ਅਮਰੀਕੀ ਸਿਹਤ ਅਧਿਕਾਰੀਆਂ ਦੀ ਚਿਤਾਵਨੀ- 'ਅਜੇ ਹੋਰ ਵਧਣਗੇ ਕੋਰੋਨਾ ਦੇ ਮਾਮਲੇ, ਰਹੋ ਸਾਵਧਾਨ'
Saturday, Jun 13, 2020 - 09:01 AM (IST)
ਵਾਸ਼ਿੰਗਟਨ- ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਉੱਚ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾ ਦੀ ਮਾਰ ਇਕ ਵਾਰ ਫਿਰ ਤੋਂ ਬਹੁਤ ਬੁਰੀ ਤਰ੍ਹਾਂ ਪੈ ਸਕਦੀ ਹੈ, ਇਸ ਲਈ ਸਾਵਧਾਨ ਰਹਿਣ ਦੀ ਜ਼ਰੂਰਤ ਹੈ।
ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਫਿਰ ਤੋਂ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ। ਅਮਰੀਕਾ ਦੇ ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਅਟਲਾਂਟਾ ਵਿਚ ਰਿਪੋਰਟਰਾਂ ਨਾਲ ਗੱਲਬਾਤ ਦੌਰਾਨ ਇਹ ਜਾਣਕਾਰੀ ਦਿੱਤੀ। ਰੋਗ ਰੋਕਥਾਮ ਕੇਂਦਰ ਦੇ ਉਪ ਨਿਰਦੇਸ਼ਕ ਜੇ ਬਟਲਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਕੋਰੋਨਾ ਮਾਮਲਿਆਂ ਵਿਚ ਬੇਹੱਦ ਵਾਧਾ ਹੋਇਆ ਤਾਂ ਉਸ ਨੂੰ ਰੋਕਣ ਲਈ ਮਾਰਚ ਮਹੀਨੇ ਵਿਚ ਅਪਣਾਏ ਗਏ ਤਰੀਕਿਆਂ ਨੂੰ ਮੁੜ ਵਰਤਣ ਦਾ ਵਿਚਾਰ ਕੀਤਾ ਜਾ ਸਕਦਾ ਹੈ।
ਸੀ. ਡੀ. ਸੀ. ਦੇ ਨਿਰਦੇਸ਼ਕ ਡਾ. ਰਾਬਰਟ ਰੈੱਡਫੀਲਡ ਤੇ ਬਟਲਰ ਨੇ ਕਿਹਾ ਕਿ ਇਹ ਬਹੁਤ ਜ਼ਰੂਰੀ ਹੈ ਕਿ ਲੋਕ ਘੱਟ ਤੋਂ ਘੱਟ 6 ਫੁੱਟ ਦੀ ਸਮਾਜਕ ਦੂਰੀ ਬਣਾ ਕੇ ਖੜ੍ਹੇ ਹੋਣ ਅਤੇ ਜਨਤਕ ਸਥਾਨਾਂ 'ਤੇ ਹਰ ਸਮਾਂ ਮਾਸਕ ਪਾਉਣ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਹਫਤਿਆਂ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਵਾਧਾ ਹੋ ਸਕਦਾ ਹੈ। ਅਜਿਹੇ ਵਿਚ ਇਸ ਲਈ ਹੁਣ ਤੋਂ ਹੀ ਤਿਆਰੀਆਂ ਕਰਨੀਆਂ ਪੈਣਗੀਆਂ।
ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ ਵਿਚ ਪੱਤਝੜ ਦੇ ਨਾਲ ਹੀ ਇਨਫਲਿਇੰਜਾ (ਫਲੂ) ਅਤੇ ਕੋਰੋਨਾ ਵਾਇਰਸ ਇਕੱਠੇ ਫੈਲ ਸਕਦੇ ਹਨ। ਇਸ ਲਈ ਬਹੁਤ ਜ਼ਿਆਦਾ ਸਾਵਧਾਨ ਰਹਿਣ ਦੀ ਜ਼ਰੂਰਤ ਹੈ।