US : ਸਿੱਖ ਭਾਈਚਾਰੇ ਨੇ ਸ੍ਰੀ ਗੁਰੂ ਨਾਨਕ ਜੀ ਦੀ ਡੌਕੂਮੈਂਟਰੀ ਲਈ ਇਕੱਠੀ ਕੀਤੀ ਰਾਸ਼ੀ
Thursday, Jun 06, 2019 - 10:33 AM (IST)
ਨਿਊਯਾਰਕ (ਰਾਜ ਗੋਗਨਾ)— ਨਿਊਯਾਰਕ ਦੇ ਸ਼ਹਿਰ ਲੌਂਗਾਆਈਲੈਂਡ ਦੇ 100 ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਗੁਰੂ ਨਾਨਕ ਡੌਕੂਮੈਂਟਰੀ ਦੀ ਹਮਾਇਤ ਵਿਚ ਹਿੱਸਾ ਲਿਆ ਅਤੇ ਇਸ ਪ੍ਰੋਜੈਕਟ ਦੀ ਸਹਾਇਤਾ ਲਈ 65,000 ਡਾਲਰ ਇਕੱਠੇ ਕੀਤੇ। ਨੈਸ਼ਨਲ ਸਿੱਖ ਕੈਂਪੇਨ ਗੁਰੂ ਨਾਨਕ ਦੇਵ ਜੀ 'ਤੇ ਇਕ ਘੰਟੇ ਦੀ ਡਾਕੂਮੈਂਟਰੀ ਫ਼ਿਲਮ ਬਣਾਉਣ ਲਈ ਇਕ ਫਿਲਮ ਕੰਪਨੀ ਔਊਤੂਰ ਪ੍ਰੋਡਕਸ਼ਨਜ਼ ਨਾਲ ਕੰਮ ਕਰ ਰਹੀ ਹੈ ਅਤੇ ਇਹ ਸਾਰੇ ਅਮਰੀਕਾ ਵਿਚ ਪੀ.ਬੀ.ਐਸ. 200 ਟੀ.ਵੀ ਸ਼ਟੇਸ਼ਨਾਂ ਤੇ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਨਮ ਵਰ੍ਹੇਗੰਢ ਨੂੰ ਮਨਾਉਂਦਿਆਂ ਦਿਖਾਈ ਜਾਵੇਗੀ। ਲੌਂਗਾਆਈਲੈਂਡ ਦੇ ਤਿੰਨੇ ਗੁਰਦੁਆਰਿਆਂ ਦੇ ਮੈਂਬਰਾਂ ਨੇ ਆਪਣਾ ਸਮਰਥਨ ਪ੍ਰਗਟਾਇਆ। ਪਰਮਜੀਤ ਸਿੰਘ ਬੇਦੀ, ਮੋਹਿੰਦਰ ਸਿੰਘ ਤਨੇਜਾ ਅਤੇ ਡਾ. ਅਵਤਾਰ ਸਿੰਘ ਟੀਨਾਂ ਕਮਿਊਨਿਟੀ ਦੇ ਪ੍ਰਮੁੱਖ ਮੈਂਬਰਾਂ ਨੇ ਇਸ ਮੌਕੇ ਹਾਜ਼ਰ ਲੋਕਾਂ ਦਾ ਭਰਵਾਂ ਸਵਾਗਤ ਕੀਤਾ। ਇਸ ਮੋਕੇ ਡਾ. ਰਾਜਵੰਤ ਸਿੰਘ ਨੇ ਕਿਹਾ,“ਗੁਰੂ ਨਾਨਕ ਦੇਵ ਜੀ ਬਾਰੇ ਬਹੁਤ ਜ਼ਿਆਦਾ ਅਗਿਆਨਤਾ ਹੈ ਅਤੇ ਹਰ ਸਿੱਖ ਗੁਰੂ ਨਾਨਕ ਸਾਹਿਬ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਦਾ ਹਮਾਇਤੀ ਹੈ।''
