ਅਮਰੀਕਾ: ਇੱਕ ਦਿਨ 'ਚ ਹੋਈਆਂ 1,000 ਤੋਂ ਵੱਧ ਕੋਰੋਨਾ ਮੌਤਾਂ

Wednesday, Aug 18, 2021 - 08:51 PM (IST)

ਅਮਰੀਕਾ: ਇੱਕ ਦਿਨ 'ਚ ਹੋਈਆਂ 1,000 ਤੋਂ ਵੱਧ ਕੋਰੋਨਾ ਮੌਤਾਂ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕਾ ਵਿੱਚ ਕੋਰੋਨਾ ਵਾਇਰਸ ਫਿਰ ਤੋਂ ਆਪਣਾ ਕਹਿਰ ਦਿਖਾ ਰਿਹਾ ਹੈ। ਕੋਰੋਨਾ ਮਾਮਲਿਆਂ ਦੇ ਚੱਲਦਿਆਂ ਅਮਰੀਕਾ ਵਿੱਚ ਮੰਗਲਵਾਰ ਨੂੰ ਤਕਰੀਬਨ 1,017 ਕੋਵਿਡ-19 ਮੌਤਾਂ ਨੂੰ ਦਰਜ ਕੀਤਾ ਗਿਆ, ਜੋ ਕਿ ਪ੍ਰਤੀ ਘੰਟਾ 42 ਮੌਤਾਂ ਦੇ ਬਰਾਬਰ ਹੈ। ਦੇਸ਼ ਵਿੱਚ ਘੱਟ ਟੀਕਾਕਰਨ ਵਾਲੇ ਖੇਤਰਾਂ ਵਿੱਚ ਵਾਇਰਸ ਦੇ ਡੈਲਟਾ ਰੂਪ ਦਾ ਪ੍ਰਸਾਰ ਤੇਜ਼ੀ ਨਾਲ ਹੋ ਰਿਹਾ ਹੈ। 

ਅੰਕੜਿਆਂ ਅਨੁਸਾਰ, ਪਿਛਲੇ ਮਹੀਨੇ ਦੌਰਾਨ ਅਮਰੀਕਾ ਵਿੱਚ ਕੋਰੋਨਾ ਵਾਇਰਸ ਨਾਲ ਸਬੰਧਤ ਮੌਤਾਂ ਵਿੱਚ ਤੇਜ਼ੀ ਆਈ ਹੈ, ਜਿਸ ਦੀ ਗਿਣਤੀ ਔਸਤਨ 769 ਪ੍ਰਤੀ ਦਿਨ ਹੈ। ਇਸ ਸਥਿਤੀ ਨੂੰ ਵੇਖਦਿਆਂ ਬਾਈਡੇਨ ਪ੍ਰਸ਼ਾਸਨ ਵੱਲੋਂ ਯਾਤਰੀਆਂ ਲਈ ਹਵਾਈ ਜਹਾਜ਼ਾਂ, ਰੇਲ ਗੱਡੀਆਂ ਅਤੇ ਬੱਸਾਂ, ਹਵਾਈ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ 'ਤੇ ਮਾਸਕ ਪਹਿਨਣ ਦੀਆਂ ਜ਼ਰੂਰਤਾਂ ਨੂੰ ਵਧਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਅਮਰੀਕਾ ਨੇ ਰੋਜ਼ਾਨਾ ਦੇ ਅਧਾਰ 'ਤੇ 1,000 ਤੋਂ ਵੱਧ ਮੌਤਾਂ ਇਸ ਤੋਂ ਪਹਿਲਾਂ ਮਾਰਚ ਵਿੱਚ ਦਰਜ ਕੀਤੀਆਂ ਸਨ। ਇਸ ਤੋਂ ਇਲਾਵਾ ਅਮਰੀਕਾ ਦੇ ਹਸਪਤਾਲ ਵੀ ਨਵੇਂ ਮਰੀਜ਼ਾਂ ਨਾਲ ਭਰ ਰਹੇ ਹਨ ਕਿਉਂਕਿ ਪਿਛਲੇ ਦੋ ਹਫਤਿਆਂ ਵਿੱਚ ਕੋਵਿਡ ਨਾਲ ਸਬੰਧਿਤ ਮਰੀਜ਼ਾਂ ਦਾ ਹਸਪਤਾਲਾਂ ਵਿੱਚ ਦਾਖਲ ਹੋਣ ਵਿੱਚ ਲਗਭਗ 70% ਦਾ ਵਾਧਾ ਹੋਇਆ ਹੈ।

ਸੀ.ਡੀ.ਸੀ. ਦੇ ਅੰਕੜਿਆਂ ਅਨੁਸਾਰ ਯੂ.ਐੱਸ. ਸਾਊਥ ਤਾਜ਼ਾ ਪ੍ਰਕੋਪ ਦਾ ਕੇਂਦਰ ਬਣਿਆ ਹੋਇਆ ਹੈ, ਜਿਸ ਵਿੱਚ ਫਲੋਰਿਡਾ ਨੇ ਪਿਛਲੇ ਹਫਤੇ ਲਗਭਗ 26,000 ਨਵੇਂ ਮਾਮਲਿਆਂ ਦੇ ਰਿਕਾਰਡ ਦੀ ਰਿਪੋਰਟ ਕੀਤੀ ਹੈ। ਇਸ ਦੌਰਾਨ ਸਰਕਾਰ ਵੱਲੋਂ ਵਾਇਰਸ ਨੂੰ ਹੋਰ ਵਧਣ ਅਤੇ ਸੁਰੱਖਿਆ ਪ੍ਰਾਪਤ ਕਰਨ ਲਈ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ ਜਾ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News