ਯੂ. ਕੇ. : ਕਾਵੈਂਟਰੀ ’ਚ ਪੁਲਸ ਨੇ ਤੇਜ਼ਧਾਰ ਹਥਿਆਰਾਂ ਸਣੇ 1.5 ਮਿਲੀਅਨ ਪੌਂਡ ਦੀ ਭੰਗ ਕੀਤੀ ਜ਼ਬਤ
Friday, May 28, 2021 - 01:25 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਯੂ. ਕੇ. ਪੁਲਸ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ’ਚ ਲੱਖਾਂ ਪੌਂਡ ਦੇ ਭੰਗ ਦੇ ਪੌਦੇ ਜ਼ਬਤ ਕਰਕੇ ਸਫਲਤਾ ਪ੍ਰਾਪਤ ਕੀਤੀ ਗਈ ਹੈ। ਇਸ ਸਬੰਧੀ ਇੱਕ ਕਾਰਵਾਈ ਤਹਿਤ ਕਾਵੈਂਟਰੀ ਦੀ ਇੱਕ ਫੈਕਟਰੀ ’ਚ ਛਾਪੇਮਾਰੀ ਕਰ ਕੇ ਤੇਜ਼ਧਾਰ ਹਥਿਆਰਾਂ (ਚਾਰ ਚਾਕੂ ਅਤੇ ਇੱਕ ਬਰਛਾ) ਸਮੇਤ ਤਕਰੀਬਨ 1.5 ਮਿਲੀਅਨ ਪੌਂਡ ਦੀ ਭੰਗ ਜ਼ਬਤ ਕੀਤੀ ਹੈ। ਵੈਸਟ ਮਿਡਲੈਂਡਜ਼ ਪੁਲਸ ਨੇ ਕਾਵੈਂਟਰੀ ’ਚ ਛਾਪੇਮਾਰੀ ਦੌਰਾਨ ਲੱਗਭਗ 1,500 ਭੰਗ ਦੇ ਪੌਦੇ ਬਰਾਮਦ ਕੀਤੇ।
ਇਸ ਲਈ ਪੁਲਸ ਨੇ ਖੁਫੀਆ ਜਾਣਕਾਰੀ ’ਤੇ ਕਾਰਵਾਈ ਕੀਤੀ ਅਤੇ ਪਿਛਲੇ ਹਫਤੇ ਦੌਰਾਨ ਸ਼ਹਿਰ ਦੇ ਆਸ-ਪਾਸ ਇੱਕ ਦਰਜਨ ਦੇ ਕਰੀਬ ਜਾਇਦਾਦਾਂ 'ਤੇ ਛਾਪੇਮਾਰੀ ਕੀਤੀ, ਜਿਨ੍ਹਾਂ ’ਚ ਅਧਿਕਾਰੀਆਂ ਨੇ ਸੇਂਟ ਜਾਰਜ ਰੋਡ, ਮਾਰਲਬਰੋ ਰੋਡ, ਐਲਡਬਰਨ ਰੋਡ, ਵਿੰਡਮਿਲ ਰੋਡ, ਮਾਰਲਸਟਨ ਵਾਕ, ਫ੍ਰੀਮੈਨ ਸਟ੍ਰੀਟ ਅਤੇ ਵਿੰਚੈਸਟਰ ਸਟ੍ਰੀਟ ਦੀਆਂ ਜਾਇਦਾਦਾਂ 'ਤੇ ਛਾਪੇ ਮਾਰੇ। ਇਸ ਛਾਪੇਮਾਰੀ ’ਚ ਪੁਲਸ ਨੇ 21 ਅਤੇ 42 ਸਾਲ ਦੀ ਉਮਰ ਦੇ ਚਾਰ ਵਿਦੇਸ਼ੀ ਨਾਗਰਿਕਾਂ ਨੂੰ ਭੰਗ ਦੀ ਕਾਸ਼ਤ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।