਹੈ ਕਿ ਅਮਰੀਕਾ ਦੀ ਨਜ਼ਰ ਵੈਨੇਜ਼ੁਏਲਾ ਦੇ ਵਿਸ਼ਾਲ ਤੇਲ ਅਤੇ ਖਣਿਜ ਭੰਡਾਰਾਂ 'ਤੇ ਹੈ। ਕਿਉਂਕਿ ਵੈਨੇਜ਼ੁਏਲਾ ਦੇ ਤੇਲ ਦਾ ਸਭ ਤੋਂ ਵੱਡਾ ਖਰੀਦਦਾਰ ਚੀਨ ਹੈ, ਇਸ ਲਈ ਅਮਰੀਕਾ ਆਪਣੀ 'ਦੁਸ਼ਮਣ ਦਾ ਦੋਸਤ ਵੀ ਦੁਸ਼ਮਣ' ਵਾਲੀ ਨੀਤੀ ਤਹਿਤ ਇਹ ਕਾਰਵਾਈ ਕਰ ਰਿਹਾ ਹੈ।
ਇਹ ਵੀ ਪੜ੍ਹੋ: ਇਸ ਦਿਨ ਖੁੱਲ੍ਹੇਗਾ 'ਨੀਲੇ ਡਰੰਮ' ਦਾ ਰਾਜ਼! ‘ਸੌਰਭ ਕਤਲ ਕਾਂਡ’ ’ਤੇ ਬਣੀ ਸੀਰੀਜ਼ ਦਾ ਪੋਸਟਰ ਰਿਲੀਜ਼
