ਅਮਰੀਕਾ ਨੇ ਚੀਨ ਨੂੰ ਮੁਦਰਾ ਨਾਲ ਛੇੜਛਾੜ ਕਰਨ ਵਾਲਾ ਦੇਸ਼ ਐਲਾਨਿਆ

Tuesday, Aug 06, 2019 - 03:18 PM (IST)

ਅਮਰੀਕਾ ਨੇ ਚੀਨ ਨੂੰ ਮੁਦਰਾ ਨਾਲ ਛੇੜਛਾੜ ਕਰਨ ਵਾਲਾ ਦੇਸ਼ ਐਲਾਨਿਆ

ਵਾਸ਼ਿੰਗਟਨ (ਬਿਊਰੋ)— ਅਮਰੀਕਾ ਨੇ ਚੀਨ ਨੂੰ ਅਧਿਕਾਰਕ ਤੌਰ 'ਤੇ ਮੁਦਰਾ ਨਾਲ ਛੇੜਛਾੜ ਕਰਨ ਵਾਲਾ ਦੇਸ਼ (currency manipulator) ਐਲਾਨਿਆ ਹੈ। ਅਮਰੀਕਾ ਨੇ ਚੀਨ 'ਤੇ ਵਪਾਰ ਵਿਚ ਅਣਉਚਿਤ ਮੁਕਾਬਲਾ ਫਾਇਦਾ ਲੈਣ ਲਈ ਯੁਆਨ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਹੈ। ਇਸ ਕਦਮ ਨਾਲ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਿਚ ਵਪਾਰ ਮੋਰਚੇ 'ਤੇ ਚੱਲ ਰਹੇ ਟਕਰਾਅ ਦੇ ਵਧਣ ਦਾ ਖਦਸ਼ਾ ਹੈ। ਅਮਰੀਕਾ ਨੇ ਚੀਨ ਵੱਲੋਂ ਆਪਣੀ ਮੁਦਰਾ ਯੁਆਨ ਨੂੰ ਡਾਲਰ ਦੇ ਮੁਕਾਬਲੇ ਸੱਤ ਦੇ ਪੱਧਰ ਤੋਂ ਹੇਠਾਂ ਰੱਖਣ ਦੀ ਇਜਾਜ਼ਤ ਦੇਣ ਦੇ ਬਾਅਦ ਇਹ ਕਦਮ ਚੁੱਕਿਆ। 

ਅਮਰੀਕੀ ਵਿੱਤ ਵਿਭਾਗ ਨੇ ਸੋਮਵਾਰ ਰਾਤ ਐਲਾਨ ਵਿਚ ਕਿਹਾ,''ਵਿੱਤ ਮੰਤਰੀ ਸਟੀਵਨ ਨਿਊਚਿਨ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿਰਦੇਸ਼ 'ਤੇ ਚੀਨ ਨੂੰ ਮੁਦਰਾ ਨਾਲ ਛੇੜਛਾੜ ਕਰਨ ਵਾਲਾ ਦੇਸ਼ ਨਿਰਧਾਰਤ ਕੀਤਾ।'' ਮੰਤਰਾਲੇ ਨੇ ਬਿਆਨ ਵਿਚ ਕਿਹਾ ਕਿ ਇਸ ਫੈਸਲੇ ਦੇ ਬਾਅਦ ਨਿਊਚਿਨ ਅੰਤਰਰਾਸ਼ਟਰੀ ਮੁਦਰਾ ਫੰਡ ਨਾਲ ਸੰਪਰਕ ਕਰਨਗੇ ਤਾਂ ਜੋ ਚੀਨ ਵੱਲੋਂ ਅਣਉਚਿਤ ਮੁਕਾਬਲਾ ਰੋਕਿਆ ਜਾ ਸਕੇ। 

ਇਸ ਤੋਂ ਪਹਿਲਾਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਵਿਚ ਕਿਹਾ ਸੀ,''ਚੀਨ ਅਣਉਚਿਤ ਵਪਾਰਕ ਗਤੀਵਿਧੀਆਂ ਅਤੇ ਮੁਦਰਾ ਦੀ ਐਕਸਚੇਂਜ ਦਰ ਵਿਚ ਛੇੜਛਾੜ ਕਰ ਕੇ ਅਰਬਾਂ ਡਾਲਰ ਅਮਰੀਕਾ ਤੋਂ ਲੈਂਦਾ ਰਿਹਾ। ਉਸ ਦਾ ਇਰਾਦਾ ਅੱਗੇ ਵੀ ਇਸ ਨੂੰ ਜਾਰੀ ਰੱਖਣ ਦਾ ਹੈ। ਇਹ ਇਕਪਾਸੜ ਹੈ। ਇਸ ਨੂੰ ਕਈ ਸਾਲ ਪਹਿਲਾਂ ਬੰਦ ਹੋ ਜਾਣਾ ਚਾਹੀਦਾ ਸੀ।''

ਵਿੱਤ ਵਿਭਾਗ ਨੇ ਪੀਪਲਜ਼ ਬੈਂਕ ਆਫ ਚਾਈਨਾ (ਪੀ.ਪੀ.ਓ.ਸੀ.) ਦੇ ਬਿਆਨ ਦਾ ਹਵਾਲਾ ਦਿੰਦਿਆਂ ਦੋਸ਼ ਲਗਾਇਆ ਕਿ ਪੀ.ਬੀ.ਓ.ਸੀ. ਨੇ ਸਵੀਕਾਰ ਕੀਤਾ ਹੈ ਕਿ ਉਸ ਨੂੰ ਆਪਣੀ ਮੁਦਰਾ ਵਿਚ ਹੇਰਾਫੇਰੀ ਕਰਨ ਦਾ ਵਿਆਪਕ ਅਨੁਭਵ ਹੈ ਅਤੇ ਉਹ ਅਜਿਹਾ ਕਰਨ ਲਈ ਤਿਆਰ ਰਹਿੰਦੇ ਹਨ। ਟਰੰਪ ਨੇ 2016 ਵਿਚ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਚੀਨ ਨੂੰ ਮੁਦਰਾ ਨਾਲ ਛੇੜਛਾੜ ਕਰਨ ਵਾਲਾ ਦੇਸ਼ ਠਹਿਰਾਉਣ ਦਾ ਵਾਅਦਾ ਕੀਤਾ ਸੀ ਪਰ ਵਿੱਤ ਮੰਤਰਾਲੇ ਨੇ ਇਹ ਕਦਮ ਚੁੱਕਣ ਤੋਂ ਇਨਕਾਰ ਕਰਦਿਆਂ ਚੀਨ ਨੂੰ ਨਿਗਰਾਨੀ ਸੂਚੀ ਵਿਚ ਪਾਇਆ ਹੋਇਆ ਸੀ।


author

Vandana

Content Editor

Related News