ਅਮਰੀਕਾ : ਫਰਿਜ਼ਨੋ ’ਚ ਖੋਜੀ ਕੁੱਤੇ ਦੀ ਹੋ ਰਹੀ ਸ਼ਲਾਘਾ, ਇੰਝ ਬਚਾਈ ਪੁਲਸ ਅਧਿਕਾਰੀ ਦੀ ਜਾਨ
Monday, Apr 12, 2021 - 03:08 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜ਼ਨੋ ਪੁਲਸ ਵਿਭਾਗ ਦੇ ਅਨੁਸਾਰ ਇੱਕ ਕੇ-9 ਖੋਜੀ ਕੁੱਤੇ ਨੂੰ ਇੱਕ ਹਿੰਸਕ ਸ਼ੱਕੀ ਵਿਅਕਤੀ ਨੇ ਕਈ ਵਾਰ ਚਾਕੂ ਮਾਰ ਕੇ ਬੁਰੀ ਤਰ੍ਹਾਂ ਜ਼ਖ਼ਮੀ ਕੀਤਾ ਪਰ ਫਿਰ ਵੀ ਇੱਕ ਪੁਲਸੀਆ ਕਾਰਵਾਈ ਦੌਰਾਨ ਇਹ ਇੱਕ ਅਧਿਕਾਰੀ ਦੀ ਜਾਨ ਬਚਾਉਣ ’ਚ ਸਫਲ ਰਿਹਾ। ਇਸ ਖੋਜੀ ਕੁੱਤੇ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਲੈਫਟੀਨੈਂਟ ਟਿਮ ਟਿਏਟਜੇਨ ਦੇ ਅਨੁਸਾਰ ਇਹ ਘਟਨਾ ਸ਼ਨੀਵਾਰ ਸਵੇਰੇ ਵਾਪਰੀ, ਜਦੋਂ ਫਰਿਜ਼ਨੋ ਪੁਲਸ ਨੇ ਵੈਸਟ ਬ੍ਰਾਊਨ ਐਵੇਨਿਊ ਦੇ 1800 ਬਲਾਕ ਵਿਖੇ ਇੱਕ ਜਨਾਨੀ ਵੱਲੋਂ ਉਸ ਦੇ ਘਰ ’ਚ ਇੱਕ ਵਿਅਕਤੀ ਦੇ ਹੋਣ ਬਾਰੇ ਸੂਚਨਾ ਮਿਲਣ ਤੋਂ ਬਾਅਦ ਸ਼ੱਕੀ ਵਿਅਕਤੀ ਕਾਰਲੋਸ ਕਾਸਟਾਨੋਸ ਨੂੰ ਹਿਰਾਸਤ ’ਚ ਲੈਣ ਲਈ ਕਾਰਵਾਈ ਕੀਤੀ।
ਪੁਲਸ ਅਨੁਸਾਰ ਕਾਸਟਾਨੋਸ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਹੋਏ ਸਨ ਅਤੇ ਉਸ ਦਾ ਹਿੰਸਕ ਇਤਿਹਾਸ ਸੀ।