ਉਨ੍ਹਾਂ ਨੇ ਕਿਹਾ,“ਜ਼ਿਆਦਾਤਰ ਅਮਰੀਕੀਆਂ ਨੇ ਕਦੇ ਵੀ ਗੁਰੂ ਨਾਨਕ ਦੇਵ ਜੀ ਦਾ ਨਾਮ ਨਹੀਂ ਸੁਣਿਆ ਹੈ। ਗੁਰੂ ਨਾਨਕ ਦੇਵ ਜੀ ਦਾ 550ਵਾਂ ਸਾਲ ਵਿਸ਼ਵ ਭਰ ਵਿਚ ਉਹਨਾਂ ਦਾ ਸੁਨੇਹਾ ਫੈਲਾਉਣ ਦਾ ਸਮਾਂ ਹੈ।'' ਗੁਰੂ ਨਾਨਕ ਦਰਬਾਰ ਗੁਰਦੁਆਰਾ ਹਿੱਕਸਵਿੱਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਬੇਦੀ ਅਤੇ ਮੁੱਖ ਆਯੋਜਕਾਂ ਵਿਚੋਂ ਇਕ ਨੇ ਕਿਹਾ,“ਅਮਰੀਕਾ ਭਰ ਵਿਚ ਸਿੱਖ ਸਾਰੇ ਇਸ ਪ੍ਰਾਜੈਕਟ ਦਾ ਸਮਰਥਨ ਕਰਦੇ ਹਨ। ਅਸੀਂ ਮਹਿਸੂਸ ਕਰਦੇ ਹਾਂ ਕਿ ਦੁਨੀਆ ਨੂੰ ਗੁਰੂ ਨਾਨਕ ਦੀ ਸਿੱਖਿਆ ਤੋਂ ਫਾਇਦਾ ਹੋਵੇਗਾ ਅਤੇ ਇੱਕ ਡਾਕੂਮੈਂਟਰੀ ਹੋਣ ਨਾਲ ਉਹਨਾਂ ਦੇ ਅਮੋਲਕ ਸੰਦੇਸ਼ ਬਾਰੇ ਸਮਝ ਪੈਦਾ ਹੋ ਸਕਦੀ ਹੈ।'' ਅਸੀਂ ਅੱਜ ਦੇ ਪ੍ਰੋਗਰਾਮ ਦੀ ਸਫਲਤਾ ਬਾਰੇ ਬਹੁਤ ਧੰਨਵਾਦੀ ਹਾਂ। ਇਹ ਸ਼ਾਇਦ ਇਸ ਕਿਸਮ ਦਾ ਪਹਿਲਾ ਫੰਡਰੇਜ਼ਰ ਹੈ ਜਿਸ ਰਾਹੀਂ ਇਸ ਇਲਾਕੇ ਦੇ ਸਿੱਖਾਂ ਨੇ ਇਕੱਠ ਦਾ ਪ੍ਰਗਟਾਵਾ ਕੀਤਾ। ਧਰਮ, ਸਿੱਖਿਆ ਤੇ ਸਿੱਖ ਕੌਂਸਲ ਦੇ ਕੌਮੀ ਡਾਇਰੈਕਟਰ ਮੋਹਿੰਦਰ ਸਿੰਘ ਤਨੇਜਾ ਅਤੇ ਇਕ ਕਮਿਊਨਿਟੀ ਲੀਡਰ ਨੇ ਕਿਹਾ,''ਗੁਰੂ ਨਾਨਕ ਦੇਵ ਜੀ ਆਪਣੇ ਸਮੇਂ ਤੋਂ ਅੱਗੇ ਸਨ ਅਤੇ ਉਨ੍ਹਾਂ ਦੇ ਸਮਾਨਤਾ ਅਤੇ ਸਹਿਣਸ਼ੀਲਤਾ ਦੇ ਸੰਦੇਸ਼ ਦੀ ਬਹੁਤ ਲੋੜ ਹੈ। ਅਸੀਂ ਕਮਿਊਨਿਟੀ ਦੇ ਸਮਰਥਨ ਲਈ ਬਹੁਤ ਸ਼ੁਕਰਗੁਜ਼ਾਰ ਹਾਂ।''
ਪ੍ਰਬੰਧਕੀ ਟੀਮ ਦੇ ਮੈਂਬਰ ਡਾ. ਅਵਤਾਰ ਸਿੰਘ ਟੀਨਾਂ ਅਤੇ ਇਕ ਪ੍ਰਮੁੱਖ ਮੈਂਬਰ ਨੇ ਕਿਹਾ,“ਗੁਰੂ ਨਾਨਕ ਜੀ ਇਕ ਕ੍ਰਾਂਤੀਕਾਰੀ ਸਨ ਅਤੇ 500 ਸਾਲ ਪਹਿਲਾਂ, ਉਨ੍ਹਾਂ ਨੇ ਲਿੰਗ ਬਰਾਬਰੀ ਦੇ ਅਧਾਰ ਤੇ ਇਕ ਸਮਾਜ ਸਥਾਪਿਤ ਕਰਨ ਦਾ ਰਸਤਾ ਤਿਆਰ ਕੀਤਾ ਅਤੇ ਇਸ ਬਾਰੇ ਸੰਸਾਰ ਵਿੱਚ ਬਹੁਤ ਸਾਰੇ ਲੋਕ ਪੂਰੀ ਤਰ੍ਹਾਂ ਅਣਜਾਣ ਹਨ। ਇਹ ਦਸਤਾਵੇਜ਼ੀ ਫ਼ਿਲਮ ਸਾਨੂੰ ਸੰਸਾਰ ਨੂੰ ਸਿੱਖਿਆ ਦੇਣ ਵਿੱਚ ਮਦਦ ਕਰੇਗੀ।'' ਗਲੇਨਰੋਕ ਗੁਰਦੁਆਰਾ ਸਾਹਿਬ ਤੋਂ ਹਰਚਰਨ ਸਿੰਘ ਸਚਦੇਵਾ ਨੇ ਕਿਹਾ,“ਇਥੋਂ ਦਾ ਸਿੱਖ ਭਾਈਚਾਰਾ ਇਸ ਮਹਾਨ ਕਾਰਨ ਲਈ ਇਕੱਠਾ ਹੋ ਗਿਆ ਹੈ ਅਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਗਰੀਬਾਂ ਦੀ ਸੇਵਾ ਕਰਨ ਵਾਲੇ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਆਉਣ ਵਾਲੇ ਲੋਕਾਂ ਨੂੰ ਪ੍ਰੇਰਿਤ ਕਰੇਗਾ।'' ਪਲੇਨਵਿਯੂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੁਰਿੰਦਰ ਸਿੰਘ ਚਾਵਲਾ ਨੇ ਕਿਹਾ,“ਇਹ ਦਸਤਾਵੇਜ਼ੀ ਫ਼ਿਲਮ ਸਾਡੀ ਨੌਜਵਾਨ ਪੀੜ੍ਹੀ ਦੀ ਮਦਦ ਕਰੇਗੀ ਅਤੇ ਉਨ੍ਹਾਂ ਨੂੰ ਇਕ ਸ਼ਕਤੀਸ਼ਾਲੀ ਸਿੱਖਿਆ ਦੇਣ ਵਾਲਾ ਸਾਧਨ ਹੋਵੇਗੀ। ਸਕੂਲੀ ਪ੍ਰਣਾਲੀ ਵਿਚ ਜ਼ਿਆਦਾਤਰ ਅਧਿਆਪਕ ਗੁਰੂ ਨਾਨਕ ਬਾਰੇ ਅਣਜਾਣ ਹਨ ਅਤੇ ਜਾਗਰੂਕਤਾ ਫੈਲਾਉਣ ਦਾ ਸਾਡਾ ਨੈਤਿਕ ਫ਼ਰਜ਼ ਹੈ।
ਇਸ ਮੌਕੇ 'ਤੇ ਬੁਲਾਰਿਆਂ ਵਿਚ ਡਾ. ਹਰਸਿਮਰਨ ਸਿੰਘ ਸੱਭਰਵਾਲ, ਡਾ. ਸਤਨਾਮ ਕੌਰ, ਪ੍ਰਿਤਪਾਲ ਸਿੰਘ, ਗੁਰਿੰਦਰਪਾਲ ਸਿੰਘ ਜੋਸਨ, ਮੋਹਿੰਦਰਪਾਲ ਸਿੰਘ, ਅਤੇ ਵਰਿੰਦਰਪਾਲ ਸਿੰਘ ਸਿੱਕਾ ਵੀ ਸਨ। ਇਸ ਤੋਂ ਇਲਾਵਾ ਕੈਲਗਰੀ ਤੋਂ ਹਾਸੇ ਦੇ ਰਾਜੇ ਤਰਲੋਕ ਸਿੰਘ ਚੁੱਘ ਖਾਸ ਤੌਰ ਤੇ ਖੁਸ਼ੀ ਪੈਦਾ ਕਰਨ ਆਏ ਸਨ। ਐਨ.ਐਸ.ਸੀ. ਨੇ ਮਹਾਨ ਗੁਰੂ ਨਾਨਕ ਜੀ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇਕ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਪੀ.ਬੀ.ਬੀ.ਐਸ ਦੀ ਡੌਕੂਮੈਂਟਰੀ ਤੋਂ ਇਲਾਵਾ ਨੌਜਵਾਨਾਂ ਤੱਕ ਪਹੁੰਚਣ ਲਈ ਇਕ ਸੋਸ਼ਲ ਮੀਡੀਆ ਮੁਹਿੰਮ ਸ਼ੁਰੂ ਕਰਨ ਲਈ ਇਹ ਇਕ ਪ੍ਰਤਿਸ਼ਠਾਵਾਨ ਮਾਰਕੀਟਿੰਗ ਕੰਪਨੀ ਵੀ ਸ਼ਾਮਲ ਹੈ।