ਟਰੂਡੋ ਨੇ ਗੁਰੂ ਨਾਨਕ ਫੂਡ ਬੈਂਕ ਦਾ ਕੀਤਾ ਦੌਰਾ, ਸਿੱਖ ਭਾਈਚਾਰੇ ਦੀ ਕੀਤੀ ਸ਼ਲਾਘਾ (ਤਸਵੀਰਾਂ)
Thursday, May 26, 2022 - 10:12 AM (IST)
ਟੋਰਾਂਟੋ (ਬਿਊਰੋ): ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਸਰੀ ਸਥਿਤ ਗੁਰੂ ਨਾਨਕ ਫੂਡ ਬੈਂਕ ਦਾ ਦੌਰਾ ਕੀਤਾ। ਇਸ ਦੌਰਾਨ ਜਿੱਥੇ ਟਰੂਡੋ ਨੇ ਗੁਰੂ ਨਾਨਕ ਫੂਡ ਬੈਂਕ ਵੱਲੋਂ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ, ਉੱਥੇ ਕੁਝ ਬਕਸੇ ਪੈਕ ਕਰਨ ਲਈ ਵੀ ਸਮਾਂ ਕੱਢਿਆ।ਟਰੂਡੋ ਨੇ ਫੂਡ ਬੈਂਕ ਦੇ ਲੋਕਾਂ ਦਾ ਧੰਨਵਾਦ ਕੀਤਾ ਜੋ ਹਰ ਮਹੀਨੇ ਸੈਂਕੜੇ ਲੋਕਾਂ ਦੀ ਨਿਰਸਵਾਰਥ ਭਾਵਨਾ ਨਾਲ ਸਹਾਇਤਾ ਕਰਦੇ ਹਨ।ਟਰੂਡੋ ਨੇ ਪਰਿਵਾਰਾਂ ਨੂੰ ਭੋਜਨ, ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਪਲਾਈ, ਸਿੰਗਲ ਮਾਵਾਂ ਨੂੰ ਡਾਇਪਰ ਦੇ ਨਾਲ, ਹੋਰ ਚੀਜ਼ਾਂ ਦੇ ਨਾਲ ਪ੍ਰਦਾਨ ਕਰਨ ਦੇ ਉਹਨਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਟਰੂਡੋ ਨੇ ਟਵਿੱਟਰ 'ਤੇ ਟੀਮ ਦੀ ਪ੍ਰਸ਼ੰਸਾ ਕੀਤੀ ਅਤੇ ਲਿਖਿਆ: “ਹਰ ਮਹੀਨੇ, @GNFBSurrey ਸੈਂਕੜੇ ਲੋਕਾਂ ਦੀ ਸਹਾਇਤਾ ਕਰਦਾ ਹੈ - ਪਰਿਵਾਰਾਂ ਨੂੰ ਭੋਜਨ ਪ੍ਰਦਾਨ ਕਰਦਾ ਹੈ, ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਪਲਾਈ ਦਿੰਦਾ ਹੈ, ਇਕੱਲੀਆਂ ਮਾਵਾਂ ਨੂੰ ਡਾਇਪਰ ਦੇ ਨਾਲ, ਅਤੇ ਹੋਰ ਬਹੁਤ ਕੁਝ। ਅਸੀਂ ਅੱਜ ਕੁਝ ਬਕਸੇ ਪੈਕ ਕਰਨ ਵਿੱਚ ਮਦਦ ਕਰਨ ਲਈ ਅਤੇ ਉਹਨਾਂ ਦੇ ਕੰਮ ਲਈ ਉਹਨਾਂ ਦਾ ਧੰਨਵਾਦ ਕਰਨ ਲਈ ਅੱਜ ਇੱਥੇ ਰੁੱਕ ਗਏ। ਉਨ੍ਹਾਂ ਕੋਲ ਕਿੰਨੀ ਸ਼ਾਨਦਾਰ ਟੀਮ ਹੈ।'' ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਪਹਿਲੀ ਜੁਲਾਈ 2020 ਨੂੰ ਸਥਾਪਿਤ ਗੁਰੂ ਨਾਨਕ ਫੂਡ ਬੈਂਕ ਕੈਨੇਡਾ ਵਿਚ ਸਿੱਖਾਂ ਦਾ ਪਹਿਲਾ ਫੂਡ ਬੈਂਕ ਹੈ, ਜਿੱਥੇ ਲੋੜਵੰਦਾਂ ਲਈ ਹਰ ਸਮੇਂ ਦਰਵਾਜ਼ੇ ਖੁੱਲ੍ਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਅਲਫਾ ਅਕੈਡਮੀ ਦੇ ਬਾਹਰ ਭਾਰਤੀ ਵਿਦਿਆਰਥੀਆਂ ਨੇ ਕੀਤਾ ਪ੍ਰਦਰਸ਼ਨ (ਤਸਵੀਰਾਂ)
ਬੀਤੇ ਸਾਲ ਬ੍ਰਿਟਿਸ਼ ਕੋਲੰਬੀਆ ਵਿਚ ਆਏ ਹੜ੍ਹਾਂ ਦੌਰਾਨ ਇਸ ਫੂਡ ਬੈਂਕ ਦੇ ਸੇਵਾਦਾਰਾਂ ਵੱਲੋਂ ਹਜ਼ਾਰਾਂ ਲੋਕਾਂ ਤੱਕ ਮੁਫ਼ਤ ਰਾਸ਼ਨ ਪਹੁੰਚਾਇਆ ਗਿਆ ਸੀ। ਗੁਰੂ ਨਾਨਕ ਫੂਡ ਬੈਂਕ ਦੇ ਚੇਅਰਮੈਨ ਗਿਆਨੀ ਨਰਿੰਦਰ ਸਿੰਘ ਵਾਲੀਆ ਨੇ ਦੱਸਿਆ ਕਿ ਹਰ ਮਹੀਨੇ 2900 ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਦਿੱਤਾ ਜਾ ਰਿਹਾ ਹੈ ਅਤੇ ਬੀਤੇ ਪੌਣੇ ਦੋ ਸਾਲਾਂ ਵਿਚ 9 ਹਜ਼ਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਬਿਸਤਰੇ ਦਿੱਤੇ ਗਏ ਹਨ। ਇਸ ਮੌਕੇ ਟਰੂਡੋ ਨਾਲ ਸੰਸਦ ਮੈਂਬਰ ਸੁੱਖ ਧਾਲੀਵਾਲ, ਰਣਦੀਪ ਸਿੰਘ ਸਰਾਏ, ਕਿਨ ਹਾਰਡੀ, ਜ਼ੋਨ ਐਲਡਰ ਤੇ ਗੁਰੂ ਨਾਨਕ ਫੂਡ ਬੈਂਕ ਦੇ ਡਾਇਰੈਕਟਰ ਨੀਰਜ ਵਾਲੀਆ ਵੀ ਹਾਜ਼ਰ ਸਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।