ਅਰਬ ਸਾਗਰ 'ਚ UK ਦੀ ਗੁਪਤ ਪਲਾਨਿੰਗ: ਪ੍ਰਮਾਣੂ ਪਣਡੁੱਬੀ HMS Anson ਤਾਇਨਾਤ, ਕੀ ਈਰਾਨ 'ਤੇ ਹੋਵੇਗਾ ਹਮਲਾ?
Sunday, Mar 22, 2026 - 07:49 AM (IST)
ਇੰਟਰਨੈਸ਼ਨਲ ਡੈਸਕ : ਮੱਧ-ਪੂਰਬ ਵਿੱਚ ਵਧਦੇ ਤਣਾਅ ਦੇ ਦਰਮਿਆਨ ਬ੍ਰਿਟੇਨ ਦੀ ਰਾਇਲ ਨੇਵੀ ਨੇ ਇੱਕ ਵੱਡਾ ਕਦਮ ਚੁੱਕਿਆ ਹੈ। ਬ੍ਰਿਟੇਨ ਦੀ ਪ੍ਰਮਾਣੂ ਊਰਜਾ ਨਾਲ ਚੱਲਣ ਵਾਲੀ ਅਤਿ-ਆਧੁਨਿਕ ਪਣਡੁੱਬੀ HMS Anson ਅਰਬ ਸਾਗਰ ਵਿੱਚ ਪਹੁੰਚ ਗਈ ਹੈ। ਫੌਜੀ ਸੂਤਰਾਂ ਮੁਤਾਬਕ, ਇਹ ਤਾਇਨਾਤੀ ਖੇਤਰ ਵਿੱਚ ਸੰਭਾਵੀ ਫੌਜੀ ਕਾਰਵਾਈ ਦੀ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਕੀਤੀ ਗਈ ਹੈ।
1000 ਮੀਲ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਨਾਲ ਲੈਸ
HMS Anson ਕੋਈ ਆਮ ਪਣਡੁੱਬੀ ਨਹੀਂ ਹੈ, ਬਲਕਿ ਇਹ ਟੋਮਹਾਕ ਬਲਾਕ IV ਕਰੂਜ਼ ਮਿਜ਼ਾਈਲਾਂ ਨਾਲ ਲੈਸ ਹੈ, ਜਿਨ੍ਹਾਂ ਦੀ ਮਾਰਕ ਸਮਰੱਥਾ ਲਗਭਗ 1000 ਮੀਲ ਤੱਕ ਹੈ। ਇਸ ਤੋਂ ਇਲਾਵਾ ਇਸ ਵਿੱਚ ਸਪੀਅਰਫਿਸ਼ ਟਾਰਪੀਡੋ ਵੀ ਮੌਜੂਦ ਹਨ, ਜੋ ਸਮੁੰਦਰੀ ਜੰਗ ਵਿੱਚ ਬੇਹੱਦ ਘਾਤਕ ਸਿੱਧ ਹੁੰਦੇ ਹਨ। ਇਹ ਪਣਡੁੱਬੀ 6 ਮਾਰਚ ਨੂੰ ਆਸਟ੍ਰੇਲੀਆ ਦੇ ਪਰਥ ਤੋਂ ਰਵਾਨਾ ਹੋਈ ਸੀ ਅਤੇ ਲਗਭਗ 5500 ਮੀਲ ਦਾ ਸਫ਼ਰ ਤੈਅ ਕਰਕੇ ਉੱਤਰੀ ਅਰਬ ਸਾਗਰ ਦੇ ਡੂੰਘੇ ਪਾਣੀਆਂ ਵਿੱਚ ਆਪਣੀ ਸਥਿਤੀ ਲੈ ਚੁੱਕੀ ਹੈ।
ਇਹ ਵੀ ਪੜ੍ਹੋ : ਈਰਾਨ ਨੇ ਦੱਸਿਆ ਕਿਵੇਂ ਰੁਕੇਗੀ ਜੰਗ! PM ਮੋਦੀ ਤੇ ਈਰਾਨੀ ਰਾਸ਼ਟਰਪਤੀ ਵਿਚਾਲੇ ਅਹਿਮ ਗੱਲਬਾਤ
ਬ੍ਰਿਟਿਸ਼ ਪੀਐੱਮ ਵੱਲੋਂ ਹਮਲੇ ਲਈ ਹਰੀ ਝੰਡੀ!
