''ਮੇਰੀ ਧੀ ਕੋਲ ਵਰਕ ਪਰਮਿਟ ਹੈ..!'', ICE ਅਧਿਕਾਰੀਆਂ ਦੇ ਪੈਰ ਫੜ ਰੋਂਦੀ ਰਹੀ ਮਾਂ, US ਏਅਰਪੋਰਟ 'ਤੇ ਪਿਆ ਰੌਲ਼ਾ
Monday, Nov 23, 2026 - 10:27 AM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਸੀਐਟਲ-ਟੈਕੋਮਾ ਇੰਟਰਨੈਸ਼ਨਲ ਏਅਰਪੋਰਟ 'ਤੇ ਸ਼ਨੀਵਾਰ ਨੂੰ ਉਸ ਸਮੇਂ ਹਫ਼ੜਾ-ਦਫ਼ੜੀ ਅਤੇ ਸਹਿਮ ਦਾ ਮਾਹੌਲ ਬਣ ਗਿਆ, ਜਦੋਂ ਮਾਸਕ ਪਹਿਨੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਭੀੜ-ਭੜੱਕੇ ਵਾਲੇ ਜੈੱਟ ਬ੍ਰਿਜ 'ਤੇ ਜਹਾਜ਼ 'ਚ ਚੜ੍ਹ ਰਹੇ 2 ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਕਾਰਵਾਈ ਕਾਰਨ ਲਾਸ ਏਂਜਲਸ ਜਾਣ ਵਾਲੀ ਅਲਾਸਕਾ ਏਅਰਲਾਈਨਜ਼ ਦੀ ਫਲਾਈਟ ਨੇ ਦੇਰੀ ਨਾਲ ਉਡਾਣ ਭਰੀ ਤੇ ਏਅਰਲਾਈਨ ਨੇ ਇਸ ਘਟਨਾ ਨੂੰ ਯਾਤਰੀਆਂ ਤੇ ਮੁਲਾਜ਼ਮਾਂ ਲਈ ਬੇਹੱਦ ਪ੍ਰੇਸ਼ਾਨ ਕਰਨ ਵਾਲਾ ਕਰਾਰ ਦਿੱਤਾ ਹੈ।
ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਬਿਨਾਂ ਕਿਸੇ ID ਵਾਲੀਆਂ ਜੈਕੇਟਾਂ ਅਤੇ ਖਾਕੀ ਪੈਂਟਾਂ ਪਾਈ ICE ਅਧਿਕਾਰੀ ਜ਼ਮੀਨ 'ਤੇ ਡਿੱਗੇ ਇੱਕ ਵਿਅਕਤੀ ਨੂੰ ਘੜੀਸ ਕੇ ਲਿਜਾ ਰਹੇ ਹਨ, ਜਦਕਿ ਨੇੜੇ ਹੀ ਇੱਕ ਔਰਤ ਰੋ ਰਹੀ ਹੈ ਕਿ ਉਸ ਦੀ ਧੀ ਕੋਲ ਵਰਕ ਪਰਮਿਟ ਹੈ। ਔਰਤ ਦਾ ਕਹਿਣਾ ਹੈ ਕਿ ਉਸ ਦੀ ਧੀ ਕੋਲ ਅਮਰੀਕਾ ਦਾ ਵਰਕ ਪਰਮਿਟ ਹੈ, ਪਰ ਇਸ ਦੇ ਬਾਵਜੂਦ ਅਧਿਕਾਰੀ ਉਸ ਨੂੰ ਆਪਣੇ ਨਾਲ ਲਿਜਾ ਰਹੇ ਹਨ। ਉਹ ਅਧਿਕਾਰੀਆਂ ਦੇ ਪੈਰ ਫੜ ਕੇ ਆਪਣੀ ਧੀ ਨੂੰ ਛੱਡਣ ਦੀ ਗੁਹਾਰ ਲਗਾ ਰਹੀ ਹੈ।
🇺🇸 A woman broke down at Seattle's airport after ICE officers detained a man she says is her father. She begged the officers to stop and kept insisting the family has work permits. Should this have played out differently? Writer: Daniyal https://t.co/Y6D5CvUiHl
— Mario Nawfal (@MarioNawfal) November 21, 2026
ਇਹ ਵੀ ਪੜ੍ਹੋ- ਕੀਮਤਾਂ ਘਟਦਿਆਂ ਹੀ ਤੁਹਾਡੇ ਲਈ ਖ਼ੁਦ ਸ਼ਾਪਿੰਗ ਕਰੇਗਾ Amazon ! ਆ ਰਿਹੈ Auto-Buy ਦਾ ਫੀਚਰ
ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ICE) ਨੇ ਬਿਆਨ ਜਾਰੀ ਕਰਕੇ ਕਿਹਾ ਕਿ ਉਨ੍ਹਾਂ ਦੇ ਅਧਿਕਾਰੀ ਮੈਕਸੀਕੋ ਦੇ ਨਾਗਰਿਕ ਰਿਕਾਰਡੋ ਲਾਰੋਂਡੋ ਮੈਂਡੋਜ਼ਾ ਨੂੰ ਗ੍ਰਿਫ਼ਤਾਰ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾ ਰਹੇ ਸਨ, ਜੋ ਵੀਜ਼ਾ ਮਿਆਦ ਖ਼ਤਮ ਹੋਣ ਤੋਂ ਬਾਅਦ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ 'ਚ ਰਹਿ ਰਿਹਾ ਸੀ। ICE ਅਨੁਸਾਰ, ਇਸ ਦੌਰਾਨ ਸੋਫੀਆ ਹਰਨਾਂਡੇਜ਼ ਮੇਜੀਆ ਨਾਂ ਦੀ ਇੱਕ ਹੋਰ ਮਹਿਲਾ ਯਾਤਰੀ ਨੇ ਅਧਿਕਾਰੀਆਂ 'ਤੇ ਗਰਮ ਕੌਫ਼ੀ ਸੁੱਟ ਦਿੱਤੀ; ਜਾਂਚ ਦੌਰਾਨ ਉਹ ਵੀ ਮੈਕਸੀਕੋ ਤੋਂ ਗ਼ੈਰ-ਕਾਨੂੰਨੀ ਪ੍ਰਵਾਸੀ ਪਾਈ ਗਈ ਅਤੇ ਹੁਣ ਉਸ ਖ਼ਿਲਾਫ਼ ਫੈਡਰਲ ਅਧਿਕਾਰੀ 'ਤੇ ਹਮਲਾ ਕਰਨ ਦੇ ਦੋਸ਼ ਲਗਾਏ ਜਾ ਸਕਦੇ ਹਨ।
ਥੈਂਕਸਗਿਵਿੰਗ ਛੁੱਟੀਆਂ ਦੀ ਭੀੜ ਦੌਰਾਨ ਵਾਪਰੀ ਇਸ ਘਟਨਾ ਕਾਰਨ ਸਵੇਰੇ 8:10 ਵਜੇ ਉਡਾਣ ਭਰਨ ਵਾਲੀ ਅਲਾਸਕਾ ਫਲਾਈਟ 1306 ਲੇਟ ਹੋ ਗਈ। ਅਲਾਸਕਾ ਏਅਰਲਾਈਨਜ਼ ਨੇ ਕਿਹਾ ਕਿ ICE ਅਧਿਕਾਰੀਆਂ ਨੇ ਇਸ ਕਾਰਵਾਈ ਦੀ ਕੋਈ ਅਗਾਊਂ ਸੂਚਨਾ ਨਹੀਂ ਦਿੱਤੀ ਸੀ। ਏਅਰਲਾਈਨ ਅਤੇ ਏਅਰਪੋਰਟ ਦਾ ਮੈਨੇਜਮੈਂਟ ਕਰਨ ਵਾਲੇ 'ਪੋਰਟ ਆਫ਼ ਸੀਐਟਲ' ਨੇ ਇਸ ਘਟਨਾ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਹ ਫੈਡਰਲ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਹ ਪਤਾ ਲਗਾਉਣਗੇ ਕਿ ਕੀ ਸਾਰੇ ਨਿਯਮਾ ਦੀ ਪਾਲਣਾ ਕੀਤੀ ਗਈ ਸੀ।
ਉੱਥੇ ਹੀ ਡੈਮੋਕ੍ਰੇਟਿਕ ਗਵਰਨਰ ਬੌਬ ਫਰਗੂਸਨ ਨੇ ਇਸ ਵੀਡੀਓ ਨੂੰ ਭਿਆਨਕ ਅਤੇ ਡਰਾਉਣਾ ਦੱਸਦਿਆਂ ICE ਦੇ ਤਰੀਕਿਆਂ ਨੂੰ ਗ਼ੈਰ-ਅਮਰੀਕੀ ਕਰਾਰ ਦਿੱਤਾ ਅਤੇ ਇਸ ਏਜੰਸੀ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਉਹ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਏਜੰਟ ਜੈੱਟ ਬ੍ਰਿਜ ਤੱਕ ਕਿਵੇਂ ਪਹੁੰਚੇ ਅਤੇ ਉਨ੍ਹਾਂ ਮੂੰਹ ਢਕ ਕੇ ਮਾਰਚ ਮਹੀਨੇ 'ਚ ਲਾਗੂ ਕੀਤੇ ਗਏ ਸੂਬੇ ਦੇ ਉਸ ਕਾਨੂੰਨ ਦੀ ਉਲੰਘਣਾ ਕੀਤੀ ਹੈ, ਜੋ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੇ ਚਿਹਰੇ ਢਕਣ 'ਤੇ ਰੋਕ ਲਗਾਉਂਦਾ ਹੈ। ਦੂਜੇ ਪਾਸੇ, 6 ਲੱਖ ਤੋਂ ਵੱਧ ਕਾਮਿਆਂ ਦੀ ਨੁਮਾਇੰਦਗੀ ਕਰਨ ਵਾਲੀ 'ਵਾਸ਼ਿੰਗਟਨ ਸਟੇਟ ਲੇਬਰ ਕੌਂਸਲ' ਦੀ ਪ੍ਰਧਾਨ ਐਪ੍ਰਿਲ ਸਿਮਜ਼ ਨੇ ਵੀ ਇਸ ਕਾਰਵਾਈ ਦੀ ਨਿਖੇਧੀ ਕਰਦਿਆਂ ਕਿਹਾ ਕਿ ਫੈਡਰਲ ਏਜੰਟਾਂ ਨੇ ਏਅਰਪੋਰਟ 'ਤੇ ਸ਼ਾਂਤੀ ਬਹਾਲ ਕਰਨ ਦੀ ਬਜਾਏ ਡਰ ਅਤੇ ਹਫ਼ੜਾ-ਦਫ਼ੜੀ ਫੈਲਾਈ ਹੈ।
ਇਹ ਵੀ ਪੜ੍ਹੋ- BJP ਦੇ ਰਾਜ ਸਭਾ ਮੈਂਬਰ ਦਾ ਹੋਇਆ ਦਿਹਾਂਤ, 8 ਮਹੀਨੇ ਪਹਿਲਾਂ ਹੀ MP ਬਣੇ ਸੀ ਰਾਮਰਾਓ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
