ਅਮਰੀਕਾ ''ਚ ਮਹਾਮਾਰੀ ਦੌਰਾਨ ਨਸ਼ਿਆਂ ਦੀ ਓਵਰਡੋਜ਼ ਨਾਲ ਹੋਈਆਂ 90,000 ਤੋਂ ਵੱਧ ਮੌਤਾਂ

Friday, Jul 16, 2021 - 10:35 AM (IST)

ਅਮਰੀਕਾ ''ਚ ਮਹਾਮਾਰੀ ਦੌਰਾਨ ਨਸ਼ਿਆਂ ਦੀ ਓਵਰਡੋਜ਼ ਨਾਲ ਹੋਈਆਂ 90,000 ਤੋਂ ਵੱਧ ਮੌਤਾਂ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) - ਪਿਛਲੇ ਸਾਲ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਅਮਰੀਕਾ ਵਿਚ ਲੱਖਾਂ ਮੌਤਾਂ ਤਾਂ ਹੋਈਆਂ ਹੀ ਹਨ, ਉਸ ਦੇ ਨਾਲ ਹੀ ਨਸ਼ਿਆਂ ਦੀ ਓਵਰਡੋਜ਼ ਕਾਰਨ ਵੀ 90,000 ਤੋਂ ਵੱਧ ਮੌਤਾਂ ਹੋਈਆਂ ਹਨ। ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ.) ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਸਾਲ 2020 ਵਿਚ ਨਸ਼ਿਆਂ ਦੀ ਓਵਰਡੋਜ਼ ਨਾਲ ਹੋਈਆਂ ਮੌਤਾਂ ਵਿਚ ਤਕਰੀਬਨ 30 ਫ਼ੀਸਦੀ ਵਾਧਾ ਹੋਇਆ ਹੈ, ਜਿਸ ਨਾਲ ਇਹਨਾਂ ਦੀ ਗਿਣਤੀ 93,000 ਤੱਕ ਦਰਜ ਕੀਤੀ ਗਈ ਹੈ। ਅੰਕੜਿਆਂ ਅਨੁਸਾਰ ਮੌਤਾਂ ਹਰ ਦੇਸ਼ ਦੇ ਹਰ ਸੂਬੇ ਵਿਚ ਵਧੀਆਂ ਹਨ ਪਰ ਸਾਊਥ ਡਕੋਟਾ ਅਤੇ ਨਿਊ ਹੈਂਪਸ਼ਾਇਰ ਵਿਚ ਜ਼ਿਆਦਾ ਹਨ।

ਇਹ ਵੀ ਪੜ੍ਹੋ: ਭਾਰਤੀ ਮਲਾਹ ਦਾ UAE ’ਚ ਲੱਗਾ ਵੱਡਾ ਜੈਕਪਾਟ, ਜਿੱਤਿਆ 7.45 ਕਰੋੜ ਰੁਪਏ ਦਾ ਲੱਕੀ ਡਰਾਅ

ਪਿਛਲੇ ਸਾਲ ਦੌਰਾਨ ਨਸ਼ੀਲੇ ਪਦਾਰਥਾਂ ਜਿਵੇਂ ਕਿ ਮੈਥਾਫੈਂਟਾਮਾਈਨ ਅਤੇ ਫੈਂਟਾਨੈਲਜ਼ ਆਦਿ ਵਰਗੇ ਸਿੰਥੈਟਿਕ ਪਦਾਰਥਾਂ ਦੀ ਓਵਰਡੋਜ਼ ਨਾਲ ਮੌਤਾਂ ਹੋਈਆਂ ਹਨ। ਅਮਰੀਕਾ ਵਿਚ ਹਾਲ ਹੀ ਦੇ ਸਾਲਾਂ ਵਿਚ ਨਸ਼ੇ ਦੀ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਨੇ ਕਾਰ ਕਰੈਸ਼ਾਂ, ਗੋਲੀਬਾਰੀ ਜਾਂ ਏਡਜ਼ ਆਦਿ ਨਾਲ ਹੁੰਦੀਆਂ ਮੌਤਾਂ ਦੀ ਸਲਾਨਾ ਗਿਣਤੀ ਨੂੰ ਪਛਾੜ ਦਿੱਤਾ ਹੈ। ਅੰਕੜਿਆਂ ਅਨੁਸਾਰ ਕੋਵਿਡ-19 ਕਾਰਨ ਹੁੰਦੀਆਂ ਮੌਤਾਂ ਦੀ ਗਿਣਤੀ ਪਿਛਲੇ ਸਾਲ 375,000 ਨੂੰ ਪਾਰ ਕਰ ਗਈ ਸੀ, ਜੋ ਕਿ ਅਮਰੀਕੀ ਵਿਚ ਮੌਤਾਂ ਦੀ ਸਭ ਤੋਂ ਵੱਡੀ ਘਟਨਾ ਹੈ, ਪਰ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਹੋਈਆਂ ਮੌਤਾਂ ਅਸਾਧਾਰਣ ਹਨ। ਸਿਹਤ ਮਾਹਰਾਂ ਅਨੁਸਾਰ ਕੋਰੋਨਾ ਮਹਾਮਾਰੀ ਨੇ ਬਿਨਾਂ ਸ਼ੱਕ ਨਸ਼ਿਆਂ ਦੀ ਓਵਰਡੋਜ਼ ਨਾਲ ਹੁੰਦੀਆਂ ਮੌਤਾਂ ਦੇ ਵਾਧੇ ਵਿਚ ਯੋਗਦਾਨ ਪਾਇਆ ਹੈ। ਕੋਵਿਡ ਮਹਾਮਾਰੀ ਦੇ ਤਣਾਅ ਨੇ ਕਾਲੇ, ਲਾਤੀਨੋ ਅਤੇ ਮੂਲ ਅਮਰੀਕੀ ਲੋਕਾਂ ਨੂੰ ਵੀ ਅਸਿੱਧੇ ਢੰਗ ਨਾਲ ਪ੍ਰਭਾਵਤ ਕੀਤਾ ਹੈ ਅਤੇ ਨਸ਼ਿਆਂ ਦੀ ਵਰਤੋਂ ਦੀ ਸੰਭਾਵਨਾ ਵਿਚ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ: ਜਰਮਨੀ ’ਚ ਹੜ੍ਹ ਨਾਲ 40 ਲੋਕਾਂ ਦੀ ਮੌਤ, ਕਈ ਲਾਪਤਾ, ਤਸਵੀਰਾਂ ’ਚ ਵੇਖੋ ਤਬਾਹੀ ਦਾ ਮੰਜ਼ਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News