ਯੂਕੇ: NHS ਐਪ ਨੇ ਇਕ ਹਫ਼ਤੇ 'ਚ 5 ਲੱਖ ਤੋਂ ਵੱਧ ਲੋਕਾਂ ਨੂੰ ਇਕਾਂਤਵਾਸ ਲਈ ਕੀਤਾ ਸੂਚਿਤ

Friday, Jul 16, 2021 - 03:39 PM (IST)

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਯੂਕੇ ਵਿਚ ਕੋਰੋਨਾ ਮਹਾਮਾਰੀ ਦੌਰਾਨ ਲੋਕਾਂ ਨੂੰ ਵਾਇਰਸ ਪ੍ਰਤੀ ਜਾਣਕਾਰੀ ਅਤੇ ਹੋਰ ਸਹੂਲਤਾਂ ਦੇਣ ਲਈ ਸਰਕਾਰ ਵੱਲੋਂ ਇਕ ਐਪ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਐਪ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੇ ਸੰਪਰਕ 'ਚ ਆਏ ਲੋਕਾਂ ਨੂੰ ਇਕਾਂਤਵਾਸ ਹੋਣ ਲਈ ਵੀ ਸੂਚਿਤ ਕਰਦੀ ਹੈ। ਇਸ ਐਪ ਸਬੰਧੀ ਅੰਕੜਿਆਂ ਅਨੁਸਾਰ ਇੰਗਲੈਂਡ ਵਿਚ ਐੱਨ.ਐੱਚ.ਐੱਸ. ਐਪ ਵੱਲੋਂ ਇਕ ਹਫ਼ਤੇ ਦੇ ਸਮੇਂ ਦੌਰਾਨ ਇਕਾਂਤਵਾਸ ਲਈ 5 ਲੱਖ ਤੋਂ ਵੱਧ ਉਪਭੋਗਤਾਵਾਂ ਨੂੰ ਅਲਰਟ ਭੇਜੇ ਗਏ। ਐਪ ਵੱਲੋਂ ਕੁੱਲ 520,194 ਨੋਟੀਫਿਕੇਸ਼ਨ ਭੇਜੇ ਗਏ ਸਨ, ਜਿਹਨਾਂ ਰਾਹੀਂ ਇਹ ਦੱਸਿਆ ਗਿਆ ਕਿ ਉਹ ਕਿਸੇ ਅਜਿਹੇ ਵਿਅਕਤੀ ਨਾਲ ਸੰਪਰਕ ਵਿਚ ਰਹੇ ਹਨ, ਜਿਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।

ਐਪ ਵੱਲੋਂ ਵੱਡੇ ਪੱਧਰ 'ਤੇ ਭੇਜੇ ਗਏ ਇਕਾਂਤਵਾਸ ਸਬੰਧੀ ਅਲਰਟਾਂ ਕਰਕੇ ਜ਼ਿਆਦਾਤਰ ਕੰਮਕਾਜੀ ਲੋਕ ਘਰਾਂ ਵਿਚ ਰਹਿਣ ਲਈ ਮਜ਼ਬੂਰ ਹੋਏ। ਕਮਿਊਨੀਟੀਜ਼ ਦੇ ਸਕੱਤਰ ਰਾਬਰਟ ਜੇਨਰਿਕ ਅਨੁਸਾਰ ਸਰਕਾਰ ਸੁਨੇਹਾ ਮਿਲਣ ਤੋਂ ਬਾਅਦ ਕੰਮ ਤੋਂ ਛੁੱਟੀ ਲੈਣ ਵਾਲੇ ਲੋਕਾਂ ਦੀ ਗਿਣਤੀ ਬਾਰੇ ਚਿੰਤਤ ਹੈ। ਇਸ ਕਰਕੇ ਕੁੱਝ ਕੰਪਨੀਆਂ ਨੇ ਇਸ ਦੇ ਨਤੀਜੇ ਵਜੋਂ ਆਪਣੇ 20% ਸਟਾਫ਼ ਦੇ ਗੈਰ-ਹਾਜ਼ਰ ਹੋਣ ਦੀ ਰਿਪੋਰਟ ਕੀਤੀ ਹੈ। ਮੈਨੂਫੈਕਚਰਿੰਗ ਯੂਨੀਅਨ ਨੇ ਦੱਸਿਆ ਕਿ ਐਪ ਵੱਲੋਂ ਟੈਸਟ ਅਤੇ ਟਰੇਸ ਕਾਰਨ ਸਟਾਫ਼ ਦੀ ਘਾਟ ਕਾਰਨ ਫੈਕਟਰੀਆਂ ਬੰਦ ਹੋਣ ਦੀ ਕਗਾਰ ‘ਤੇ ਹਨ।

ਇਸ ਤੋਂ ਪਹਿਲਾਂ ਸਿਹਤ ਸਕੱਤਰ ਸਾਜਿਦ ਜਾਵਿਦ ਵੱਲੋਂ ਕੋਵਿਡ ਐਪ ਵਿਚ ਸੁਧਾਰ ਕਰਨ ਦੀ ਗੱਲ ਕਹੀ ਗਈ ਸੀ, ਜਿਸ ਨਾਲ ਕਿ ਘੱਟ ਲੋਕਾਂ ਨੂੰ ਇਕਾਂਤਵਾਸ ਦੀ ਸੂਚਨਾ ਭੇਜੀ ਜਾ ਸਕੇ ਕਿਉਂਕਿ ਜ਼ਿਆਦਾਤਰ ਲੋਕਾਂ ਨੇ ਕੋਰੋਨਾ ਵੈਕਸੀਨ ਲਗਵਾ ਲਈ ਹੈ। ਇਸ ਦੇ ਇਲਾਵਾ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਕੋਵਿਡ ਕੇਸਾਂ ਦੇ ਸੰਪਰਕ ਵਿਚ ਰਹੇ ਲੋਕਾਂ ਲਈ ਪੂਰੀ ਤਰ੍ਹਾਂ ਟੀਕਾ ਲਗਵਾਉਣ ਦੀ ਸੂਰਤ ਵਿਚ 16 ਅਗਸਤ ਤੋਂ ਇਕਾਂਤਵਾਸ ਹੋਣ ਦੀ ਜ਼ਰੂਰਤ ਨਹੀਂ ਹੋਵੇਗੀ।


cherry

Content Editor

Related News