ਡਾਊਨਿੰਗ ਸਟ੍ਰੀਟ ਤੋਂ ਮਿਲੇ ਸੰਕੇਤਾਂ ਅਨੁਸਾਰ, ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਅਮਰੀਕਾ ਨੂੰ ਈਰਾਨੀ ਟਿਕਾਣਿਆਂ 'ਤੇ ਹਮਲੇ ਲਈ ਬ੍ਰਿਟਿਸ਼ ਫੌਜੀ ਅੱਡਿਆਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਪਹਿਲਾਂ ਇਹ ਇਜਾਜ਼ਤ ਸਿਰਫ਼ ਰੱਖਿਆਤਮਕ ਕਾਰਵਾਈਆਂ ਤੱਕ ਸੀ, ਪਰ ਹੁਣ ਇਸ ਨੂੰ “ਸਮੂਹਿਕ ਆਤਮ-ਰੱਖਿਆ” ਤਹਿਤ ਵਧਾ ਦਿੱਤਾ ਗਿਆ ਹੈ। ਲੰਡਨ ਸਥਿਤ ਪਰਮਾਨੈਂਟ ਜੁਆਇੰਟ ਹੈੱਡਕੁਆਰਟਰ (PJHQ) ਦੇ ਲੈਫਟੀਨੈਂਟ ਜਨਰਲ ਨਿਕ ਪੇਰੀ, ਪ੍ਰਧਾਨ ਮੰਤਰੀ ਦੀ ਮਨਜ਼ੂਰੀ ਤੋਂ ਬਾਅਦ ਕਿਸੇ ਵੀ ਸਮੇਂ ਹਮਲੇ ਦਾ ਹੁਕਮ ਦੇ ਸਕਦੇ ਹਨ।
25 ਸਾਲ ਤੱਕ ਬਿਨਾਂ ਈਂਧਨ ਚੱਲਣ ਦੀ ਸਮਰੱਥਾ
ਸਕਾਟਲੈਂਡ ਦੇ ਫਾਸਲੇਨ ਬੇਸ 'ਤੇ ਤਾਇਨਾਤ ਇਹ ਪਣਡੁੱਬੀ ਤਕਨੀਕੀ ਪੱਖੋਂ ਬਹੁਤ ਉੱਨਤ ਹੈ। ਇਹ ਬਿਨਾਂ ਈਂਧਨ ਭਰੇ 25 ਸਾਲ ਤੱਕ ਚੱਲ ਸਕਦੀ ਹੈ ਅਤੇ ਆਪਣੀ ਹਵਾ ਤੇ ਪਾਣੀ ਨੂੰ ਖੁਦ ਸ਼ੁੱਧ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਦੀ ਸਹੀ ਲੋਕੇਸ਼ਨ ਨੂੰ ਬੇਹੱਦ ਗੁਪਤ ਰੱਖਿਆ ਜਾਂਦਾ ਹੈ ਅਤੇ ਇਹ ਹਫ਼ਤਿਆਂ ਤੱਕ ਸਮੁੰਦਰ ਦੇ ਅੰਦਰ ਲੁਕੀ ਰਹਿ ਸਕਦੀ ਹੈ। ਹਾਲਾਂਕਿ, ਬ੍ਰਿਟੇਨ ਦੇ ਰੱਖਿਆ ਮੰਤਰਾਲੇ ਨੇ ਇਸ ਗੁਪਤ ਮਿਸ਼ਨ 'ਤੇ ਅਧਿਕਾਰਤ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਪਰ ਮਾਹਿਰ ਇਸ ਨੂੰ ਖੇਤਰ ਵਿੱਚ ਵਧਦੇ ਤਣਾਅ ਅਤੇ ਈਰਾਨ ਵਿਰੁੱਧ ਵੱਡੀ ਕਾਰਵਾਈ ਦੇ ਸੰਕੇਤ ਵਜੋਂ ਦੇਖ ਰਹੇ ਹਨ।
ਇਹ ਵੀ ਪੜ੍ਹੋ : Canada ਜਾਣ ਵਾਲੇ ਭਾਰਤੀਆਂ ਦੇ ਰੁਝਾਨ 'ਚ ਵੱਡੀ ਗਿਰਾਵਟ; ਇਮੀਗ੍ਰੇਸ਼ਨ 'ਚ 20 ਫੀਸਦੀ ਦੀ ਕਮੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
