ਖੈਬਰ ਪਖਤੂਨਖਵਾ ''ਚ ਚੈੱਕ ਪੋਸਟ ''ਤੇ ਹਮਲਾ, ਮਾਰੇ ਗਏ 2 ਪੁਲਸ ਮੁਲਾਜ਼ਮ
Tuesday, Dec 31, 2024 - 05:03 PM (IST)
ਪੇਸ਼ਾਵਰ (ਏਜੰਸੀ)- ਪਾਕਿਸਤਾਨ ਦੇ ਅਸ਼ਾਂਤ ਉੱਤਰੀ-ਪੱਛਮੀ ਖੈਬਰ ਪਖਤੂਨਖਵਾ ਸੂਬੇ ਵਿਚ ਮੰਗਲਵਾਰ ਤੜਕੇ ਅਣਪਛਾਤੇ ਹਮਲਾਵਰਾਂ ਵਲੋਂ ਕੀਤੇ ਗਏ ਹਮਲੇ ਵਿਚ 2 ਪੁਲਸ ਮੁਲਾਜ਼ਮ ਮਾਰੇ ਗਏ ਅਤੇ ਇਕ ਹੋਰ ਜ਼ਖਮੀ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ ਇਹ ਹਮਲਾ ਡੇਰਾ ਇਸਮਾਈਲ ਖ਼ਾਨ ਜ਼ਿਲ੍ਹੇ ਦੇ ਦਰਬਾਨ ਕਲਾਂ ਵਿੱਚ ਹੋਇਆ, ਜੋ ਕਿ ਦੱਖਣੀ ਵਜ਼ੀਰਿਸਤਾਨ ਦੀ ਸਰਹੱਦ ਨਾਲ ਲੱਗਦਾ ਹੈ। ਹਮਲੇ ਤੋਂ ਬਾਅਦ ਅਣਪਛਾਤੇ ਹਮਲਾਵਰ ਫਰਾਰ ਹੋ ਗਏ। ਪੁਲਸ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ (ਟੀਟੀਪੀ) ਦੇ ਵੱਖ ਹੋਏ ਸਮੂਹ ਦਰਬਨ ਖੇਤਰ ਵਿੱਚ ਬਹੁਤ ਸਰਗਰਮ ਹਨ ਅਤੇ ਅਕਸਰ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਕਈ ਚਸ਼ਮਦੀਦਾਂ ਅਨੁਸਾਰ ਤਾਲਿਬਾਨੀ ਲੜਾਕੇ ਆਮ ਤੌਰ 'ਤੇ ਸ਼ਾਮ ਨੂੰ ਜ਼ਿਲ੍ਹੇ ਦੀਆਂ ਸੜਕਾਂ 'ਤੇ ਕਬਜ਼ਾ ਕਰ ਲੈਂਦੇ ਹਨ ਅਤੇ ਸੜਕਾਂ 'ਤੇ ਵਾਹਨਾਂ ਦੀ ਚੈਕਿੰਗ ਸ਼ੁਰੂ ਕਰ ਦਿੰਦੇ ਹਨ। ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਅਲੀ ਅਮੀਨ ਗੰਡਾਪੁਰ ਨੇ ਚੈੱਕ ਪੋਸਟ 'ਤੇ ਹਮਲੇ ਦੀ ਨਿੰਦਾ ਕੀਤੀ ਅਤੇ ਪੁਲਸ ਨੂੰ ਹਮਲੇ 'ਚ ਸ਼ਾਮਲ ਲੋਕਾਂ ਨੂੰ ਗ੍ਰਿਫਤਾਰ ਕਰਨ ਲਈ ਤੁਰੰਤ ਕਾਰਵਾਈ ਕਰਨ ਲਈ ਕਿਹਾ।
ਮੁੱਖ ਮੰਤਰੀ ਨੇ ਇੱਕ ਅਧਿਕਾਰੀ ਸਮੇਤ ਦੋ ਪੁਲਸ ਮੁਲਾਜ਼ਮਾਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਖੈਬਰ ਪਖਤੂਨਖਵਾ ਦੇ ਗਵਰਨਰ ਫੈਜ਼ਲ ਕਰੀਮ ਕੁੰਦੀ ਨੇ ਵੀ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਸੋਗ ਪ੍ਰਗਟ ਕੀਤਾ ਹੈ। ਸੋਮਵਾਰ ਨੂੰ ਜਾਰੀ ਇੱਕ ਅਧਿਕਾਰਤ ਰਿਪੋਰਟ ਦੇ ਅਨੁਸਾਰ, ਖੈਬਰ ਪਖਤੂਨਖਵਾ ਵਿੱਚ ਸੁਰੱਖਿਆ ਬਲਾਂ ਨੇ 2024 ਵਿੱਚ 270 ਅੱਤਵਾਦੀਆਂ ਨੂੰ ਮਾਰ ਦਿੱਤਾ, ਜਿਨ੍ਹਾਂ ਵਿੱਚ ਇਨਾਮੀ ਅੱਤਵਾਦੀ ਵੀ ਸ਼ਾਮਲ ਸਨ। ਸੂਬਾਈ ਸੂਚਨਾ ਡਾਇਰੈਕਟੋਰੇਟ ਵੱਲੋਂ ਜਾਰੀ ਪੁਲਸ ਵਿਭਾਗ ਦੀ ਰਿਪੋਰਟ ਅਨੁਸਾਰ ਸੂਬਾਈ ਪੁਲਸ ਨੇ ਮੁਹਿੰਮ ਦੌਰਾਨ 802 ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਸਾਲ ਡਿਊਟੀ ਦੌਰਾਨ 149 ਪੁਲਸ ਅਧਿਕਾਰੀ ਮਾਰੇ ਗਏ ਅਤੇ 232 ਜ਼ਖਮੀ ਹੋਏ।