ਟਿਮ ਨੇ ਦੱਸਿਆ ਕਿ ਜਿਵੇਂ ਹੀ ਅਧਿਕਾਰੀਆਂ ਨੇ ਘਰ ਨੂੰ ਘੇਰਿਆ ਅਤੇ ਘਰ ਦੇ ਸਾਹਮਣੇ ਕਾਸਟਾਨੋਸ ਨਾਲ ਸੰਪਰਕ ਕੀਤਾ ਤਾਂ ਉਹ ਘਰ ਦੇ ਪਿਛਲੇ ਹਿੱਸੇ ਵੱਲ ਭੱਜਿਆ ਅਤੇ ਇੱਕ ਵਾੜ ਦੇ ਉੱਪਰ ਦੀ ਛਾਲ ਮਾਰ ਦਿੱਤੀ। ਇਸ ਦੌਰਾਨ ਇੱਕ ਕੇ-9 ਖੋਜੀ ਕੁੱਤਾ ਅਤੇ ਅਧਿਕਾਰੀ, ਜੋ ਘਰ ਦੇ ਪਿਛਲੇ ਹਿੱਸੇ ’ਚ ਤਾਇਨਾਤ ਸਨ, ਨੇ ਕਾਸਟਾਨੋਸ ਦਾ ਸਾਹਮਣਾ ਕੀਤਾ ਅਤੇ ਉਸ ਨੂੰ ਰੋਕਣ ਦਾ ਹੁਕਮ ਦਿੱਤਾ ਪਰ ਉਹ ਨਹੀਂ ਰੁਕਿਆ।
ਇਸ ਉਪਰੰਤ ਕੇ-9, ਜਿਸ ਦਾ ਨਾਂ ਦਾ ਅਰਗੋ ਹੈ, ਨੇ ਅਪਰਾਧੀ ਦਾ ਪਿੱਛਾ ਕੀਤਾ ਅਤੇ ਕਾਸਟਾਨੋਸ ਦੀ ਖੱਬੀ ਬਾਂਹ ਫੜ ਲਈ। ਇਸ ਕਾਰਵਾਈ ’ਤੇ ਕਾਸਟਾਨੋਸ ਨੇ ਇੱਕ ਚਾਕੂ ਕੱਢਿਆ ਅਤੇ ਕੁੱਤੇ ’ਤੇ ਛੇ ਵਾਰ, ਵਾਰ ਕੀਤਾ ਅਤੇ ਫਿਰ ਅਫਸਰਾਂ ਵੱਲ ਵਧਿਆ। ਇਸ ਤੋਂ ਇਲਾਵਾ ਇੱਕ ਹੋਰ ਪਿਟਬੁੱਲ ਨੇ ਛੁਰਾ ਮਾਰਨ ਦੀ ਘਟਨਾ ਦੌਰਾਨ ਪੁਲਸ ਦੇ ਕੁੱਤੇ ’ਤੇ ਹਮਲਾ ਕਰ ਦਿੱਤਾ। ਕਾਸਟਾਨੋਸ ਦੀ ਇਸ ਕਾਰਵਾਈ ’ਚ ਉਲਝਣ ਕਾਰਨ ਇੱਕ ਅਧਿਕਾਰੀ ਨੇ ਆਖਿਰਕਾਰ ਸ਼ੱਕੀ ਨੂੰ ਚਾਕੂ ਸਮੇਤ ਦਬੋਚ ਲਿਆ। ਪੁਲਸ ਦੇ ਇਸ ਕੇ -9 ਕੁੱਤੇ ਅਰਗੋ ਨੂੰ ਪਿੱਠ ਅਤੇ ਖੱਬੀ ਅੱਖ ’ਤੇ ਸੱਟਾਂ ਲੱਗੀਆਂ ਅਤੇ ਉਸ ਦਾ ਆਪ੍ਰੇਸ਼ਨ ਕਰਵਾਉਣਾ ਪਿਆ। ਪੁਲਸ ਅਧਿਕਾਰੀ ਟਿਮ ਅਨੁਸਾਰ ਕੇ-9 ਨੇ ਆਪਣੇ ਅਫਸਰ ਦੀ ਜਾਨ ਬਚਾਈ ਅਤੇ ਜੇਕਰ ਕੇ-9 ਮੌਜੂਦ ਨਾ ਹੁੰਦਾ, ਤਾਂ ਉਹ ਵਿਅਕਤੀ ਨੇੜਲੇ ਅਧਿਕਾਰੀ ਨੂੰ ਚਾਕੂ ਮਾਰ ਸਕਦਾ ਸੀ। ਇਸ ਤੋਂ ਇਲਾਵਾ ਕਾਸਟਾਨੋਸ ਨੂੰ ਸੱਟਾਂ ਲੱਗਣ ਕਾਰਨ ਫਰਿਜ਼ਨੋ ਕਮਿਊਨਿਟੀ ਰੀਜਨਲ ਮੈਡੀਕਲ ਸੈਂਟਰ ਲਿਜਾਇਆ ਗਿਆ।