ਕੈਨੇਡਾ ''ਚ ਕੋਰੋਨਾ ਟੀਕਾਕਰਨ ਦੀ ਗਤੀ ਹੋਈ ਹੌਲੀ, ਟਰੂਡੋ ਨੇ ਫਾਈਜ਼ਰ ਦੇ CEO ਨਾਲ ਕੀਤੀ ਗੱਲ
Friday, Jan 22, 2021 - 12:58 PM (IST)
ਓਟਾਵਾ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਫਾਈਜ਼ਰ ਦੇ ਸੀ. ਈ. ਓ. ਐਲਬਰਟ ਬੋਉਰਲਾ ਨਾਲ ਫੋਨ 'ਤੇ ਟੀਕਿਆਂ ਦੀ ਖੇਪ ਭੇਜਣ ਵਿਚ ਦੇਰੀ ਸਬੰਧੀ ਗੱਲਬਾਤ ਕੀਤੀ। ਸੂਤਰਾਂ ਮੁਤਾਬਕ ਟਰੂਡੋ ਨੇ ਐਲਬਰਟ ਬੋਉਰਲਾ ਨੂੰ ਜਾਣੂ ਕਰਵਾਇਆ ਕਿ ਕੋਰੋਨਾ ਟੀਕਿਆਂ ਦੀ ਖੇਪ ਭੇਜਣ ਵਿਚ ਹੋ ਰਹੀ ਦੇਰੀ ਕਾਰਨ ਕੈਨੇਡਾ ਨੂੰ ਭਾਰੀ ਨੁਕਸਾਨ ਉਠਾਉਣਾ ਪੈ ਸਕਦਾ ਹੈ ਅਤੇ ਇਸ ਨਾਲ ਸਥਿਤੀ ਬਹੁਤ ਖ਼ਰਾਬ ਹੋ ਸਕਦੀ ਹੈ।
ਮੇਜਰ ਜਨਰਲ ਡੈਨੀ ਫੋਰਟਿਨ ਜੋ ਕਿ ਕੈਨੇਡਾ ਸਿਹਤ ਏਜੰਸੀ ਲਈ ਕੋਰੋਨਾ ਟੀਕਿਆਂ ਸਬੰਧੀ ਜ਼ਿੰਮੇਵਾਰੀ ਸੰਭਾਲ ਰਹੇ ਹਨ, ਨੇ ਦੱਸਿਆ ਕਿ ਪਿਛਲੇ ਹਫ਼ਤੇ ਤੋਂ ਫਾਈਜ਼ਰ ਦੇ ਬੈਲਜੀਅਮ ਵਾਲੇ ਪਲਾਂਟ ਵਿਚ ਕੋਰੋਨਾ ਟੀਕਿਆਂ ਦੇ ਉਤਪਾਦਨ ਦੀ ਗਤੀ ਹੌਲੀ ਹੋਣ ਕਾਰਨ ਕੈਨੇਡਾ ਨੂੰ ਕੋਰੋਨਾ ਟੀਕਿਆਂ ਦੀ ਖੁਰਾਕ ਅੱਧੀ ਮਿਲ ਰਹੀ ਹੈ। ਹਾਲਾਂਕਿ ਫਾਈਜ਼ਰ ਦੀ ਵਿਸ਼ਵਭਰ ਵਿਚ ਸੈਂਕੜੇ ਮਿਲੀਅਨ ਕੋਰੋਨਾ ਟੀਕੇ ਭੇਜਣ ਦੀ ਯੋਜਨਾ ਹੈ।
ਮੰਗਲਵਾਰ ਨੂੰ ਫੋਰਟਿਨ ਨੇ ਦੱਸਿਆ ਸੀ ਕਿ ਕੈਨੇਡਾ ਨੂੰ ਇਸ ਹਫ਼ਤੇ ਪਹਿਲਾਂ ਨਾਲੋਂ ਘੱਟ ਕੋਰੋਨਾ ਖੁਰਾਕਾਂ ਮਿਲ ਸਕਣਗੀਆਂ। ਇਸ ਦਾ ਨਤੀਜਾ ਇਹ ਹੋਇਆ ਹੈ ਕਿ ਕੈਨੇਡਾ ਦੇ ਕਈ ਸ਼ਹਿਰਾਂ ਵਿਚ ਕੋਰੋਨਾ ਟੀਕਾਕਰਨ ਮੁਹਿੰਮ ਰੁਕ ਗਈ ਹੈ। ਇਸ ਕਾਰਨ ਲੋਕਾਂ ਵਿਚ ਗੁੱਸਾ ਵੀ ਹੈ। ਵਿਰੋਧੀ ਪਾਰਟੀਆਂ ਵਲੋਂ ਵੀ ਟਰੂਡੋ ਸਰਕਾਰ ਉੱਤੇ ਦਬਾਅ ਬਣਾਇਆ ਜਾ ਰਿਹਾ ਹੈ। ਆਸ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਟੀਕਿਆਂ ਦੀ ਵੱਡੀ ਖੇਪ ਕੈਨੇਡਾ ਮਿਲੇ ਤੇ ਟੀਕਾਕਰਨ ਮੁਹਿੰਮ ਗਤੀ ਫੜ ਸਕੇ।