ਲੰਡਨ ਹੀਥਰੋ ਹਵਾਈ ਅੱਡੇ 'ਤੇ ਸ਼ੁਰੂ ਹੋਇਆ ਇਕ ਘੰਟੇ 'ਚ ਕੋਰੋਨਾ ਦਾ ਨਤੀਜਾ ਦੇਣ ਵਾਲਾ ਟੈਸਟ
Wednesday, Oct 21, 2020 - 08:05 AM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਵਿਚ ਹਵਾਈ ਸਫਰ ਪਹਿਲਾਂ ਵਾਂਗ ਹੌਲੀ-ਹੌਲੀ ਸ਼ੁਰੂ ਹੋ ਰਹੇ ਹਨ ਪਰ ਕੋਰੋਨਾ ਮਹਾਮਾਰੀ ਕਰਕੇ ਹਵਾਈ ਯਾਤਰਾ ਤੋਂ ਪਹਿਲਾਂ ਇਸ ਦੀ ਲਾਗ ਦਾ ਟੈਸਟ ਕਰਵਾਉਣਾ ਜ਼ਰੂਰੀ ਹੋ ਗਿਆ ਹੈ।
ਕਈ ਯਾਤਰੀਆਂ ਨੂੰ ਤੁਰੰਤ ਟੈਸਟ ਕਰਵਾਉਣ ਵਿਚ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮੱਸਿਆ ਦਾ ਹੱਲ ਹੁਣ ਹੀਥਰੋ ਹਵਾਈ ਅੱਡੇ 'ਤੇ ਹੋ ਗਿਆ ਹੈ। ਹੁਣ ਹੀਥਰੋ ਹਵਾਈ ਅੱਡੇ ਤੋਂ ਉਡਾਣ ਭਰਨ ਵਾਲੇ ਯਾਤਰੀ ਯੂ. ਕੇ. ਵਿਚ ਕੋਵਿਡ -19 ਲਈ ਟੈਸਟ ਕਰਵਾ ਸਕਣਗੇ ਪਰ ਇਸ ਲਈ ਉਨ੍ਹਾਂ ਨੂੰ ਭੁਗਤਾਨ ਵੀ ਕਰਨਾ ਪਏਗਾ ਜੋ ਕਿ ਪੌਂਡ 80 ਹੈ। ਇੱਕ ਘੰਟੇ ਵਿਚ ਵਾਇਰਸ ਦੀ ਲਾਗ ਦਾ ਨਤੀਜਾ ਦੇਣ ਵਾਲਾ ਇਹ ਨਵਾਂ ਪ੍ਰੀਖਣ ਮੰਗਲਵਾਰ (20 ਅਕਤੂਬਰ) ਨੂੰ ਸ਼ੁਰੂ ਹੋਇਆ ਹੈ ਅਤੇ ਸ਼ੁਰੂਆਤ ਵਿੱਚ ਹਾਂਗਕਾਂਗ ਅਤੇ ਇਟਲੀ ਜਾ ਰਹੇ ਲੋਕਾਂ ਨੂੰ ਇਸ ਦੀ ਪੇਸ਼ਕਸ਼ ਕੀਤੀ ਜਾਵੇਗੀ।
ਇਸ ਨਾਲ ਲੋਕ ਉਨ੍ਹਾਂ ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ, ਜਿੱਥੇ ਪਹੁੰਚਣ 'ਤੇ ਵਾਇਰਸ ਦੇ ਨਕਾਰਾਤਮਕ ਨਤੀਜੇ ਦੇ ਪ੍ਰਮਾਣ ਲਈ ਕਿਹਾ ਜਾਂਦਾ ਹੈ। ਇਹ ਟੈਸਟ ਇਕ ਘੰਟੇ ਵਿਚ ਨਤੀਜਾ ਦੇਣ ਦੇ ਯੋਗ ਹੈ ਅਤੇ ਐੱਨ. ਐੱਚ. ਐੱਸ. ਦੁਆਰਾ ਵਰਤੇ ਜਾਂਦੇ ਪੀ. ਸੀ. ਆਰ. ਟੈਸਟ ਨਾਲੋਂ ਵੀ ਤੇਜ਼ ਹੈ ਕਿਉਂਕਿ ਇਸ ਨੂੰ ਕਿਸੇ ਲੈਬਾਰਟਰੀ ਵਿਚ ਭੇਜਣ ਦੀ ਜ਼ਰੂਰਤ ਨਹੀਂ ਹੈ। ਫਿਲਹਾਲ ਇਹ ਟੈਸਟ ਹੀਥਰੋ ਹਵਾਈ ਅੱਡੇ ਦੇ ਟਰਮੀਨਲ 2 ਅਤੇ 5 ( ਜੋ ਇਸ ਸਮੇਂ ਖੁੱਲ੍ਹੇ ਹਨ) 'ਤੇ ਮੌਜੂਦ ਹੈ। ਇਸ ਟੈਸਟ ਦੀ ਸਹੂਲਤ ਬ੍ਰਿਟਿਸ਼ ਏਅਰਵੇਜ਼, ਵਰਜਿਨ ਐਟਲਾਂਟਿਕ ਅਤੇ ਕੈਥੇ ਪੈਸੀਫਿਕ ਏਅਰਲਾਈਨਜ਼ ਦੇ ਰਹੀਆਂ ਹਨ। ਇੰਨਾ ਹੀ ਨਹੀਂ ਇਹ ਯੂ. ਕੇ. ਵਿਚ ਆਉਣ ਵਾਲੇ ਮੁਸਾਫਰਾਂ ਨੂੰ ਵੀ ਇਕਾਂਤਵਾਸ ਹੋਣ ਤੋਂ ਬਚਾ ਕੇ ਲਾਭਦਾਇਕ ਸਿੱਧ ਹੋ ਸਕਦਾ ਹੈ।