ਟਰੰਪ ਨੇ ਆਪਣੀ ਤਨਖਾਹ ਦਾ ਇਕ ਚੌਥਾਈ ਹਿੱਸਾ ਕੀਤਾ ਦਾਨ

02/14/2018 10:26:44 AM

ਵਾਸ਼ਿੰਗਟਨ (ਬਿਊਰੋ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਨੀਤੀਆਂ ਕਾਰਨ ਚਰਚਾ ਵਿਚ ਰਹਿੰਦੇ ਹਨ। ਇਨੀ ਦਿਨੀਂ ਟਰੰਪ ਆਪਣੀ ਤਨਖਾਹ ਦਾਨ ਕਰਨ ਕਾਰਨ ਚਰਚਾ ਵਿਚ ਹਨ। ਟਰੰਪ ਨੇ ਆਪਣੀ ਤਨਖਾਹ ਦਾ ਇਕ ਚੌਥਾਈ ਹਿੱਸਾ ਦਾਨ ਵਿਚ ਦੇ ਦਿੱਤਾ ਹੈ। ਟਰੰਪ ਸਾਲ 2017 ਦੀ ਆਪਣੀ ਤਨਖਾਹ ਦਾ ਇਹ ਇਕ ਚੌਥਾਈ ਹਿੱਸਾ ਦੇਸ਼ ਵਿਚ ਬੁਨਿਆਦੀ ਢਾਂਚਿਆਂ ਦੇ ਨਿਰਮਾਣ ਲਈ ਆਵਾਜਾਈ ਵਿਭਾਗ ਨੂੰ ਦੇਣਗੇ। ਟਰੰਪ ਨੇ ਮੰਗਲਵਾਰ ਨੂੰ ਟੁੱਟਦੀਆਂ ਹੋਈਆਂ ਸੜਕਾਂ, ਪੁਲਾਂ ਅਤੇ ਬੰਦਰਗਾਹਾਂ ਦੀ ਮੁੜ ਉਸਾਰੀ ਦੀ ਯੋਜਨਾ ਦਾ ਐਲਾਨ ਕੀਤਾ ਸੀ। ਇਸ ਦੇ ਇਕ ਦਿਨ ਬਾਅਦ ਹੀ ਵ੍ਹਾਈਟ ਹਾਊਸ ਦੇ ਪੱਤਰਕਾਰਾਂ ਦੇ ਕਮਰੇ ਵਿਚ ਉਨ੍ਹਾਂ ਦੀ ਤਨਖਾਹ ਦਾ ਇਕ ਚੌਥਾਈ ਹਿੱਸਾ ਦਾਨ ਵਿਚ ਦੇਣ ਦਾ ਐਲਾਨ ਕੀਤਾ ਗਿਆ। 
ਆਵਾਜਾਈ ਸਕੱਤਰ ਇਲੇਨ ਚਾਓ ਨੇ 1,00,000 ਡਾਲਰ ਦੀ ਰਾਸ਼ੀ ਦਾ ਚੈੱਕ ਸਵੀਕਾਰ ਕਰ ਲਿਆ ਹੈ। ਆਵਾਜਾਈ ਵਿਭਾਗ ਦੀ ਮੰਤਰੀ ਇਲੇਨ ਨੇ ਕਿਹਾ ਕਿ ਇਸ ਰਾਸ਼ੀ ਦੀ ਵਰਤੋਂ ਮਹੱਤਵਪੂਰਣ ਬੁਨਿਆਦੀ ਪ੍ਰੋਜੈਕਟਾਂ ਨਾਲ ਸੰਬੰਧਿਤ ਪ੍ਰੋਗਰਾਮਾਂ ਲਈ ਕੀਤੀ ਜਾਵੇਗੀ। ਰਾਸ਼ਟਰਪਤੀ ਇਸ ਤੋਂ ਪਹਿਲਾਂ ਵੀ ਆਪਣੀ ਤਨਖਾਹ ਸਿਹਤ ਅਤੇ ਮਨੁੱਖੀ ਸੇਵਾ ਵਿਭਾਗ, ਰਾਸ਼ਟਰੀ ਪਾਰਕ ਸੇਵਾ ਅਤੇ ਸਿੱਖਿਆ ਵਿਭਾਗ ਨੂੰ ਦਾਨ ਦੇ ਚੁੱਕੇ ਹਨ। ਵਰਨਣਯੋਗ ਹੈ ਕਿ ਚੋਣਾਂ ਵਿਚ ਉਮੀਦਵਾਰ ਦੇ ਤੌਰ ਤੇ ਟਰੰਪ ਨੇ ਆਪਣੀ ਤਨਖਾਹ ਨਾ ਲੈਣ ਦਾ ਸੰਕਲਪ ਲਿਆ ਸੀ। ਕਾਨੂੰਨ ਮੁਤਾਬਕ ਉਨ੍ਹਾਂ ਨੂੰ ਤਨਖਾਹ ਲੈਣੀ ਜ਼ਰੂਰੀ ਹੈ। ਉਨ੍ਹਾਂ ਦੀ ਸਾਲਾਨਾ ਤਨਖਾਹ 4,00,000 ਡਾਲਰ ਹੈ। ਇਸ ਲਈ ਉਹ ਆਪਣੀ ਤਨਖਾਹ ਦਾਨ ਕਰ ਰਹੇ ਹਨ।


Related News