ਕੀਵ ’ਚ ਦਾਖ਼ਲ ਹੋਈ ਰੂਸੀ ਫ਼ੌਜ, ਰਾਸ਼ਟਰਪਤੀ ਜੇਲੇਂਸਕੀ ਹੋਏ ਅੰਡਰਗਰਾਊਂਡ
Saturday, Feb 26, 2022 - 09:48 AM (IST)
 
            
            ਕੀਵ- ਯੂਕ੍ਰੇਨ ਰੂਸ ਨਾਲ ਗੱਲਬਾਤ ਲਈ ਤਿਆਰ ਹੋ ਗਿਆ ਹੈ ਪਰ ਰਾਸ਼ਟਰਪਤੀ ਜੇਲੇਂਸਕੀ ਨੂੰ ਇਕ ਬੰਕਰ ਵਿਚ ਲਿਜਾਇਆ ਗਿਆ ਹੈ। ਰੂਸ ਦੀ ਫੌਜ ਦੇ ਰਾਜਧਾਨੀ ਕੀਵ ਦੇ ਨੇੜੇ ਪਹੁੰਚਦਿਆਂ ਹੀ ਯੂਕ੍ਰੇਨ ਦੀ ਸੁਰੱਖਿਆ ਕੌਂਸਲ ਨੇ ਉਕਤ ਫੈਸਲਾ ਕੀਤਾ। ਸਮਝਿਆ ਜਾਂਦਾ ਹੈ ਕਿ ਜੇਲੇਂਸਕੀ ਨੂੰ ਡਰ ਹੈ ਕਿ ਰੂਸੀ ਫੌਜ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ, ਇਸ ਲਈ ਉਹ ਅੰਡਰਗਰਾਊਂਡ ਹੋ ਗਏ ਹਨ। ਰਾਸ਼ਟਰਪਤੀ ਨੇ ਕਿਹਾ ਕਿ ਯੂਰਪ ਕੋਲ ਇਸ ਹਮਲੇ ਨੂੰ ਰੋਕਣ ਲਈ ਢੁੱਕਵੀਂ ਤਾਕਤ ਹੈ।
ਇਹ ਵੀ ਪੜ੍ਹੋ: ਕੀ ਹੈ ਰੂਸ-ਯੂਕ੍ਰੇਨ ਵਿਵਾਦ ਦੀ ਜੜ੍ਹ, ਜਾਣੋ ਪੂਰਾ ਮਾਮਲਾ
ਓਧਰ ਰੂਸ ਮੁਤਾਬਕ ਉਸ ਨੇ ਕੀਵ ਦੇ ਫੌਜੀ ਏਅਰਬੇਸ ਅਤੇ ਚੇਰਨੋਬਿਲ ਨਿਊਕਲੀਅਰ ਪਲਾਂਟ ਨੂੰ ਵੀ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਰਾਜਧਾਨੀ ਵਿਚ ਸਰਕਾਰੀ ਕੁਆਰਟਰਾਂ ਨੇੜੇ ਗੋਲੀਬਾਰੀ ਅਤੇ ਧਮਾਕਿਆਂ ਦੀਆਂ ਆਵਾਜ਼ਾਂ ਸ਼ੁੱਕਰਵਾਰ ਰਾਤ ਤੱਕ ਆ ਰਹੀਆਂ ਸਨ।
ਇਹ ਵੀ ਪੜ੍ਹੋ: 150 ਤੋਂ ਵੱਧ ਯੂਕ੍ਰੇਨੀ ਫ਼ੌਜੀਆਂ ਨੇ ਕੀਤਾ ਆਤਮ ਸਮਰਪਣ
ਰੂਸ ਦੀ ਇਸ ਕਾਰਵਾਈ ਕਾਰਨ ਯੂਰਪ ਵਿਚ ਵੱਡੀ ਪੱਧਰ ’ਤੇ ਜੰਗ ਛਿੜਨ ਦੇ ਖਦਸ਼ੇ ਪੈਦਾ ਹੋ ਗਏ ਹਨ। ਨਾਲ ਹੀ ਜੰਗ ਨੂੰ ਰੋਕਣ ਲਈ ਸਮੁੱਚੀ ਦੁਨੀਆ ਵਿਚ ਯਤਨ ਵੀ ਸ਼ੁਰੂ ਹੋ ਗਏ ਹਨ। ਕੀਵ ਦੇ ਪੂਰਬੀ ਅਤੇ ਪੱਛਮੀ ਕੰਢਿਆਂ ਨੂੰ ਵੰਡਦੇ ਹੋਏ ਨੀਪਰ ਦਰਿਆ ਦੇ ਪਾਰ ਇਕ ਪੁੱਲ ਨੂੰ ਭਿਆਨਕ ਅੱਗ ਲੱਗ ਗਈ। ਉਥੇ 200 ਦੇ ਲਗਭਗ ਯੂਕ੍ਰੇਨੀ ਫੌਜੀ ਮੌਜੂਦ ਸਨ। ਉਨ੍ਹਾਂ ਆਪਣੀਆਂ ਬਖਤਰਬੰਦ ਮੋਟਰਗੱਡੀਆਂ ਦੇ ਪਿੱਛੇ ਅਤੇ ਬਾਅਦ ਵਿਚ ਪੁਲ ਹੇਠਾਂ ਸ਼ਰਨ ਲਈ। ਯੂਕ੍ਰੇਨ ਦੇ ਅਧਿਕਾਰੀਆਂ ਮੁਤਾਬਕ ਯੂਕ੍ਰੇਨ ਵਿਚ ਹੁਣ ਤੱਕ 137 ਵਿਅਕਤੀ ਮਾਰੇ ਜਾ ਚੁੱਕੇ ਹਨ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            