ਟਰੰਪ ਦਾ ਦਾਅਵਾ, ਪੀ.ਐੱਮ. ਮੋਦੀ ਨੇ ਕੋਰੋਨਾ ਟੈਸਟਿੰਗ ਸਬੰਧੀ ਕੀਤੀ ਉਹਨਾਂ ਦੀ ਤਾਰੀਫ

09/14/2020 6:26:02 PM

ਵਾਸ਼ਿੰਗਟਟਨ (ਬਿਊਰੋ): ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਕੋਰੋਨਾਵਾਇਰਸ ਸੰਕਟ ਦਾ ਮੁੱਦਾ ਛਾਇਆ ਹੋਇਆ ਹੈ। ਨਾਲ ਹੀ ਇਸ ਵਾਰ ਭਾਰਤ ਦੀ ਭੂਮਿਕਾ ਵੀ ਮਹੱਤਵਪੂਰਨ ਮੰਨੀ ਜਾ ਰਹੀ ਹੈ। ਇਸ ਲਈ ਹਰ ਕੋਈ ਭਾਰਤੀ ਵੋਟਰਾਂ ਨੂੰ ਲੁਭਾਉਣ ਵਿਚ ਲੱਗਾ ਹੋਇਆ ਹੈ। ਇਸ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਸਭਾ ਵਿਚ ਦਾਅਵਾ ਕੀਤ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾਵਾਇਰਸ ਟੈਸਟਿੰਗ ਸਬੰਧੀ ਉਹਨਾਂ ਦੀ ਤਾਰੀਫ ਕੀਤੀ ਹੈ ਕਿਉਂਕਿ ਅਮਰੀਕਾ ਟੈਸਟਿੰਗ ਵਿਚ ਨੰਬਰ ਵਨ ਹੈ।

ਅਮਰੀਕਾ ਦੇ ਨੇਵਾਦਾ ਵਿਚ ਇਕ ਰੈਲੀ ਨੂੰ ਸੰਬੋਧਿਤ ਕਰਦਿਆਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਸੀਂ ਹੁਣ ਤੱਕ ਸਭ ਤੋਂ ਵੱਧ ਟੈਸਟਿੰਗ ਕੀਤੀ ਹੈ। ਇਹ ਟੈਸਟਿੰਗ ਭਾਰਤ ਨਾਲੋਂ ਵੀ ਜ਼ਿਆਦਾ ਹੈ। ਭਾਰਤ ਦੂਜੇ ਨੰਬਰ 'ਤੇ ਹੈ ਅਤੇ ਸਾਡੇ ਤੋਂ 44 ਮਿਲੀਅਨ ਟੈਸਟ ਪਿੱਛੇ ਹੈ। ਡੋਨਾਲਡ ਟਰੰਪ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੈਨੂੰ ਫੋਨ ਕੀਤਾ ਅਤੇ ਤਾਰੀਫ ਕਰਦਿਆਂ ਕਿਹਾ ਕਿ ਟੈਸਟਿੰਗ ਵਿਚ ਤੁਸੀਂ ਸ਼ਾਨਦਾਰ ਕੰਮਕੀਤਾ ਹੈ। 

ਇੱਥੇ ਦੱਸ ਦਈਏ ਕਿ ਅਮਰੀਕਾ ਵਿਚ ਇਸ ਸਾਲ ਚੋਣਾਂ ਹੋਣੀਆਂ ਹਨ ਅਤੇ ਉਸ ਤੋਂ ਪਹਿਲਾਂ ਟਰੰਪ ਲਗਾਤਾਰ ਲੋਕਾਂ ਦੇ ਨਿਸ਼ਾਨੇ 'ਤੇ ਹਨ, ਜਿਸ ਤਰ੍ਹਾਂ ਉਹਨਾਂ ਨੇ ਕੋਰੋਨਾਵਾਇਰਸ ਦੇ ਖਿਲਾਫ਼ ਲੜਾਈ ਲੜੀ ਅਤੇ ਲਾਪਰਵਾਹੀ ਵਰਤੀ। ਟਰੰਪ ਨੇ ਕਿਹਾ ਕਿ ਇੱਥੋਂ ਦੀ ਮੀਡੀਆ ਨੂੰ ਸਮਝਣਾ ਹੋਵੇਗਾ ਕਿ ਪੀ.ਐੱਮ. ਮੋਦੀ ਨੇ ਤਾਰੀਫ ਕਿਉਂ ਕੀਤੀ ਹੈ। ਟਰੰਪ ਨੇ ਕਿਹਾ ਕਿ ਜੇਕਰ ਜੋ ਬਿਡੇਨ ਇਸ ਸਮੇਂ ਦੇਸ਼ ਦੀ ਅਗਵਾਈ ਕਰ ਰਹੇ ਹੁੰਦੇ ਅਤੇ ਚੀਨੀ ਵਾਇਰਸ ਦਾ ਹਮਲਾ ਹੁੰਦਾ ਤਾਂ ਦੇਸ਼ ਵਿਚ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਜਾਂਦੀ। 

ਅਮਰੀਕੀ ਰਾਸ਼ਟਰਪਤੀ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਕਾਰਜਕਾਲ ਵਿਚ ਨੌਕਰੀਆਂ ਵਾਪਸ ਆਈਆਂ ਹਨ। ਅਮਰੀਕੀ ਬਾਰਡਰ ਸੁਰੱਖਿਅਤ ਹੋਏ ਹਨ ਅਤੇ ਅਮਰੀਕੀ ਸੈਨਾ ਮਜ਼ਬੂਤ ਹੋਈ ਹੈ। ਗੌਰਤਲਬ ਹੈ ਕਿ ਕਮਲਾ ਹੈਰਿਸ ਨੂੰ ਡੈਮੋਕ੍ਰੇਟਸ ਵੱਲੋਂ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਇਆ ਗਿਆ ਹੈ। ਅਜਿਹੇ ਵਿਚ ਭਾਰਤੀ ਮੂਲ ਦੇ ਵੋਟਰਾਂ ਨੂੰ ਲਗਾਤਾਰ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਦੀ ਚੋਣ ਮੁਹਿੰਮ ਵਿਚ ਵੀ ਕਈ ਵਾਰ ਪੀ.ਐੱਮ ਮੋਦੀ ਨੂੰ ਦਿਖਾਇਆ ਗਿਆ ਹੈ, ਜਿਸ ਨੂੰ ਭਾਰਤੀ ਵੋਟਰਾਂ ਨੂੰ ਲੁਭਾਉਣ ਦਾ ਤਰੀਕਾ ਮੰਨਿਆ ਜਾ ਰਿਹਾ ਹੈ।


Vandana

Content Editor

Related News